ਦੂਜਾ ਰਾਜਿਆਂ
21 ਮਨੱਸ਼ਹ+ 12 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 55 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+ ਉਸ ਦੀ ਮਾਤਾ ਦਾ ਨਾਂ ਹਫਸੀਬਾਹ ਸੀ। 2 ਉਸ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ। ਉਸ ਨੇ ਉਨ੍ਹਾਂ ਕੌਮਾਂ ਵਰਗੇ ਘਿਣਾਉਣੇ ਕੰਮ ਕੀਤੇ+ ਜਿਨ੍ਹਾਂ ਨੂੰ ਯਹੋਵਾਹ ਨੇ ਇਜ਼ਰਾਈਲ ਦੇ ਲੋਕਾਂ ਅੱਗੋਂ ਭਜਾ ਦਿੱਤਾ ਸੀ।+ 3 ਉਸ ਨੇ ਉਨ੍ਹਾਂ ਸਾਰੀਆਂ ਉੱਚੀਆਂ ਥਾਵਾਂ ਨੂੰ ਦੁਬਾਰਾ ਬਣਾਇਆ ਜਿਨ੍ਹਾਂ ਨੂੰ ਉਸ ਦੇ ਪਿਤਾ ਹਿਜ਼ਕੀਯਾਹ ਨੇ ਢਾਹ ਦਿੱਤਾ ਸੀ+ ਅਤੇ ਉਸ ਨੇ ਬਆਲ ਲਈ ਵੇਦੀਆਂ ਬਣਾਈਆਂ ਅਤੇ ਇਕ ਪੂਜਾ-ਖੰਭਾ* ਖੜ੍ਹਾ ਕੀਤਾ,+ ਠੀਕ ਜਿਵੇਂ ਇਜ਼ਰਾਈਲ ਦੇ ਰਾਜੇ ਅਹਾਬ ਨੇ ਕੀਤਾ ਸੀ।+ ਉਸ ਨੇ ਆਕਾਸ਼ ਦੀ ਸਾਰੀ ਫ਼ੌਜ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਭਗਤੀ ਕੀਤੀ।+ 4 ਉਸ ਨੇ ਯਹੋਵਾਹ ਦੇ ਭਵਨ ਵਿਚ ਵੀ ਵੇਦੀਆਂ ਬਣਾਈਆਂ+ ਜਿਸ ਬਾਰੇ ਯਹੋਵਾਹ ਨੇ ਕਿਹਾ ਸੀ: “ਮੈਂ ਆਪਣਾ ਨਾਂ ਯਰੂਸ਼ਲਮ ਵਿਚ ਰੱਖਾਂਗਾ।”+ 5 ਅਤੇ ਉਸ ਨੇ ਯਹੋਵਾਹ ਦੇ ਭਵਨ ਦੇ ਦੋ ਵਿਹੜਿਆਂ ਵਿਚ+ ਆਕਾਸ਼ ਦੀ ਸਾਰੀ ਫ਼ੌਜ ਲਈ ਵੇਦੀਆਂ ਬਣਾਈਆਂ।+ 6 ਉਸ ਨੇ ਆਪਣੇ ਪੁੱਤਰ ਦੀ ਅੱਗ ਵਿਚ ਬਲ਼ੀ ਦਿੱਤੀ;* ਉਹ ਜਾਦੂਗਰੀ ਕਰਦਾ ਸੀ, ਸ਼ੁੱਭ-ਅਸ਼ੁੱਭ ਵਿਚਾਰਦਾ* ਸੀ+ ਅਤੇ ਉਸ ਨੇ ਚੇਲੇ-ਚਾਂਟਿਆਂ* ਤੇ ਭਵਿੱਖ ਦੱਸਣ ਵਾਲਿਆਂ ਨੂੰ ਠਹਿਰਾਇਆ।+ ਉਸ ਨੇ ਅਜਿਹੇ ਕੰਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ। ਇਸ ਤਰ੍ਹਾਂ ਉਸ ਨੇ ਉਸ ਦਾ ਕ੍ਰੋਧ ਭੜਕਾਇਆ।
7 ਉਸ ਨੇ ਪੂਜਾ-ਖੰਭੇ*+ ਦੀ ਜਿਹੜੀ ਘੜੀ ਹੋਈ ਮੂਰਤ ਬਣਾਈ ਸੀ, ਉਸ ਨੂੰ ਉਸ ਭਵਨ ਵਿਚ ਰੱਖਿਆ ਜਿਸ ਬਾਰੇ ਯਹੋਵਾਹ ਨੇ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਨੂੰ ਕਿਹਾ ਸੀ: “ਮੈਂ ਆਪਣਾ ਨਾਂ ਸਦਾ ਲਈ ਇਸ ਭਵਨ ਵਿਚ ਅਤੇ ਯਰੂਸ਼ਲਮ ਵਿਚ ਰੱਖਾਂਗਾ ਜਿਸ ਨੂੰ ਮੈਂ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਹੈ।+ 8 ਮੈਂ ਫਿਰ ਕਦੇ ਵੀ ਇਜ਼ਰਾਈਲ ਦੇ ਪੈਰਾਂ ਨੂੰ ਉਸ ਦੇਸ਼ ਵਿੱਚੋਂ ਭਟਕਣ ਨਹੀਂ ਦਿਆਂਗਾ ਜੋ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ,+ ਬਸ਼ਰਤੇ ਕਿ ਉਹ ਧਿਆਨ ਨਾਲ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਹੈ,+ ਹਾਂ, ਉਸ ਪੂਰੇ ਕਾਨੂੰਨ ਦੀ ਜਿਸ ਦੀ ਪਾਲਣਾ ਕਰਨ ਦਾ ਹੁਕਮ ਮੇਰੇ ਸੇਵਕ ਮੂਸਾ ਨੇ ਉਨ੍ਹਾਂ ਨੂੰ ਦਿੱਤਾ ਸੀ।” 9 ਪਰ ਉਨ੍ਹਾਂ ਨੇ ਕਹਿਣਾ ਨਾ ਮੰਨਿਆ ਅਤੇ ਮਨੱਸ਼ਹ ਉਨ੍ਹਾਂ ਨੂੰ ਗੁਮਰਾਹ ਕਰਦਾ ਰਿਹਾ ਅਤੇ ਉਨ੍ਹਾਂ ਤੋਂ ਉਨ੍ਹਾਂ ਕੌਮਾਂ ਨਾਲੋਂ ਵੀ ਜ਼ਿਆਦਾ ਭੈੜੇ ਕੰਮ ਕਰਾਏ ਜਿਨ੍ਹਾਂ ਦਾ ਯਹੋਵਾਹ ਨੇ ਇਜ਼ਰਾਈਲੀਆਂ ਅੱਗੋਂ ਨਾਮੋ-ਨਿਸ਼ਾਨ ਮਿਟਾ ਦਿੱਤਾ ਸੀ।+
10 ਯਹੋਵਾਹ ਆਪਣੇ ਸੇਵਕ ਨਬੀਆਂ ਰਾਹੀਂ ਇਹ ਦੱਸਦਾ ਰਿਹਾ:+ 11 “ਯਹੂਦਾਹ ਦੇ ਰਾਜਾ ਮਨੱਸ਼ਹ ਨੇ ਇਹ ਸਾਰੇ ਘਿਣਾਉਣੇ ਕੰਮ ਕੀਤੇ ਹਨ; ਉਸ ਨੇ ਆਪਣੇ ਤੋਂ ਪਹਿਲਾਂ+ ਦੇ ਸਾਰੇ ਅਮੋਰੀਆਂ+ ਨਾਲੋਂ ਵੀ ਜ਼ਿਆਦਾ ਦੁਸ਼ਟਤਾ ਦੇ ਕੰਮ ਕੀਤੇ ਹਨ ਅਤੇ ਉਸ ਨੇ ਆਪਣੀਆਂ ਘਿਣਾਉਣੀਆਂ ਮੂਰਤਾਂ* ਨਾਲ ਯਹੂਦਾਹ ਕੋਲੋਂ ਪਾਪ ਕਰਾਇਆ। 12 ਇਸ ਲਈ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਮੈਂ ਯਰੂਸ਼ਲਮ ਅਤੇ ਯਹੂਦਾਹ ਉੱਤੇ ਅਜਿਹੀ ਬਿਪਤਾ ਲਿਆਉਣ ਜਾ ਰਿਹਾ ਹਾਂ+ ਜਿਸ ਬਾਰੇ ਜਿਹੜਾ ਵੀ ਸੁਣੇਗਾ, ਉਸ ਦੇ ਦੋਵੇਂ ਕੰਨ ਸਾਂ-ਸਾਂ ਕਰਨਗੇ।+ 13 ਮੈਂ ਯਰੂਸ਼ਲਮ ਨੂੰ ਉਸ ਰੱਸੀ* ਨਾਲ ਨਾਪਾਂਗਾ+ ਜਿਸ ਨਾਲ ਸਾਮਰਿਯਾ ਨੂੰ ਨਾਪਿਆ ਗਿਆ ਸੀ+ ਅਤੇ ਉਹ ਸਾਹਲ* ਵਰਤਾਂਗਾ ਜੋ ਅਹਾਬ+ ਦੇ ਘਰਾਣੇ ਲਈ ਵਰਤਿਆ ਗਿਆ ਸੀ ਅਤੇ ਮੈਂ ਯਰੂਸ਼ਲਮ ਦਾ ਇਸ ਤਰ੍ਹਾਂ ਸਫ਼ਾਇਆ ਕਰਾਂਗਾ ਜਿਵੇਂ ਕੋਈ ਕੌਲੀ ਪੂੰਝ ਦਿੰਦਾ ਹੈ ਅਤੇ ਪੂੰਝ ਕੇ ਮੂਧੀ ਮਾਰ ਦਿੰਦਾ ਹੈ।+ 14 ਮੈਂ ਆਪਣੀ ਵਿਰਾਸਤ ਦੇ ਬਚੇ ਹੋਏ ਲੋਕਾਂ ਨੂੰ ਤਿਆਗ ਦਿਆਂਗਾ+ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿਆਂਗਾ ਅਤੇ ਉਹ ਆਪਣੇ ਸਾਰੇ ਦੁਸ਼ਮਣਾਂ ਲਈ ਲੁੱਟ ਦਾ ਮਾਲ ਹੋਣਗੇ+ 15 ਕਿਉਂਕਿ ਉਨ੍ਹਾਂ ਨੇ ਉਹੀ ਕੀਤਾ ਜੋ ਮੇਰੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਉਹ ਆਪਣੇ ਪਿਉ-ਦਾਦਿਆਂ ਦੇ ਮਿਸਰ ਵਿੱਚੋਂ ਨਿਕਲਣ ਦੇ ਦਿਨ ਤੋਂ ਲੈ ਕੇ ਅੱਜ ਤਕ ਮੇਰਾ ਗੁੱਸਾ ਭੜਕਾਉਂਦੇ ਆਏ ਹਨ।’”+
16 ਮਨੱਸ਼ਹ ਨੇ ਯਹੂਦਾਹ ਕੋਲੋਂ ਪਾਪ ਕਰਾਇਆ ਯਾਨੀ ਉਨ੍ਹਾਂ ਤੋਂ ਉਹ ਕੰਮ ਕਰਾਏ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ। ਇਸ ਪਾਪ ਤੋਂ ਇਲਾਵਾ, ਉਹ ਬੇਕਸੂਰਾਂ ਦਾ ਬੇਹਿਸਾਬਾ ਖ਼ੂਨ ਵਹਾਉਂਦਾ ਰਿਹਾ ਜਦੋਂ ਤਕ ਉਸ ਨੇ ਯਰੂਸ਼ਲਮ ਨੂੰ ਇਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤਕ ਭਰ ਨਹੀਂ ਦਿੱਤਾ।+ 17 ਮਨੱਸ਼ਹ ਦੀ ਬਾਕੀ ਕਹਾਣੀ, ਉਸ ਦੇ ਸਾਰੇ ਕੰਮਾਂ ਅਤੇ ਉਸ ਦੇ ਪਾਪਾਂ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 18 ਫਿਰ ਮਨੱਸ਼ਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਸ ਨੂੰ ਉਸ ਦੇ ਮਹਿਲ ਦੇ ਬਾਗ਼ ਵਿਚ, ਹਾਂ, ਉਜ਼ਾ ਦੇ ਬਾਗ਼ ਵਿਚ ਦਫ਼ਨਾ ਦਿੱਤਾ ਗਿਆ;+ ਅਤੇ ਉਸ ਦਾ ਪੁੱਤਰ ਆਮੋਨ ਉਸ ਦੀ ਜਗ੍ਹਾ ਰਾਜਾ ਬਣ ਗਿਆ।
19 ਆਮੋਨ+ 22 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਦੋ ਸਾਲ ਯਰੂਸ਼ਲਮ ਵਿਚ ਰਾਜ ਕੀਤਾ।+ ਉਸ ਦੀ ਮਾਤਾ ਦਾ ਨਾਂ ਮਸ਼ੁੱਲਮਥ ਸੀ ਜੋ ਯਾਟਬਾਹ ਦੇ ਰਹਿਣ ਵਾਲੇ ਹਾਰੂਸ ਦੀ ਧੀ ਸੀ। 20 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ, ਠੀਕ ਜਿਵੇਂ ਉਸ ਦੇ ਪਿਤਾ ਮਨੱਸ਼ਹ ਨੇ ਕੀਤਾ ਸੀ।+ 21 ਉਹ ਉਨ੍ਹਾਂ ਸਾਰੇ ਰਾਹਾਂ ʼਤੇ ਚੱਲਦਾ ਰਿਹਾ ਜਿਨ੍ਹਾਂ ʼਤੇ ਉਸ ਦਾ ਪਿਤਾ ਚੱਲਿਆ ਅਤੇ ਉਹ ਉਨ੍ਹਾਂ ਘਿਣਾਉਣੀਆਂ ਮੂਰਤਾਂ ਦੀ ਭਗਤੀ ਕਰਦਾ ਰਿਹਾ ਤੇ ਉਨ੍ਹਾਂ ਅੱਗੇ ਮੱਥਾ ਟੇਕਦਾ ਰਿਹਾ ਜਿਨ੍ਹਾਂ ਦੀ ਭਗਤੀ ਉਸ ਦਾ ਪਿਤਾ ਕਰਦਾ ਸੀ।+ 22 ਉਸ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ ਅਤੇ ਉਹ ਯਹੋਵਾਹ ਦੇ ਰਾਹ ʼਤੇ ਨਹੀਂ ਚੱਲਿਆ।+ 23 ਅਖ਼ੀਰ ਆਮੋਨ ਦੇ ਸੇਵਕਾਂ ਨੇ ਉਸ ਖ਼ਿਲਾਫ਼ ਸਾਜ਼ਸ਼ ਘੜੀ ਅਤੇ ਰਾਜੇ ਨੂੰ ਉਸੇ ਦੇ ਘਰ ਵਿਚ ਜਾਨੋਂ ਮਾਰ ਦਿੱਤਾ। 24 ਪਰ ਦੇਸ਼ ਦੇ ਲੋਕਾਂ ਨੇ ਉਨ੍ਹਾਂ ਸਾਰਿਆਂ ਨੂੰ ਮਾਰ ਸੁੱਟਿਆ ਜਿਨ੍ਹਾਂ ਨੇ ਰਾਜਾ ਆਮੋਨ ਖ਼ਿਲਾਫ਼ ਸਾਜ਼ਸ਼ ਘੜੀ ਸੀ ਅਤੇ ਉਨ੍ਹਾਂ ਨੇ ਉਸ ਦੇ ਪੁੱਤਰ ਯੋਸੀਯਾਹ ਨੂੰ ਉਸ ਦੀ ਜਗ੍ਹਾ ਰਾਜਾ ਬਣਾ ਦਿੱਤਾ।+ 25 ਆਮੋਨ ਦੀ ਬਾਕੀ ਕਹਾਣੀ ਅਤੇ ਉਸ ਦੇ ਕੰਮਾਂ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 26 ਉਨ੍ਹਾਂ ਨੇ ਉਸ ਨੂੰ ਉਸ ਦੀ ਕਬਰ ਵਿਚ ਦਫ਼ਨਾ ਦਿੱਤਾ ਜੋ ਉਜ਼ਾ+ ਦੇ ਬਾਗ਼ ਵਿਚ ਸੀ ਅਤੇ ਉਸ ਦਾ ਪੁੱਤਰ ਯੋਸੀਯਾਹ+ ਉਸ ਦੀ ਜਗ੍ਹਾ ਰਾਜਾ ਬਣ ਗਿਆ।