ਇਬਰਾਨੀਆਂ ਨੂੰ ਚਿੱਠੀ
12 ਤਾਂ ਫਿਰ, ਕਿਉਂਕਿ ਸਾਨੂੰ ਗਵਾਹਾਂ ਦੇ ਇੰਨੇ ਵੱਡੇ ਬੱਦਲ ਨੇ ਘੇਰਿਆ ਹੋਇਆ ਹੈ, ਇਸ ਲਈ ਆਓ ਆਪਾਂ ਵੀ ਹਰ ਬੋਝ ਅਤੇ ਉਸ ਪਾਪ ਨੂੰ ਜਿਹੜਾ ਸਾਨੂੰ ਆਸਾਨੀ ਨਾਲ ਫਸਾ ਲੈਂਦਾ ਹੈ, ਆਪਣੇ ਉੱਪਰੋਂ ਲਾਹ ਕੇ ਸੁੱਟ ਦੇਈਏ+ ਅਤੇ ਧੀਰਜ ਨਾਲ ਉਸ ਦੌੜ ਵਿਚ ਦੌੜਦੇ ਰਹੀਏ ਜੋ ਸਾਡੇ ਸਾਮ੍ਹਣੇ ਹੈ+ 2 ਅਤੇ ਆਪਣਾ ਸਾਰਾ ਧਿਆਨ ਯਿਸੂ ਉੱਤੇ ਲਾਈ ਰੱਖੀਏ ਜਿਹੜਾ ਸਾਡੀ ਨਿਹਚਾ ਦਾ ਮੁੱਖ ਆਗੂ ਅਤੇ ਇਸ ਨੂੰ ਮੁਕੰਮਲ ਬਣਾਉਣ ਵਾਲਾ ਹੈ।+ ਉਸ ਦੇ ਸਾਮ੍ਹਣੇ ਜੋ ਖ਼ੁਸ਼ੀ ਰੱਖੀ ਗਈ ਸੀ, ਉਸ ਕਰਕੇ ਉਸ ਨੇ ਬੇਇੱਜ਼ਤੀ ਦੀ ਪਰਵਾਹ ਨਾ ਕਰਦੇ ਹੋਏ ਤਸੀਹੇ ਦੀ ਸੂਲ਼ੀ* ਉੱਤੇ ਮੌਤ ਸਹੀ ਅਤੇ ਉਹ ਪਰਮੇਸ਼ੁਰ ਦੇ ਸਿੰਘਾਸਣ ਦੇ ਸੱਜੇ ਹੱਥ ਬੈਠ ਗਿਆ।+ 3 ਉਸ ਨੇ ਪਾਪੀਆਂ ਦੀਆਂ ਬਹੁਤ ਅਪਮਾਨਜਨਕ ਗੱਲਾਂ ਬਰਦਾਸ਼ਤ ਕੀਤੀਆਂ+ ਜਿਨ੍ਹਾਂ ਕਰਕੇ ਉਨ੍ਹਾਂ ਦਾ ਆਪਣਾ ਹੀ ਨੁਕਸਾਨ ਹੋਇਆ। ਇਸ ਲਈ ਤੁਸੀਂ ਉਸ ਉੱਤੇ ਗੌਰ ਕਰੋ ਤਾਂਕਿ ਤੁਸੀਂ ਥੱਕ ਕੇ ਹੌਸਲਾ ਨਾ ਹਾਰ ਜਾਓ।+
4 ਉਸ ਪਾਪ ਨਾਲ ਲੜਦੇ ਹੋਏ ਤੁਹਾਨੂੰ ਅਜੇ ਮੌਤ ਦੀ ਹੱਦ ਤਕ ਮੁਕਾਬਲਾ ਨਹੀਂ ਕਰਨਾ ਪਿਆ ਹੈ 5 ਅਤੇ ਤੁਸੀਂ ਉਸ ਨਸੀਹਤ ਨੂੰ ਬਿਲਕੁਲ ਭੁੱਲ ਗਏ ਹੋ ਜੋ ਤੁਹਾਨੂੰ ਪਰਮੇਸ਼ੁਰ ਦੇ ਪੁੱਤਰ ਹੋਣ ਦੇ ਨਾਤੇ ਦਿੱਤੀ ਗਈ ਹੈ: “ਹੇ ਮੇਰੇ ਪੁੱਤਰ, ਯਹੋਵਾਹ* ਦੇ ਅਨੁਸ਼ਾਸਨ ਨੂੰ ਐਵੇਂ ਨਾ ਸਮਝ ਅਤੇ ਜਦੋਂ ਉਹ ਤੈਨੂੰ ਤਾੜੇ, ਤਾਂ ਹੌਸਲਾ ਨਾ ਹਾਰੀਂ 6 ਕਿਉਂਕਿ ਯਹੋਵਾਹ* ਉਸੇ ਨੂੰ ਅਨੁਸ਼ਾਸਨ ਦਿੰਦਾ ਹੈ ਜਿਸ ਨੂੰ ਉਹ ਪਿਆਰ ਕਰਦਾ ਹੈ; ਅਸਲ ਵਿਚ, ਉਹ ਜਿਸ ਨੂੰ ਆਪਣੇ ਪੁੱਤਰ ਵਜੋਂ ਕਬੂਲ ਕਰਦਾ ਹੈ, ਉਸ ਨੂੰ ਸਜ਼ਾ ਦਿੰਦਾ ਹੈ।”*+
7 ਤੁਸੀਂ ਸਭ ਕੁਝ ਸਹਿੰਦੇ ਰਹੋ ਕਿਉਂਕਿ ਇਸ ਤਰ੍ਹਾਂ ਤੁਹਾਨੂੰ ਅਨੁਸ਼ਾਸਨ* ਮਿਲਦਾ ਹੈ। ਪਰਮੇਸ਼ੁਰ ਤੁਹਾਨੂੰ ਪੁੱਤਰ ਸਮਝ ਕੇ ਅਨੁਸ਼ਾਸਨ ਦਿੰਦਾ ਹੈ।+ ਕਿਹੜਾ ਪੁੱਤਰ ਹੈ ਜਿਸ ਨੂੰ ਉਸ ਦਾ ਪਿਤਾ ਅਨੁਸ਼ਾਸਨ ਨਹੀਂ ਦਿੰਦਾ?+ 8 ਪਰ ਜੇ ਤੁਹਾਨੂੰ ਦੂਸਰਿਆਂ ਵਾਂਗ ਅਨੁਸ਼ਾਸਨ ਨਹੀਂ ਮਿਲਦਾ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਪੁੱਤਰ ਨਹੀਂ, ਸਗੋਂ ਨਾਜਾਇਜ਼ ਔਲਾਦ ਹੋ। 9 ਇਸ ਤੋਂ ਇਲਾਵਾ, ਸਾਡੇ ਇਨਸਾਨੀ ਪਿਤਾ ਸਾਨੂੰ ਅਨੁਸ਼ਾਸਨ ਦਿੰਦੇ ਹੁੰਦੇ ਸਨ ਅਤੇ ਅਸੀਂ ਉਨ੍ਹਾਂ ਦਾ ਆਦਰ ਕਰਦੇ ਸੀ। ਤਾਂ ਫਿਰ, ਜਿਹੜਾ ਪਿਤਾ ਸਾਨੂੰ ਪਵਿੱਤਰ ਸ਼ਕਤੀ ਰਾਹੀਂ ਸੇਧ ਦਿੰਦਾ ਹੈ, ਕੀ ਸਾਨੂੰ ਉਸ ਦੇ ਹੋਰ ਵੀ ਅਧੀਨ ਨਹੀਂ ਰਹਿਣਾ ਚਾਹੀਦਾ ਤਾਂਕਿ ਅਸੀਂ ਜੀਉਂਦੇ ਰਹੀਏ?+ 10 ਸਾਡੇ ਇਨਸਾਨੀ ਪਿਤਾਵਾਂ ਨੂੰ ਜੋ ਵੀ ਚੰਗਾ ਲੱਗਿਆ, ਉਸ ਮੁਤਾਬਕ ਉਨ੍ਹਾਂ ਨੇ ਕੁਝ ਸਮੇਂ ਲਈ ਸਾਨੂੰ ਅਨੁਸ਼ਾਸਨ ਦਿੱਤਾ, ਪਰ ਪਰਮੇਸ਼ੁਰ ਸਾਨੂੰ ਸਾਡੇ ਭਲੇ ਲਈ ਅਨੁਸ਼ਾਸਨ ਦਿੰਦਾ ਹੈ ਤਾਂਕਿ ਅਸੀਂ ਉਸ ਵਾਂਗ ਪਵਿੱਤਰ ਬਣ ਸਕੀਏ।+ 11 ਇਹ ਸੱਚ ਹੈ ਕਿ ਜਦੋਂ ਅਨੁਸ਼ਾਸਨ ਦਿੱਤਾ ਜਾਂਦਾ ਹੈ, ਉਦੋਂ ਖ਼ੁਸ਼ੀ ਨਹੀਂ ਹੁੰਦੀ, ਸਗੋਂ ਦੁੱਖ ਹੁੰਦਾ ਹੈ। ਪਰ ਜਿਨ੍ਹਾਂ ਨੂੰ ਇਸ ਦੇ ਜ਼ਰੀਏ ਸਿਖਲਾਈ ਮਿਲਦੀ ਹੈ, ਉਨ੍ਹਾਂ ਲਈ ਇਸ ਦਾ ਨਤੀਜਾ ਸ਼ਾਂਤੀ ਅਤੇ ਧਾਰਮਿਕਤਾ* ਹੁੰਦਾ ਹੈ।
12 ਇਸ ਲਈ ਢਿੱਲੇ ਹੱਥਾਂ ਅਤੇ ਕਮਜ਼ੋਰ ਗੋਡਿਆਂ ਨੂੰ ਤਕੜਾ ਕਰੋ+ 13 ਅਤੇ ਸਿੱਧੇ ਰਾਹ ʼਤੇ ਤੁਰਦੇ ਰਹੋ+ ਤਾਂਕਿ ਜਿਹੜਾ ਅੰਗ ਕਮਜ਼ੋਰ ਹੈ ਉਹ ਜੋੜ ਤੋਂ ਨਾ ਨਿਕਲੇ, ਸਗੋਂ ਠੀਕ ਹੋ ਜਾਵੇ। 14 ਸਾਰਿਆਂ ਨਾਲ ਸ਼ਾਂਤੀ ਬਣਾਈ ਰੱਖਣ+ ਅਤੇ ਪਵਿੱਤਰ ਰਹਿਣ ਦਾ ਜਤਨ ਕਰੋ+ ਕਿਉਂਕਿ ਜੇ ਕੋਈ ਪਵਿੱਤਰ ਨਹੀਂ ਹੈ, ਤਾਂ ਉਹ ਪ੍ਰਭੂ ਨੂੰ ਨਹੀਂ ਦੇਖੇਗਾ। 15 ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਕੋਈ ਵੀ ਪਰਮੇਸ਼ੁਰ ਦੀ ਅਪਾਰ ਕਿਰਪਾ ਪਾਉਣ ਤੋਂ ਰਹਿ ਨਾ ਜਾਵੇ ਤਾਂਕਿ ਤੁਹਾਡੇ ਵਿਚ ਕੋਈ ਜ਼ਹਿਰੀਲੀ ਬੂਟੀ ਜੜ੍ਹ ਫੜ ਕੇ ਮੁਸੀਬਤ ਨਾ ਖੜ੍ਹੀ ਕਰੇ ਅਤੇ ਬਹੁਤ ਸਾਰੇ ਲੋਕਾਂ ਨੂੰ ਭ੍ਰਿਸ਼ਟ ਨਾ ਕਰ ਦੇਵੇ।+ 16 ਨਾਲੇ ਖ਼ਬਰਦਾਰ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਹਰਾਮਕਾਰ* ਜਾਂ ਅਜਿਹਾ ਇਨਸਾਨ ਨਾ ਹੋਵੇ ਜਿਹੜਾ ਏਸਾਓ ਵਾਂਗ ਪਵਿੱਤਰ ਚੀਜ਼ਾਂ ਦੀ ਬੇਕਦਰੀ ਕਰਦਾ ਹੋਵੇ। ਏਸਾਓ ਨੇ ਇਕ ਡੰਗ ਦੀ ਰੋਟੀ ਦੇ ਵੱਟੇ ਆਪਣਾ ਜੇਠੇ ਹੋਣ ਦਾ ਹੱਕ ਵੇਚ ਦਿੱਤਾ ਸੀ।+ 17 ਤੁਸੀਂ ਜਾਣਦੇ ਹੋ ਕਿ ਬਾਅਦ ਵਿਚ ਜਦੋਂ ਉਹ ਵਿਰਸੇ ਵਿਚ ਬਰਕਤ ਪਾਉਣੀ ਚਾਹੁੰਦਾ ਸੀ, ਤਾਂ ਉਸ ਨੂੰ ਇਨਕਾਰ ਕਰ ਦਿੱਤਾ ਗਿਆ ਭਾਵੇਂ ਉਸ ਨੇ ਰੋ-ਰੋ ਕੇ ਆਪਣੇ ਪਿਤਾ ਦਾ ਮਨ ਬਦਲਣ ਦੀ ਪੂਰੀ ਕੋਸ਼ਿਸ਼ ਕੀਤੀ ਸੀ,+ ਪਰ ਉਹ ਉਸ ਦਾ ਮਨ ਬਦਲ ਨਾ ਸਕਿਆ।
18 ਤੁਸੀਂ ਉਸ ਪਹਾੜ ਕੋਲ ਨਹੀਂ ਆਏ ਹੋ ਜਿਸ ਨੂੰ ਹੱਥ ਲਾਇਆ ਜਾ ਸਕਦਾ ਹੈ+ ਅਤੇ ਜਿਸ ਵਿੱਚੋਂ ਅੱਗ ਨਿਕਲ ਰਹੀ ਹੈ+ ਅਤੇ ਜਿਸ ਦੇ ਆਲੇ-ਦੁਆਲੇ ਕਾਲਾ ਬੱਦਲ ਅਤੇ ਘੁੱਪ ਹਨੇਰਾ ਹੈ ਅਤੇ ਝੱਖੜ ਚੱਲ ਰਿਹਾ ਹੈ+ 19 ਅਤੇ ਜਿੱਥੋਂ ਤੁਰ੍ਹੀ ਦੀ ਆਵਾਜ਼+ ਅਤੇ ਕਿਸੇ ਦੇ ਬੋਲਣ ਦੀ ਆਵਾਜ਼ ਆ ਰਹੀ ਹੈ।+ ਉਹ ਆਵਾਜ਼ ਸੁਣ ਕੇ ਲੋਕਾਂ ਨੇ ਮੂਸਾ ਦੀਆਂ ਮਿੰਨਤਾਂ ਕੀਤੀਆਂ ਸਨ ਕਿ ਉਹ ਆਵਾਜ਼ ਉਨ੍ਹਾਂ ਨਾਲ ਹੋਰ ਗੱਲ ਨਾ ਕਰੇ।+ 20 ਉਹ ਇਸ ਹੁਕਮ ਤੋਂ ਬਹੁਤ ਹੀ ਡਰ ਗਏ ਸਨ: “ਜੇ ਕੋਈ ਜਾਨਵਰ ਵੀ ਇਸ ਪਹਾੜ ਉੱਤੇ ਚੜ੍ਹੇ, ਤਾਂ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਜਾਵੇ।”+ 21 ਨਾਲੇ ਉਹ ਨਜ਼ਾਰਾ ਇੰਨਾ ਖ਼ੌਫ਼ਨਾਕ ਸੀ ਕਿ ਮੂਸਾ ਨੇ ਕਿਹਾ: “ਮੈਂ ਡਰ ਨਾਲ ਥਰ-ਥਰ ਕੰਬ ਰਿਹਾ ਹਾਂ।”+ 22 ਪਰ ਤੁਸੀਂ ਸੀਓਨ ਪਹਾੜ,+ ਜੀਉਂਦੇ ਪਰਮੇਸ਼ੁਰ ਦੇ ਸ਼ਹਿਰ ਸਵਰਗੀ ਯਰੂਸ਼ਲਮ+ ਅਤੇ ਲੱਖਾਂ ਦੂਤਾਂ ਦੇ ਇਕੱਠ+ ਕੋਲ ਆਏ ਹੋ। 23 ਨਾਲੇ ਤੁਸੀਂ ਪਰਮੇਸ਼ੁਰ ਦੇ ਜੇਠੇ ਪੁੱਤਰਾਂ ਦੀ ਮੰਡਲੀ ਕੋਲ ਜਿਨ੍ਹਾਂ ਦੇ ਨਾਂ ਸਵਰਗ ਵਿਚ ਲਿਖੇ ਗਏ ਹਨ, ਸਾਰਿਆਂ ਦਾ ਨਿਆਂ ਕਰਨ ਵਾਲੇ ਪਰਮੇਸ਼ੁਰ ਕੋਲ+ ਅਤੇ ਧਰਮੀ ਸੇਵਕਾਂ ਕੋਲ ਆਏ ਹੋ+ ਜਿਹੜੇ ਪਵਿੱਤਰ ਸ਼ਕਤੀ ਮੁਤਾਬਕ ਜ਼ਿੰਦਗੀ ਜੀਉਂਦੇ ਹਨ ਅਤੇ ਮੁਕੰਮਲ ਕੀਤੇ ਗਏ ਹਨ।+ 24 ਨਾਲੇ ਤੁਸੀਂ ਨਵੇਂ ਇਕਰਾਰ+ ਦੇ ਵਿਚੋਲੇ ਯਿਸੂ ਕੋਲ+ ਅਤੇ ਸਾਡੇ ਉੱਤੇ ਛਿੜਕੇ ਗਏ ਲਹੂ ਕੋਲ ਆਏ ਹੋ ਜਿਹੜਾ ਹਾਬਲ ਦੇ ਲਹੂ ਨਾਲੋਂ ਜ਼ਿਆਦਾ ਚੰਗੇ ਤਰੀਕੇ ਨਾਲ ਦੁਹਾਈ ਦਿੰਦਾ ਹੈ।+
25 ਖ਼ਬਰਦਾਰ ਰਹੋ ਕਿ ਤੁਸੀਂ ਉਸ ਦੀ ਗੱਲ ਸੁਣਨ ਤੋਂ ਇਨਕਾਰ ਨਾ ਕਰੋ* ਜਿਹੜਾ ਗੱਲ ਕਰਦਾ ਹੈ। ਜੇ ਧਰਤੀ ਉੱਤੇ ਉਹ ਲੋਕ ਸਜ਼ਾ ਤੋਂ ਨਹੀਂ ਬਚ ਸਕੇ ਜਿਨ੍ਹਾਂ ਨੇ ਪਰਮੇਸ਼ੁਰ ਵੱਲੋਂ ਚੇਤਾਵਨੀ ਦੇਣ ਵਾਲੇ ਦੀ ਗੱਲ ਸੁਣਨ ਤੋਂ ਇਨਕਾਰ ਕੀਤਾ ਸੀ, ਤਾਂ ਫਿਰ, ਅਸੀਂ ਸਵਰਗੋਂ ਗੱਲ ਕਰਨ ਵਾਲੇ ਤੋਂ ਮੂੰਹ ਮੋੜ ਕੇ ਸਜ਼ਾ ਤੋਂ ਕਿਵੇਂ ਬਚ ਸਕਦੇ ਹਾਂ?+ 26 ਉਸ ਵੇਲੇ ਉਸ ਦੀ ਆਵਾਜ਼ ਨੇ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਸੀ,+ ਪਰ ਹੁਣ ਉਸ ਨੇ ਵਾਅਦਾ ਕੀਤਾ ਹੈ: “ਮੈਂ ਇਕ ਵਾਰ ਫਿਰ ਧਰਤੀ ਨੂੰ ਹੀ ਨਹੀਂ, ਸਗੋਂ ਆਕਾਸ਼ ਨੂੰ ਵੀ ਹਿਲਾਵਾਂਗਾ।”+ 27 ਇਹ ਸ਼ਬਦ “ਇਕ ਵਾਰ ਫਿਰ” ਦਿਖਾਉਂਦੇ ਹਨ ਕਿ ਹਿਲਾਈਆਂ ਜਾਣ ਵਾਲੀਆਂ ਚੀਜ਼ਾਂ ਨੂੰ ਖ਼ਤਮ ਕੀਤਾ ਜਾਵੇਗਾ ਯਾਨੀ ਉਨ੍ਹਾਂ ਚੀਜ਼ਾਂ ਨੂੰ ਜਿਹੜੀਆਂ ਪਰਮੇਸ਼ੁਰ ਨੇ ਨਹੀਂ ਬਣਾਈਆਂ ਹਨ ਤਾਂਕਿ ਹਿਲਾਈਆਂ ਨਾ ਜਾਣ ਵਾਲੀਆਂ ਚੀਜ਼ਾਂ ਕਾਇਮ ਰਹਿਣ। 28 ਸਾਨੂੰ ਉਹ ਰਾਜ ਮਿਲੇਗਾ ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ, ਇਸ ਲਈ ਆਓ ਆਪਾਂ ਪਰਮੇਸ਼ੁਰ ਤੋਂ ਅਪਾਰ ਕਿਰਪਾ ਪਾਉਂਦੇ ਰਹੀਏ ਜਿਸ ਰਾਹੀਂ ਅਸੀਂ ਡਰ ਅਤੇ ਸ਼ਰਧਾ ਨਾਲ ਪਵਿੱਤਰ ਸੇਵਾ ਕਰੀਏ ਜੋ ਉਸ ਨੂੰ ਮਨਜ਼ੂਰ ਹੋਵੇ। 29 ਅਸਲ ਵਿਚ, ਸਾਡਾ ਪਰਮੇਸ਼ੁਰ ਭਸਮ ਕਰ ਦੇਣ ਵਾਲੀ ਅੱਗ ਹੈ।+