ਅਜ਼ਰਾ
7 ਇਨ੍ਹਾਂ ਗੱਲਾਂ ਤੋਂ ਬਾਅਦ, ਫਾਰਸ ਦੇ ਰਾਜਾ ਅਰਤਹਸ਼ਸਤਾ+ ਦੇ ਰਾਜ ਦੌਰਾਨ ਅਜ਼ਰਾ*+ ਵਾਪਸ ਆਇਆ। ਉਹ ਸਰਾਯਾਹ+ ਦਾ ਪੁੱਤਰ ਸੀ, ਸਰਾਯਾਹ ਅਜ਼ਰਯਾਹ ਦਾ, ਅਜ਼ਰਯਾਹ ਹਿਲਕੀਯਾਹ ਦਾ,+ 2 ਹਿਲਕੀਯਾਹ ਸ਼ਲੂਮ ਦਾ, ਸ਼ਲੂਮ ਸਾਦੋਕ ਦਾ, ਸਾਦੋਕ ਅਹੀਟੂਬ ਦਾ, 3 ਅਹੀਟੂਬ ਅਮਰਯਾਹ ਦਾ, ਅਮਰਯਾਹ ਅਜ਼ਰਯਾਹ+ ਦਾ, ਅਜ਼ਰਯਾਹ ਮਰਾਯੋਥ ਦਾ, 4 ਮਰਾਯੋਥ ਜ਼ਰਹਯਾਹ ਦਾ, ਜ਼ਰਹਯਾਹ ਉਜ਼ੀ ਦਾ, ਉਜ਼ੀ ਬੁੱਕੀ ਦਾ, 5 ਬੁੱਕੀ ਅਬੀਸ਼ੂਆ ਦਾ, ਅਬੀਸ਼ੂਆ ਫ਼ੀਨਹਾਸ+ ਦਾ, ਫ਼ੀਨਹਾਸ ਅਲਆਜ਼ਾਰ+ ਦਾ ਅਤੇ ਅਲਆਜ਼ਾਰ ਮੁੱਖ ਪੁਜਾਰੀ ਹਾਰੂਨ+ ਦਾ ਪੁੱਤਰ ਸੀ। 6 ਇਹੀ ਅਜ਼ਰਾ ਬਾਬਲ ਤੋਂ ਆਇਆ ਸੀ। ਉਹ ਇਕ ਨਕਲਨਵੀਸ* ਸੀ ਜਿਸ ਨੂੰ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਵੱਲੋਂ ਦਿੱਤੇ ਮੂਸਾ ਦੇ ਕਾਨੂੰਨ ਦਾ ਕਾਫ਼ੀ ਗਿਆਨ ਸੀ।*+ ਉਸ ਨੇ ਜੋ ਕੁਝ ਮੰਗਿਆ, ਰਾਜੇ ਨੇ ਉਸ ਨੂੰ ਦਿੱਤਾ ਕਿਉਂਕਿ ਉਸ ਦੇ ਪਰਮੇਸ਼ੁਰ ਯਹੋਵਾਹ ਦਾ ਹੱਥ ਉਸ ਉੱਤੇ ਸੀ।
7 ਰਾਜਾ ਅਰਤਹਸ਼ਸਤਾ ਦੇ ਰਾਜ ਦੇ ਸੱਤਵੇਂ ਸਾਲ ਵਿਚ ਕੁਝ ਇਜ਼ਰਾਈਲੀ, ਪੁਜਾਰੀ, ਲੇਵੀ,+ ਗਾਇਕ,+ ਦਰਬਾਨ+ ਅਤੇ ਮੰਦਰ ਦੇ ਸੇਵਾਦਾਰ*+ ਯਰੂਸ਼ਲਮ ਨੂੰ ਗਏ। 8 ਰਾਜੇ ਦੇ ਸੱਤਵੇਂ ਸਾਲ ਦੇ ਪੰਜਵੇਂ ਮਹੀਨੇ ਅਜ਼ਰਾ ਯਰੂਸ਼ਲਮ ਪਹੁੰਚਿਆ। 9 ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਉਸ ਨੇ ਬਾਬਲ ਤੋਂ ਸਫ਼ਰ ਸ਼ੁਰੂ ਕੀਤਾ ਅਤੇ ਪੰਜਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਉਹ ਯਰੂਸ਼ਲਮ ਪਹੁੰਚ ਗਿਆ ਕਿਉਂਕਿ ਉਸ ਦੇ ਪਰਮੇਸ਼ੁਰ ਦਾ ਮਿਹਰ ਭਰਿਆ ਹੱਥ ਉਸ ਉੱਤੇ ਸੀ।+ 10 ਅਜ਼ਰਾ ਨੇ ਯਹੋਵਾਹ ਦੇ ਕਾਨੂੰਨ ਤੋਂ ਸਲਾਹ ਲੈਣ, ਇਸ ਉੱਤੇ ਚੱਲਣ+ ਅਤੇ ਇਜ਼ਰਾਈਲ ਵਿਚ ਇਸ ਦੇ ਨਿਯਮਾਂ ਤੇ ਨਿਆਵਾਂ ਦੀ ਸਿੱਖਿਆ ਦੇਣ ਲਈ ਆਪਣਾ ਦਿਲ ਤਿਆਰ ਕੀਤਾ ਹੋਇਆ ਸੀ।*+
11 ਇਹ ਉਸ ਚਿੱਠੀ ਦੀ ਨਕਲ ਹੈ ਜੋ ਰਾਜਾ ਅਰਤਹਸ਼ਸਤਾ ਨੇ ਪੁਜਾਰੀ ਅਜ਼ਰਾ ਨੂੰ ਦਿੱਤੀ ਸੀ ਜੋ ਇਕ ਨਕਲਨਵੀਸ* ਸੀ ਅਤੇ ਯਹੋਵਾਹ ਦੇ ਹੁਕਮਾਂ ਤੇ ਇਜ਼ਰਾਈਲ ਨੂੰ ਦਿੱਤੇ ਉਸ ਦੇ ਨਿਯਮਾਂ ਦਾ ਮਾਹਰ ਗਿਆਨੀ ਸੀ:*
12 * “ਰਾਜਿਆਂ ਦੇ ਰਾਜੇ ਅਰਤਹਸ਼ਸਤਾ+ ਵੱਲੋਂ ਪੁਜਾਰੀ ਅਜ਼ਰਾ ਨੂੰ ਜੋ ਆਕਾਸ਼ਾਂ ਦੇ ਪਰਮੇਸ਼ੁਰ ਦੇ ਕਾਨੂੰਨ ਦਾ ਨਕਲਨਵੀਸ* ਹੈ: ਤੈਨੂੰ ਅਪਾਰ ਸ਼ਾਂਤੀ ਮਿਲੇ। ਅਤੇ ਹੁਣ 13 ਮੈਂ ਇਹ ਫ਼ਰਮਾਨ ਜਾਰੀ ਕੀਤਾ ਹੈ ਕਿ ਮੇਰੇ ਰਾਜ ਵਿਚ ਇਜ਼ਰਾਈਲ ਦੀ ਪਰਜਾ, ਉਨ੍ਹਾਂ ਦੇ ਪੁਜਾਰੀਆਂ ਤੇ ਲੇਵੀਆਂ ਵਿੱਚੋਂ ਜਿਹੜਾ ਵੀ ਤੇਰੇ ਨਾਲ ਯਰੂਸ਼ਲਮ ਜਾਣਾ ਚਾਹੁੰਦਾ ਹੈ, ਉਹ ਜਾ ਸਕਦਾ ਹੈ।+ 14 ਤੈਨੂੰ ਰਾਜੇ ਅਤੇ ਉਸ ਦੇ ਸੱਤ ਸਲਾਹਕਾਰਾਂ ਵੱਲੋਂ ਭੇਜਿਆ ਜਾ ਰਿਹਾ ਹੈ ਤਾਂਕਿ ਤੂੰ ਛਾਣ-ਬੀਣ ਕਰੇਂ ਕਿ ਯਹੂਦਾਹ ਅਤੇ ਯਰੂਸ਼ਲਮ ਵਿਚ ਤੇਰੇ ਪਰਮੇਸ਼ੁਰ ਦੇ ਕਾਨੂੰਨ ਉੱਤੇ, ਜੋ ਤੇਰੇ ਨਾਲ ਹੈ,* ਅਮਲ ਕੀਤਾ ਜਾ ਰਿਹਾ ਹੈ ਜਾਂ ਨਹੀਂ। 15 ਉਹ ਸੋਨਾ-ਚਾਂਦੀ ਲੈ ਜਾ ਜੋ ਰਾਜੇ ਤੇ ਉਸ ਦੇ ਸਲਾਹਕਾਰਾਂ ਨੇ ਆਪਣੀ ਇੱਛਾ ਨਾਲ ਇਜ਼ਰਾਈਲ ਦੇ ਪਰਮੇਸ਼ੁਰ ਲਈ ਦਿੱਤਾ ਹੈ ਜੋ ਯਰੂਸ਼ਲਮ ਵਿਚ ਵੱਸਦਾ ਹੈ। 16 ਨਾਲੇ ਉਹ ਸਾਰਾ ਸੋਨਾ-ਚਾਂਦੀ ਵੀ ਲੈ ਜਾਈਂ ਜੋ ਤੈਨੂੰ ਬਾਬਲ ਦੇ ਸਾਰੇ ਜ਼ਿਲ੍ਹੇ ਵਿੱਚੋਂ ਮਿਲੇਗਾ ਅਤੇ ਉਹ ਤੋਹਫ਼ਾ ਵੀ ਜੋ ਲੋਕ ਅਤੇ ਪੁਜਾਰੀ ਆਪਣੀ ਇੱਛਾ ਨਾਲ ਆਪਣੇ ਪਰਮੇਸ਼ੁਰ ਦੇ ਭਵਨ ਲਈ ਦੇਣਗੇ ਜੋ ਯਰੂਸ਼ਲਮ ਵਿਚ ਹੈ।+ 17 ਅਤੇ ਤੂੰ ਬਿਨਾਂ ਦੇਰ ਕੀਤੇ ਇਸ ਪੈਸੇ ਨਾਲ ਬਲਦ,+ ਭੇਡੂ,+ ਲੇਲੇ+ ਅਤੇ ਇਨ੍ਹਾਂ ਨਾਲ ਚੜ੍ਹਾਏ ਜਾਣ ਵਾਲੇ ਅਨਾਜ ਦੇ ਚੜ੍ਹਾਵੇ+ ਅਤੇ ਪੀਣ ਦੀਆਂ ਭੇਟਾਂ+ ਖ਼ਰੀਦ ਲਵੀਂ ਅਤੇ ਇਨ੍ਹਾਂ ਨੂੰ ਯਰੂਸ਼ਲਮ ਵਿਚ ਆਪਣੇ ਪਰਮੇਸ਼ੁਰ ਦੇ ਭਵਨ ਦੀ ਵੇਦੀ ਉੱਤੇ ਚੜ੍ਹਾਈਂ।
18 “ਜੋ ਸੋਨਾ-ਚਾਂਦੀ ਬਚ ਜਾਵੇ, ਉਸ ਨੂੰ ਉਸੇ ਤਰ੍ਹਾਂ ਵਰਤਿਓ ਜਿਵੇਂ ਤੈਨੂੰ ਤੇ ਤੇਰੇ ਭਰਾਵਾਂ ਨੂੰ ਠੀਕ ਲੱਗੇ ਤੇ ਜੋ ਤੁਹਾਡੇ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਹੋਵੇ। 19 ਅਤੇ ਉਹ ਸਾਰੇ ਭਾਂਡੇ ਜੋ ਤੈਨੂੰ ਤੇਰੇ ਪਰਮੇਸ਼ੁਰ ਦੇ ਭਵਨ ਦੀ ਸੇਵਾ ਲਈ ਦਿੱਤੇ ਗਏ ਹਨ, ਤੂੰ ਉਨ੍ਹਾਂ ਨੂੰ ਯਰੂਸ਼ਲਮ ਵਿਚ ਪਰਮੇਸ਼ੁਰ ਅੱਗੇ ਪੇਸ਼ ਕਰੀਂ।+ 20 ਜੇ ਤੈਨੂੰ ਆਪਣੇ ਪਰਮੇਸ਼ੁਰ ਦੇ ਭਵਨ ਵਾਸਤੇ ਹੋਰ ਕੋਈ ਚੀਜ਼ ਦੇਣ ਦੀ ਲੋੜ ਪਈ, ਤਾਂ ਤੂੰ ਉਹ ਸ਼ਾਹੀ ਖ਼ਜ਼ਾਨੇ ਵਿੱਚੋਂ ਦੇ ਦੇਈਂ।+
21 “ਮੈਂ, ਰਾਜਾ ਅਰਤਹਸ਼ਸਤਾ ਨੇ ਦਰਿਆ ਪਾਰ ਦੇ ਇਲਾਕੇ* ਦੇ ਸਾਰੇ ਖ਼ਜ਼ਾਨਚੀਆਂ ਨੂੰ ਇਹ ਹੁਕਮ ਜਾਰੀ ਕੀਤਾ ਹੈ ਕਿ ਪੁਜਾਰੀ ਅਜ਼ਰਾ,+ ਜੋ ਆਕਾਸ਼ਾਂ ਦੇ ਪਰਮੇਸ਼ੁਰ ਦੇ ਕਾਨੂੰਨ ਦਾ ਨਕਲਨਵੀਸ* ਹੈ, ਜੋ ਕੁਝ ਵੀ ਤੁਹਾਡੇ ਤੋਂ ਮੰਗੇ ਉਸ ਨੂੰ ਤੁਰੰਤ ਦਿੱਤਾ ਜਾਵੇ, 22 ਹਾਂ, 100 ਕਿੱਕਾਰ* ਚਾਂਦੀ, 100 ਕੋਰ* ਕਣਕ, 100 ਬਥ* ਦਾਖਰਸ,+ 100 ਬਥ ਤੇਲ+ ਅਤੇ ਬੇਹਿਸਾਬਾ ਲੂਣ।+ 23 ਆਕਾਸ਼ਾਂ ਦੇ ਪਰਮੇਸ਼ੁਰ ਨੇ ਜੋ ਵੀ ਕਰਨ ਦਾ ਹੁਕਮ ਦਿੱਤਾ ਹੈ, ਉਹ ਪੂਰੇ ਜੋਸ਼ ਨਾਲ ਆਕਾਸ਼ਾਂ ਦੇ ਪਰਮੇਸ਼ੁਰ ਦੇ ਭਵਨ ਲਈ ਕੀਤਾ ਜਾਵੇ+ ਤਾਂਕਿ ਰਾਜੇ ਦੇ ਰਾਜ ਅਤੇ ਉਸ ਦੇ ਪੁੱਤਰਾਂ ਖ਼ਿਲਾਫ਼ ਉਸ ਦਾ ਕ੍ਰੋਧ ਨਾ ਭੜਕੇ।+ 24 ਅਤੇ ਤੁਹਾਨੂੰ ਇਹ ਵੀ ਸੂਚਨਾ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਪੁਜਾਰੀ, ਲੇਵੀ, ਸੰਗੀਤਕਾਰ,+ ਦਰਬਾਨ, ਮੰਦਰ ਦੇ ਸੇਵਾਦਾਰ*+ ਅਤੇ ਪਰਮੇਸ਼ੁਰ ਦੇ ਇਸ ਭਵਨ ਵਿਚ ਕੰਮ ਕਰਨ ਵਾਲੇ ਤੋਂ ਕੋਈ ਟੈਕਸ, ਨਜ਼ਰਾਨਾ+ ਜਾਂ ਚੁੰਗੀ ਨਾ ਲਈ ਜਾਵੇ।
25 “ਅਤੇ ਅਜ਼ਰਾ, ਤੂੰ ਆਪਣੇ ਪਰਮੇਸ਼ੁਰ ਤੋਂ ਮਿਲੀ ਬੁੱਧ ਅਨੁਸਾਰ* ਅਧਿਕਾਰੀਆਂ ਅਤੇ ਨਿਆਂਕਾਰਾਂ ਨੂੰ ਨਿਯੁਕਤ ਕਰੀਂ ਤਾਂਕਿ ਉਹ ਦਰਿਆ ਪਾਰ ਦੇ ਇਲਾਕੇ ਦੇ ਸਾਰੇ ਲੋਕਾਂ ਦਾ ਨਿਆਂ ਕਰਨ, ਹਾਂ, ਉਨ੍ਹਾਂ ਸਾਰਿਆਂ ਦਾ ਜੋ ਤੇਰੇ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਜਾਣਦੇ ਹਨ; ਅਤੇ ਜਿਹੜਾ ਵੀ ਉਨ੍ਹਾਂ ਨੂੰ ਨਹੀਂ ਜਾਣਦਾ, ਉਨ੍ਹਾਂ ਨੂੰ ਤੁਸੀਂ ਸਿਖਾਇਓ।+ 26 ਅਤੇ ਜਿਹੜਾ ਵੀ ਤੇਰੇ ਪਰਮੇਸ਼ੁਰ ਦੇ ਕਾਨੂੰਨ ਅਤੇ ਰਾਜੇ ਦੇ ਕਾਨੂੰਨ ਦੀ ਪਾਲਣਾ ਨਾ ਕਰੇ, ਉਸ ਨੂੰ ਤੁਰੰਤ ਸਜ਼ਾ ਦਿੱਤੀ ਜਾਵੇ, ਚਾਹੇ ਮੌਤ ਦੀ ਸਜ਼ਾ, ਦੇਸ਼-ਨਿਕਾਲਾ, ਜੁਰਮਾਨਾ ਜਾਂ ਕੈਦ।”
27 ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਰਾਜੇ ਦੇ ਮਨ ਵਿਚ ਇਹ ਗੱਲ ਪਾਈ ਕਿ ਉਹ ਯਰੂਸ਼ਲਮ ਵਿਚ ਯਹੋਵਾਹ ਦੇ ਭਵਨ ਦੀ ਸ਼ਾਨ ਵਧਾਵੇ!+ 28 ਉਸ ਨੇ ਰਾਜੇ ਦੇ ਸਾਮ੍ਹਣੇ ਅਤੇ ਉਸ ਦੇ ਸਲਾਹਕਾਰਾਂ+ ਤੇ ਰਾਜੇ ਦੇ ਸਾਰੇ ਤਾਕਤਵਰ ਹਾਕਮਾਂ ਸਾਮ੍ਹਣੇ ਮੇਰੇ ਨਾਲ ਅਟੱਲ ਪਿਆਰ ਦਿਖਾਇਆ।+ ਮੇਰੇ ਪਰਮੇਸ਼ੁਰ ਯਹੋਵਾਹ ਦਾ ਹੱਥ ਮੇਰੇ ਉੱਤੇ ਸੀ ਜਿਸ ਕਰਕੇ ਮੈਨੂੰ ਹਿੰਮਤ ਮਿਲੀ* ਤੇ ਮੈਂ ਆਪਣੇ ਨਾਲ ਲਿਜਾਣ ਲਈ ਇਜ਼ਰਾਈਲ ਵਿੱਚੋਂ ਮੋਹਰੀ ਆਦਮੀ* ਇਕੱਠੇ ਕੀਤੇ।