ਰਸੂਲਾਂ ਦੇ ਕੰਮ
18 ਇਸ ਤੋਂ ਬਾਅਦ ਪੌਲੁਸ ਐਥਿਨਜ਼ ਤੋਂ ਚੱਲ ਕੇ ਕੁਰਿੰਥੁਸ ਸ਼ਹਿਰ ਵਿਚ ਆ ਗਿਆ। 2 ਉੱਥੇ ਉਸ ਨੂੰ ਅਕੂਲਾ+ ਨਾਂ ਦਾ ਇਕ ਯਹੂਦੀ ਮਿਲਿਆ ਜਿਸ ਦਾ ਜਨਮ ਪੁੰਤੁਸ ਵਿਚ ਹੋਇਆ ਸੀ। ਉਹ ਥੋੜ੍ਹਾ ਸਮਾਂ ਪਹਿਲਾਂ ਹੀ ਆਪਣੀ ਪਤਨੀ ਪ੍ਰਿਸਕਿੱਲਾ ਨਾਲ ਇਟਲੀ ਤੋਂ ਆਇਆ ਸੀ ਕਿਉਂਕਿ ਸਮਰਾਟ ਕਲੋਡੀਉਸ ਨੇ ਸਾਰੇ ਯਹੂਦੀਆਂ ਨੂੰ ਰੋਮ ਵਿੱਚੋਂ ਨਿਕਲ ਜਾਣ ਦਾ ਹੁਕਮ ਦਿੱਤਾ ਸੀ। ਪੌਲੁਸ ਉਨ੍ਹਾਂ ਕੋਲ ਚਲਾ ਗਿਆ 3 ਅਤੇ ਉਨ੍ਹਾਂ ਦੇ ਘਰ ਠਹਿਰ ਗਿਆ ਕਿਉਂਕਿ ਪੌਲੁਸ ਤੇ ਉਨ੍ਹਾਂ ਦਾ ਕਿੱਤਾ ਇੱਕੋ ਸੀ, ਉਹ ਤੰਬੂ ਬਣਾਉਣ ਦਾ ਕੰਮ ਕਰਦੇ ਸਨ। ਪੌਲੁਸ ਨੇ ਉਨ੍ਹਾਂ ਨਾਲ ਮਿਲ ਕੇ ਇਹ ਕੰਮ ਕੀਤਾ।+ 4 ਉਹ ਹਰ ਸਬਤ ਦੇ ਦਿਨ+ ਸਭਾ ਘਰ+ ਵਿਚ ਭਾਸ਼ਣ ਦਿੰਦਾ ਹੁੰਦਾ ਸੀ* ਅਤੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਕਾਇਲ ਕਰ ਲੈਂਦਾ ਸੀ।
5 ਜਦੋਂ ਸੀਲਾਸ+ ਤੇ ਤਿਮੋਥਿਉਸ+ ਮਕਦੂਨੀਆ ਤੋਂ ਆ ਗਏ, ਤਾਂ ਪੌਲੁਸ ਬਚਨ ਦਾ ਪ੍ਰਚਾਰ ਜ਼ੋਰ-ਸ਼ੋਰ ਨਾਲ ਕਰਨ ਵਿਚ ਰੁੱਝ ਗਿਆ ਅਤੇ ਉਹ ਇਹ ਸਾਬਤ ਕਰਨ ਲਈ ਯਹੂਦੀਆਂ ਨੂੰ ਗਵਾਹੀ ਦਿੰਦਾ ਸੀ ਕਿ ਯਿਸੂ ਹੀ ਮਸੀਹ ਹੈ।+ 6 ਪਰ ਜਦੋਂ ਉਹ ਉਸ ਦਾ ਵਿਰੋਧ ਕਰਦੇ ਰਹੇ ਅਤੇ ਉਸ ਦੇ ਖ਼ਿਲਾਫ਼ ਬੁਰਾ-ਭਲਾ ਕਹਿੰਦੇ ਰਹੇ, ਤਾਂ ਉਸ ਨੇ ਆਪਣੇ ਕੱਪੜੇ ਝਾੜ ਕੇ+ ਉਨ੍ਹਾਂ ਨੂੰ ਕਿਹਾ: “ਤੁਹਾਡਾ ਖ਼ੂਨ ਤੁਹਾਡੇ ਸਿਰ।+ ਮੈਂ ਨਿਰਦੋਸ਼ ਹਾਂ।+ ਹੁਣ ਤੋਂ ਮੈਂ ਗ਼ੈਰ-ਯਹੂਦੀ ਕੌਮਾਂ ਦੇ ਲੋਕਾਂ ਕੋਲ ਜਾਵਾਂਗਾ।”+ 7 ਇਸ ਲਈ ਪੌਲੁਸ ਉੱਥੋਂ* ਤੀਤੁਸ ਯੂਸਤੁਸ ਨਾਂ ਦੇ ਆਦਮੀ ਦੇ ਘਰ ਚਲਾ ਗਿਆ ਜਿਹੜਾ ਪਰਮੇਸ਼ੁਰ ਦੀ ਭਗਤੀ ਕਰਦਾ ਸੀ। ਉਸ ਦਾ ਘਰ ਯਹੂਦੀਆਂ ਦੇ ਸਭਾ ਘਰ ਦੇ ਨਾਲ ਲੱਗਦਾ ਸੀ। 8 ਪਰ ਸਭਾ ਘਰ ਦਾ ਨਿਗਾਹਬਾਨ ਕਰਿਸਪੁਸ+ ਅਤੇ ਉਸ ਦਾ ਪੂਰਾ ਪਰਿਵਾਰ ਪ੍ਰਭੂ ਉੱਤੇ ਨਿਹਚਾ ਕਰਨ ਲੱਗ ਪਿਆ। ਬਹੁਤ ਸਾਰੇ ਕੁਰਿੰਥੀ ਲੋਕ ਵੀ ਖ਼ੁਸ਼ ਖ਼ਬਰੀ ਸੁਣ ਕੇ ਨਿਹਚਾ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਬਪਤਿਸਮਾ ਲਿਆ। 9 ਇਸ ਤੋਂ ਇਲਾਵਾ, ਰਾਤ ਨੂੰ ਪ੍ਰਭੂ ਨੇ ਦਰਸ਼ਣ ਵਿਚ ਪੌਲੁਸ ਨੂੰ ਕਿਹਾ: “ਡਰੀਂ ਨਾ, ਪ੍ਰਚਾਰ ਕਰਦਾ ਰਹੀਂ, ਹਟੀਂ ਨਾ 10 ਕਿਉਂਕਿ ਮੈਂ ਤੇਰੇ ਨਾਲ ਹਾਂ+ ਅਤੇ ਕੋਈ ਵੀ ਤੇਰੇ ਉੱਤੇ ਹਮਲਾ ਕਰ ਕੇ ਤੈਨੂੰ ਸੱਟ-ਚੋਟ ਨਹੀਂ ਲਾਵੇਗਾ; ਇਸ ਸ਼ਹਿਰ ਵਿਚ ਅਜਿਹੇ ਬਹੁਤ ਸਾਰੇ ਲੋਕ ਹਨ ਜਿਹੜੇ ਮੇਰੇ ਉੱਤੇ ਨਿਹਚਾ ਕਰਨਗੇ।” 11 ਇਸ ਲਈ ਉਹ ਕੁਰਿੰਥੁਸ ਵਿਚ ਡੇਢ ਸਾਲ ਰਹਿ ਕੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦਿੰਦਾ ਰਿਹਾ।
12 ਜਦੋਂ ਗਾਲੀਓ ਅਖਾਯਾ ਪ੍ਰਾਂਤ ਦਾ ਰਾਜਪਾਲ* ਸੀ, ਉਸ ਵੇਲੇ ਯਹੂਦੀਆਂ ਨੇ ਰਲ਼ ਕੇ ਪੌਲੁਸ ਉੱਤੇ ਹਮਲਾ ਕੀਤਾ ਅਤੇ ਉਸ ਨੂੰ ਫੜ ਕੇ ਉਸ ਜਗ੍ਹਾ ਲੈ ਗਏ ਜਿੱਥੇ ਨਿਆਂ ਕੀਤਾ ਜਾਂਦਾ ਸੀ। 13 ਉਨ੍ਹਾਂ ਨੇ ਕਿਹਾ: “ਇਹ ਆਦਮੀ ਲੋਕਾਂ ਨੂੰ ਆਪਣੇ ਮਗਰ ਲਾ ਕੇ ਪਰਮੇਸ਼ੁਰ ਦੀ ਭਗਤੀ ਇਸ ਢੰਗ ਨਾਲ ਕਰਨ ਲਈ ਕਹਿੰਦਾ ਹੈ ਜੋ ਕਾਨੂੰਨ ਦੇ ਖ਼ਿਲਾਫ਼ ਹੈ।” 14 ਪਰ ਜਦੋਂ ਪੌਲੁਸ ਕੁਝ ਕਹਿਣ ਹੀ ਲੱਗਾ ਸੀ, ਤਾਂ ਗਾਲੀਓ ਨੇ ਯਹੂਦੀਆਂ ਨੂੰ ਕਿਹਾ: “ਯਹੂਦੀਓ, ਜੇ ਇਸ ਆਦਮੀ ਨੇ ਕੋਈ ਗ਼ਲਤੀ ਕੀਤੀ ਹੈ ਜਾਂ ਫਿਰ ਕੋਈ ਗੰਭੀਰ ਜੁਰਮ ਕੀਤਾ ਹੈ, ਤਾਂ ਹੀ ਮੈਂ ਧੀਰਜ ਨਾਲ ਤੁਹਾਡੀ ਗੱਲ ਸੁਣਾਂਗਾ। 15 ਪਰ ਜੇ ਝਗੜਾ ਸ਼ਬਦਾਂ, ਨਾਵਾਂ ਅਤੇ ਤੁਹਾਡੇ ਕਾਨੂੰਨ ਦਾ ਹੈ,+ ਤਾਂ ਤੁਸੀਂ ਆਪੇ ਇਸ ਮਸਲੇ ਨੂੰ ਨਜਿੱਠ ਲਓ। ਮੈਂ ਇਸ ਝਗੜੇ ਵਿਚ ਨਹੀਂ ਪੈਣਾ ਚਾਹੁੰਦਾ।” 16 ਇਹ ਕਹਿ ਕੇ ਉਸ ਨੇ ਯਹੂਦੀਆਂ ਨੂੰ ਨਿਆਂ ਦੇ ਸਿੰਘਾਸਣ ਦੇ ਸਾਮ੍ਹਣਿਓਂ ਭਜਾ ਦਿੱਤਾ। 17 ਇਸ ਕਰਕੇ ਉਨ੍ਹਾਂ ਸਾਰਿਆਂ ਨੇ ਸਭਾ ਘਰ ਦੇ ਨਿਗਾਹਬਾਨ ਸੋਸਥਨੇਸ+ ਨੂੰ ਫੜ ਕੇ ਨਿਆਂ ਦੇ ਸਿੰਘਾਸਣ ਦੇ ਸਾਮ੍ਹਣੇ ਕੁੱਟਿਆ। ਪਰ ਗਾਲੀਓ ਨੇ ਇਨ੍ਹਾਂ ਗੱਲਾਂ ਵੱਲ ਕੋਈ ਧਿਆਨ ਨਾ ਦਿੱਤਾ।
18 ਪੌਲੁਸ ਕੁਰਿੰਥੁਸ ਵਿਚ ਹੋਰ ਕਈ ਦਿਨ ਰਿਹਾ ਅਤੇ ਫਿਰ ਭਰਾਵਾਂ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਮੁੰਦਰੀ ਜਹਾਜ਼ ਵਿਚ ਬੈਠ ਕੇ ਸੀਰੀਆ ਨੂੰ ਚਲਾ ਗਿਆ। ਪ੍ਰਿਸਕਿੱਲਾ ਤੇ ਅਕੂਲਾ ਵੀ ਉਸ ਨਾਲ ਸਨ। ਕੰਖਰਿਆ+ ਵਿਚ ਉਸ ਨੇ ਆਪਣੇ ਵਾਲ਼ ਕਟਵਾ ਲਏ ਸਨ ਕਿਉਂਕਿ ਉਸ ਨੇ ਸੁੱਖਣਾ ਸੁੱਖੀ ਸੀ। 19 ਫਿਰ ਉਹ ਅਫ਼ਸੁਸ ਵਿਚ ਆਏ ਅਤੇ ਉਨ੍ਹਾਂ ਨੂੰ ਉੱਥੇ ਛੱਡ ਕੇ ਪੌਲੁਸ ਆਪ ਸਭਾ ਘਰ ਵਿਚ ਚਲਾ ਗਿਆ ਅਤੇ ਯਹੂਦੀਆਂ ਨਾਲ ਚਰਚਾ ਕੀਤੀ।+ 20 ਭਾਵੇਂ ਉਹ ਉਸ ਨੂੰ ਹੋਰ ਕੁਝ ਸਮਾਂ ਰਹਿਣ ਲਈ ਬੇਨਤੀ ਕਰਦੇ ਰਹੇ, ਪਰ ਉਹ ਨਾ ਮੰਨਿਆ 21 ਅਤੇ ਉਨ੍ਹਾਂ ਨੂੰ ਕਿਹਾ: “ਜੇ ਯਹੋਵਾਹ* ਨੇ ਚਾਹਿਆ, ਤਾਂ ਮੈਂ ਦੁਬਾਰਾ ਤੁਹਾਡੇ ਕੋਲ ਆਵਾਂਗਾ।” ਫਿਰ ਉਹ ਉਨ੍ਹਾਂ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਮੁੰਦਰੀ ਜਹਾਜ਼ ਵਿਚ ਬੈਠ ਕੇ ਅਫ਼ਸੁਸ ਤੋਂ ਤੁਰ ਪਿਆ 22 ਅਤੇ ਕੈਸਰੀਆ ਵਿਚ ਆਇਆ। ਫਿਰ ਉਹ ਉਤਾਂਹ* ਜਾ ਕੇ ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਮਿਲਿਆ ਅਤੇ ਉੱਥੋਂ ਅੰਤਾਕੀਆ ਨੂੰ ਚਲਾ ਗਿਆ।+
23 ਉੱਥੇ ਕੁਝ ਸਮਾਂ ਰਹਿ ਕੇ ਉਹ ਤੁਰ ਪਿਆ ਅਤੇ ਗਲਾਤੀਆ ਤੇ ਫ਼ਰੂਗੀਆ+ ਦੇ ਇਲਾਕਿਆਂ ਵਿਚ ਸ਼ਹਿਰੋ-ਸ਼ਹਿਰ ਜਾਂਦਾ ਹੋਇਆ ਚੇਲਿਆਂ ਦਾ ਹੌਸਲਾ ਵਧਾਉਂਦਾ ਗਿਆ।+
24 ਅਪੁੱਲੋਸ+ ਨਾਂ ਦਾ ਇਕ ਯਹੂਦੀ, ਜਿਸ ਦਾ ਜਨਮ ਸਿਕੰਦਰੀਆ ਵਿਚ ਹੋਇਆ ਸੀ, ਅਫ਼ਸੁਸ ਆਇਆ; ਉਹ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਗੱਲ ਕਰਦਾ ਸੀ ਅਤੇ ਉਸ ਨੂੰ ਧਰਮ-ਗ੍ਰੰਥ ਦਾ ਕਾਫ਼ੀ ਗਿਆਨ ਸੀ। 25 ਉਸ ਨੂੰ ਯਹੋਵਾਹ* ਦੇ ਰਾਹ ਦੀ ਸਿੱਖਿਆ* ਦਿੱਤੀ ਗਈ ਸੀ। ਉਹ ਪਵਿੱਤਰ ਸ਼ਕਤੀ ਕਰਕੇ ਜੋਸ਼ ਨਾਲ ਭਰਿਆ ਹੋਇਆ ਸੀ ਅਤੇ ਉਹ ਯਿਸੂ ਬਾਰੇ ਸਹੀ-ਸਹੀ ਦੱਸਣ ਅਤੇ ਸਿਖਾਉਣ ਲੱਗਾ, ਪਰ ਉਸ ਨੂੰ ਸਿਰਫ਼ ਉਸੇ ਬਪਤਿਸਮੇ ਬਾਰੇ ਪਤਾ ਸੀ ਜਿਸ ਦਾ ਯੂਹੰਨਾ ਨੇ ਪ੍ਰਚਾਰ ਕੀਤਾ ਸੀ। 26 ਉਹ ਸਭਾ ਘਰ ਵਿਚ ਜਾ ਕੇ ਦਲੇਰੀ ਨਾਲ ਗੱਲ ਕਰਨ ਲੱਗਾ ਅਤੇ ਜਦੋਂ ਪ੍ਰਿਸਕਿੱਲਾ ਤੇ ਅਕੂਲਾ+ ਨੇ ਉਸ ਨੂੰ ਗੱਲ ਕਰਦਿਆਂ ਸੁਣਿਆ, ਤਾਂ ਉਹ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਪਰਮੇਸ਼ੁਰ ਦੇ ਰਾਹ ਬਾਰੇ ਹੋਰ ਚੰਗੀ ਤਰ੍ਹਾਂ ਸਮਝਾਇਆ। 27 ਫਿਰ ਉਹ ਅਖਾਯਾ ਨੂੰ ਜਾਣਾ ਚਾਹੁੰਦਾ ਸੀ, ਇਸ ਲਈ ਭਰਾਵਾਂ ਨੇ ਉੱਥੇ ਦੇ ਚੇਲਿਆਂ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਉਹ ਉਸ ਦਾ ਖ਼ੁਸ਼ੀ-ਖ਼ੁਸ਼ੀ ਸੁਆਗਤ ਕਰਨ। ਫਿਰ ਉੱਥੇ ਪਹੁੰਚ ਕੇ ਉਸ ਨੇ ਉਨ੍ਹਾਂ ਲੋਕਾਂ ਦੀ ਬਹੁਤ ਮਦਦ ਕੀਤੀ ਜਿਨ੍ਹਾਂ ਨੇ ਪਰਮੇਸ਼ੁਰ ਦੀ ਅਪਾਰ ਕਿਰਪਾ ਸਦਕਾ ਯਿਸੂ ਉੱਤੇ ਨਿਹਚਾ ਕੀਤੀ ਸੀ; 28 ਕਿਉਂਕਿ ਉਸ ਨੇ ਜ਼ੋਰਾਂ-ਸ਼ੋਰਾਂ ਨਾਲ ਖੁੱਲ੍ਹੇ-ਆਮ ਯਹੂਦੀਆਂ ਨੂੰ ਪੂਰੀ ਤਰ੍ਹਾਂ ਗ਼ਲਤ ਸਾਬਤ ਕੀਤਾ ਅਤੇ ਧਰਮ-ਗ੍ਰੰਥ ਵਿੱਚੋਂ ਦਿਖਾਇਆ ਕਿ ਯਿਸੂ ਹੀ ਮਸੀਹ ਹੈ।+