ਦਾਨੀਏਲ
2 ਆਪਣੇ ਰਾਜ ਦੇ ਦੂਜੇ ਸਾਲ ਵਿਚ ਨਬੂਕਦਨੱਸਰ ਨੇ ਕਈ ਸੁਪਨੇ ਦੇਖੇ ਅਤੇ ਉਸ ਦਾ ਮਨ ਇੰਨਾ ਬੇਚੈਨ ਹੋ ਗਿਆ+ ਕਿ ਉਸ ਨੂੰ ਨੀਂਦ ਨਾ ਆਈ। 2 ਇਸ ਲਈ ਰਾਜੇ ਨੇ ਹੁਕਮ ਦਿੱਤਾ ਕਿ ਜਾਦੂਗਰੀ ਕਰਨ ਵਾਲੇ ਪੁਜਾਰੀਆਂ, ਤਾਂਤ੍ਰਿਕਾਂ, ਜਾਦੂ-ਟੂਣਾ ਕਰਨ ਵਾਲਿਆਂ ਅਤੇ ਕਸਦੀਆਂ* ਨੂੰ ਬੁਲਾਇਆ ਜਾਵੇ ਤਾਂਕਿ ਉਹ ਰਾਜੇ ਨੂੰ ਉਸ ਦੇ ਸੁਪਨੇ ਦੱਸਣ। ਇਸ ਲਈ ਉਹ ਆ ਕੇ ਰਾਜੇ ਦੇ ਸਾਮ੍ਹਣੇ ਖੜ੍ਹੇ ਹੋ ਗਏ।+ 3 ਫਿਰ ਰਾਜੇ ਨੇ ਉਨ੍ਹਾਂ ਨੂੰ ਕਿਹਾ: “ਮੈਂ ਇਕ ਸੁਪਨਾ ਦੇਖਿਆ ਹੈ ਅਤੇ ਮੈਂ ਬੇਚੈਨ ਹਾਂ ਕਿਉਂਕਿ ਮੈਂ ਜਾਣਨਾ ਚਾਹੁੰਦਾ ਹਾਂ ਕਿ ਇਹ ਸੁਪਨਾ ਕੀ ਸੀ।” 4 ਕਸਦੀਆਂ ਨੇ ਅਰਾਮੀ ਭਾਸ਼ਾ ਵਿਚ ਰਾਜੇ ਨੂੰ ਜਵਾਬ ਦਿੱਤਾ:*+ “ਹੇ ਮਹਾਰਾਜ, ਤੂੰ ਯੁਗੋ-ਯੁਗ ਜੀਉਂਦਾ ਰਹੇਂ। ਆਪਣੇ ਸੇਵਕਾਂ ਨੂੰ ਸੁਪਨਾ ਦੱਸ ਅਤੇ ਅਸੀਂ ਤੈਨੂੰ ਉਸ ਦਾ ਮਤਲਬ ਦੱਸਾਂਗੇ।”
5 ਰਾਜੇ ਨੇ ਕਸਦੀਆਂ ਨੂੰ ਜਵਾਬ ਦਿੱਤਾ: “ਮੇਰਾ ਆਖ਼ਰੀ ਫ਼ੈਸਲਾ ਇਹ ਹੈ: ਜੇ ਤੁਸੀਂ ਮੈਨੂੰ ਮੇਰਾ ਸੁਪਨਾ ਅਤੇ ਇਸ ਦਾ ਮਤਲਬ ਨਹੀਂ ਦੱਸਿਆ, ਤਾਂ ਤੁਹਾਡੇ ਟੋਟੇ-ਟੋਟੇ ਕਰ ਦਿੱਤੇ ਜਾਣਗੇ ਅਤੇ ਤੁਹਾਡੇ ਘਰ ਲੋਕਾਂ ਲਈ ਪਖਾਨੇ* ਬਣਾ ਦਿੱਤੇ ਜਾਣਗੇ। 6 ਪਰ ਜੇ ਤੁਸੀਂ ਮੈਨੂੰ ਸੁਪਨਾ ਅਤੇ ਇਸ ਦਾ ਮਤਲਬ ਦੱਸ ਦਿੱਤਾ, ਤਾਂ ਮੈਂ ਤੁਹਾਨੂੰ ਤੋਹਫ਼ੇ ਅਤੇ ਇਨਾਮ ਦਿਆਂਗਾ ਅਤੇ ਤੁਹਾਨੂੰ ਸਨਮਾਨ ਬਖ਼ਸ਼ਾਂਗਾ।+ ਇਸ ਲਈ ਮੈਨੂੰ ਸੁਪਨਾ ਅਤੇ ਇਸ ਦਾ ਮਤਲਬ ਦੱਸੋ।”
7 ਉਨ੍ਹਾਂ ਨੇ ਦੁਬਾਰਾ ਰਾਜੇ ਨੂੰ ਕਿਹਾ: “ਹੇ ਮਹਾਰਾਜ, ਆਪਣੇ ਸੇਵਕਾਂ ਨੂੰ ਸੁਪਨਾ ਦੱਸ ਅਤੇ ਅਸੀਂ ਤੈਨੂੰ ਉਸ ਦਾ ਮਤਲਬ ਦੱਸਾਂਗੇ।”
8 ਰਾਜੇ ਨੇ ਜਵਾਬ ਵਿਚ ਕਿਹਾ: “ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੁਸੀਂ ਟਾਲ-ਮਟੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਤੁਸੀਂ ਮੇਰਾ ਆਖ਼ਰੀ ਫ਼ੈਸਲਾ ਜਾਣਦੇ ਹੋ। 9 ਜੇ ਤੁਸੀਂ ਮੈਨੂੰ ਸੁਪਨਾ ਨਾ ਦੱਸਿਆ, ਤਾਂ ਤੁਹਾਨੂੰ ਸਾਰਿਆਂ ਨੂੰ ਇੱਕੋ ਸਜ਼ਾ ਮਿਲੇਗੀ। ਪਰ ਤੁਸੀਂ ਆਪਸ ਵਿਚ ਸਲਾਹ ਕੀਤੀ ਹੈ ਕਿ ਤੁਸੀਂ ਝੂਠ ਬੋਲ ਕੇ ਮੈਨੂੰ ਧੋਖਾ ਦਿਓਗੇ ਜਦ ਤਕ ਹਾਲਾਤ ਬਦਲ ਨਹੀਂ ਜਾਂਦੇ। ਇਸ ਲਈ ਮੈਨੂੰ ਸੁਪਨਾ ਦੱਸੋ ਤਾਂਕਿ ਮੈਨੂੰ ਪਤਾ ਲੱਗੇ ਕਿ ਤੁਸੀਂ ਮੈਨੂੰ ਇਸ ਦਾ ਮਤਲਬ ਵੀ ਦੱਸ ਸਕਦੇ ਹੋ ਜਾਂ ਨਹੀਂ।”
10 ਕਸਦੀਆਂ ਨੇ ਰਾਜੇ ਨੂੰ ਜਵਾਬ ਦਿੱਤਾ: “ਇਸ ਧਰਤੀ* ਉੱਤੇ ਅਜਿਹਾ ਕੋਈ ਇਨਸਾਨ ਨਹੀਂ ਜੋ ਰਾਜੇ ਦੀ ਮੰਗ ਪੂਰੀ ਕਰ ਸਕੇ। ਕਿਸੇ ਵੀ ਮਹਾਨ ਰਾਜੇ ਜਾਂ ਰਾਜਪਾਲ ਨੇ ਜਾਦੂਗਰੀ ਕਰਨ ਵਾਲੇ ਪੁਜਾਰੀਆਂ, ਤਾਂਤ੍ਰਿਕਾਂ ਜਾਂ ਕਸਦੀਆਂ ਤੋਂ ਅਜਿਹੀ ਗੱਲ ਕਦੇ ਨਹੀਂ ਪੁੱਛੀ। 11 ਰਾਜੇ ਦੀ ਇਹ ਮੰਗ ਪੂਰੀ ਕਰਨੀ ਔਖੀ ਹੈ। ਕੋਈ ਵੀ ਰਾਜੇ ਨੂੰ ਇਹ ਗੱਲ ਨਹੀਂ ਦੱਸ ਸਕਦਾ, ਸਿਰਫ਼ ਦੇਵਤੇ ਹੀ ਇਸ ਦਾ ਜਵਾਬ ਦੇ ਸਕਦੇ ਹਨ ਜੋ ਇਨਸਾਨਾਂ ਨਾਲ ਨਹੀਂ ਵੱਸਦੇ।”
12 ਇਹ ਸੁਣ ਕੇ ਰਾਜਾ ਗੁੱਸੇ ਵਿਚ ਭੜਕ ਉੱਠਿਆ ਅਤੇ ਉਸ ਨੇ ਹੁਕਮ ਦਿੱਤਾ ਕਿ ਬਾਬਲ ਦੇ ਸਾਰੇ ਬੁੱਧੀਮਾਨ ਆਦਮੀਆਂ ਨੂੰ ਜਾਨੋਂ ਮਾਰ ਦਿੱਤਾ ਜਾਵੇ।+ 13 ਇਹ ਫ਼ਰਮਾਨ ਜਾਰੀ ਹੋਣ ਤੋਂ ਬਾਅਦ ਜਦ ਬੁੱਧੀਮਾਨ ਆਦਮੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਸੀ, ਤਾਂ ਉਨ੍ਹਾਂ ਨੇ ਦਾਨੀਏਲ ਅਤੇ ਉਸ ਦੇ ਸਾਥੀਆਂ ਨੂੰ ਵੀ ਲੱਭਿਆ ਤਾਂਕਿ ਉਨ੍ਹਾਂ ਨੂੰ ਵੀ ਜਾਨੋਂ ਮਾਰ ਦਿੱਤਾ ਜਾਵੇ।
14 ਉਸ ਵੇਲੇ ਦਾਨੀਏਲ ਨੇ ਸਮਝਦਾਰੀ ਨਾਲ ਅਤੇ ਸਾਵਧਾਨੀ ਵਰਤਦੇ ਹੋਏ ਰਾਜੇ ਦੇ ਅੰਗ-ਰੱਖਿਅਕਾਂ ਦੇ ਪ੍ਰਧਾਨ ਅਰਯੋਕ ਨਾਲ ਗੱਲ ਕੀਤੀ ਜੋ ਬਾਬਲ ਦੇ ਬੁੱਧੀਮਾਨ ਆਦਮੀਆਂ ਨੂੰ ਜਾਨੋਂ ਮਾਰਨ ਲਈ ਤੁਰ ਪਿਆ ਸੀ। 15 ਉਸ ਨੇ ਰਾਜੇ ਦੇ ਉੱਚ ਅਧਿਕਾਰੀ ਅਰਯੋਕ ਨੂੰ ਪੁੱਛਿਆ: “ਰਾਜੇ ਨੇ ਇਹ ਸਖ਼ਤ ਹੁਕਮ ਕਿਉਂ ਦਿੱਤਾ ਹੈ?” ਫਿਰ ਅਰਯੋਕ ਨੇ ਸਾਰਾ ਮਾਮਲਾ ਦਾਨੀਏਲ ਨੂੰ ਦੱਸ ਦਿੱਤਾ।+ 16 ਇਸ ਲਈ ਦਾਨੀਏਲ ਨੇ ਰਾਜੇ ਦੇ ਸਾਮ੍ਹਣੇ ਜਾ ਕੇ ਮਿੰਨਤ ਕੀਤੀ ਕਿ ਉਸ ਨੂੰ ਥੋੜ੍ਹਾ ਸਮਾਂ ਦਿੱਤਾ ਜਾਵੇ ਤਾਂਕਿ ਉਹ ਰਾਜੇ ਨੂੰ ਸੁਪਨੇ ਦਾ ਮਤਲਬ ਦੱਸ ਸਕੇ।
17 ਫਿਰ ਦਾਨੀਏਲ ਆਪਣੇ ਘਰ ਗਿਆ ਅਤੇ ਉਸ ਨੇ ਆਪਣੇ ਸਾਥੀਆਂ ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਨੂੰ ਸਾਰਾ ਮਾਮਲਾ ਦੱਸਿਆ। 18 ਉਸ ਨੇ ਉਨ੍ਹਾਂ ਨੂੰ ਇਸ ਭੇਤ ਦੇ ਮਾਮਲੇ ਵਿਚ ਸਵਰਗ ਦੇ ਪਰਮੇਸ਼ੁਰ ਨੂੰ ਦਇਆ ਵਾਸਤੇ ਪ੍ਰਾਰਥਨਾ ਕਰਨ ਲਈ ਕਿਹਾ ਤਾਂਕਿ ਦਾਨੀਏਲ ਅਤੇ ਉਸ ਦੇ ਸਾਥੀ ਬਾਬਲ ਦੇ ਹੋਰ ਬੁੱਧੀਮਾਨ ਆਦਮੀਆਂ ਸਣੇ ਮਾਰੇ ਨਾ ਜਾਣ।
19 ਫਿਰ ਰਾਤ ਨੂੰ ਦਰਸ਼ਣ ਵਿਚ ਦਾਨੀਏਲ ਉੱਤੇ ਇਹ ਭੇਤ ਜ਼ਾਹਰ ਕੀਤਾ ਗਿਆ।+ ਇਸ ਲਈ ਦਾਨੀਏਲ ਨੇ ਸਵਰਗ ਦੇ ਪਰਮੇਸ਼ੁਰ ਦੀ ਮਹਿਮਾ ਕੀਤੀ। 20 ਦਾਨੀਏਲ ਨੇ ਕਿਹਾ:
22 ਉਹ ਡੂੰਘੀਆਂ ਅਤੇ ਗੁਪਤ ਗੱਲਾਂ ਜ਼ਾਹਰ ਕਰਦਾ ਹੈ,+
ਉਹ ਜਾਣਦਾ ਹੈ ਕਿ ਹਨੇਰੇ ਵਿਚ ਕੀ ਹੈ+
ਅਤੇ ਚਾਨਣ ਉਸੇ ਦੇ ਨਾਲ ਵੱਸਦਾ ਹੈ।+
23 ਹੇ ਮੇਰੇ ਪਿਉ-ਦਾਦਿਆਂ ਦੇ ਪਰਮੇਸ਼ੁਰ, ਮੈਂ ਤੇਰਾ ਧੰਨਵਾਦ ਕਰਦਾ ਹਾਂ ਅਤੇ ਤੇਰਾ ਗੁਣਗਾਨ ਕਰਦਾ ਹਾਂ
ਕਿਉਂਕਿ ਤੂੰ ਮੈਨੂੰ ਬੁੱਧ ਅਤੇ ਤਾਕਤ ਬਖ਼ਸ਼ੀ ਹੈ।
ਅਸੀਂ ਤੇਰੇ ਕੋਲੋਂ ਜੋ ਪੁੱਛਿਆ, ਉਹ ਤੂੰ ਮੈਨੂੰ ਦੱਸਿਆ ਹੈ;
ਤੂੰ ਰਾਜੇ ਦੀ ਗੱਲ ਸਾਡੇ ʼਤੇ ਜ਼ਾਹਰ ਕੀਤੀ ਹੈ।”+
24 ਫਿਰ ਦਾਨੀਏਲ ਅਰਯੋਕ ਕੋਲ ਗਿਆ ਜਿਸ ਨੂੰ ਰਾਜੇ ਨੇ ਬਾਬਲ ਦੇ ਬੁੱਧੀਮਾਨ ਆਦਮੀਆਂ ਨੂੰ ਜਾਨੋਂ ਮਾਰਨ ਲਈ ਨਿਯੁਕਤ ਕੀਤਾ ਸੀ+ ਅਤੇ ਉਸ ਨੇ ਅਰਯੋਕ ਨੂੰ ਕਿਹਾ: “ਬਾਬਲ ਦੇ ਬੁੱਧੀਮਾਨ ਆਦਮੀਆਂ ਨੂੰ ਜਾਨੋਂ ਨਾ ਮਾਰੀਂ। ਮੈਨੂੰ ਰਾਜੇ ਦੇ ਸਾਮ੍ਹਣੇ ਲੈ ਜਾ ਅਤੇ ਮੈਂ ਰਾਜੇ ਨੂੰ ਉਸ ਦੇ ਸੁਪਨੇ ਦਾ ਮਤਲਬ ਦੱਸਾਂਗਾ।”
25 ਅਰਯੋਕ ਫਟਾਫਟ ਦਾਨੀਏਲ ਨੂੰ ਰਾਜੇ ਅੱਗੇ ਲੈ ਗਿਆ ਅਤੇ ਰਾਜੇ ਨੂੰ ਕਿਹਾ: “ਮੈਨੂੰ ਯਹੂਦਾਹ ਦੇ ਗ਼ੁਲਾਮਾਂ ਵਿੱਚੋਂ ਇਕ ਆਦਮੀ ਮਿਲਿਆ ਹੈ+ ਜੋ ਰਾਜੇ ਨੂੰ ਸੁਪਨੇ ਦਾ ਮਤਲਬ ਦੱਸ ਸਕਦਾ ਹੈ।” 26 ਰਾਜੇ ਨੇ ਦਾਨੀਏਲ ਜਿਸ ਦਾ ਨਾਂ ਬੇਲਟਸ਼ੱਸਰ ਵੀ ਸੀ,+ ਨੂੰ ਕਿਹਾ: “ਕੀ ਤੂੰ ਸੱਚ-ਮੁੱਚ ਮੈਨੂੰ ਮੇਰਾ ਸੁਪਨਾ ਅਤੇ ਇਸ ਦਾ ਮਤਲਬ ਦੱਸ ਸਕਦਾ ਹੈਂ?”+ 27 ਦਾਨੀਏਲ ਨੇ ਰਾਜੇ ਨੂੰ ਜਵਾਬ ਦਿੱਤਾ: “ਰਾਜਾ ਜੋ ਭੇਤ ਜਾਣਨਾ ਚਾਹੁੰਦਾ ਹੈ, ਉਸ ਬਾਰੇ ਕੋਈ ਬੁੱਧੀਮਾਨ ਆਦਮੀ, ਤਾਂਤ੍ਰਿਕ, ਜਾਦੂਗਰੀ ਕਰਨ ਵਾਲਾ ਪੁਜਾਰੀ ਜਾਂ ਜੋਤਸ਼ੀ ਨਹੀਂ ਦੱਸ ਸਕਦਾ।+ 28 ਪਰ ਸਵਰਗ ਵਿਚ ਇਕ ਪਰਮੇਸ਼ੁਰ ਹੈ ਜੋ ਭੇਤਾਂ ਨੂੰ ਜ਼ਾਹਰ ਕਰਦਾ ਹੈ+ ਅਤੇ ਉਸ ਨੇ ਰਾਜਾ ਨਬੂਕਦਨੱਸਰ ਨੂੰ ਦੱਸ ਦਿੱਤਾ ਹੈ ਕਿ ਆਖ਼ਰੀ ਦਿਨਾਂ ਵਿਚ ਕੀ ਹੋਵੇਗਾ। ਹੁਣ ਸੁਣ ਕਿ ਤੂੰ ਬਿਸਤਰੇ ʼਤੇ ਸੁੱਤੇ ਹੋਏ ਇਹ ਸੁਪਨਾ ਅਤੇ ਇਹ ਦਰਸ਼ਣ ਦੇਖਿਆ:
29 “ਹੇ ਮਹਾਰਾਜ, ਤੂੰ ਆਪਣੇ ਬਿਸਤਰੇ ʼਤੇ ਪਿਆਂ ਸੁਪਨੇ ਵਿਚ ਦੇਖਿਆ ਕਿ ਭਵਿੱਖ ਵਿਚ ਕੀ ਹੋਵੇਗਾ ਅਤੇ ਭੇਤ ਜ਼ਾਹਰ ਕਰਨ ਵਾਲੇ ਪਰਮੇਸ਼ੁਰ ਨੇ ਤੈਨੂੰ ਦੱਸ ਦਿੱਤਾ ਹੈ ਕਿ ਅੱਗੇ ਕੀ ਹੋਣ ਵਾਲਾ ਹੈ। 30 ਪਰ ਮੇਰੇ ਉੱਤੇ ਇਹ ਭੇਤ ਇਸ ਲਈ ਨਹੀਂ ਜ਼ਾਹਰ ਕੀਤਾ ਗਿਆ ਕਿ ਮੈਂ ਬਾਕੀ ਇਨਸਾਨਾਂ ਨਾਲੋਂ ਜ਼ਿਆਦਾ ਬੁੱਧੀਮਾਨ ਹਾਂ, ਸਗੋਂ ਇਸ ਲਈ ਜ਼ਾਹਰ ਕੀਤਾ ਗਿਆ ਹੈ ਤਾਂਕਿ ਰਾਜਾ ਸੁਪਨੇ ਦਾ ਮਤਲਬ ਅਤੇ ਆਪਣੇ ਮਨ ਦੇ ਵਿਚਾਰਾਂ ਨੂੰ ਜਾਣ ਸਕੇ।+
31 “ਹੇ ਮਹਾਰਾਜ, ਤੂੰ ਸੁਪਨੇ ਵਿਚ ਇਕ ਵੱਡੀ ਮੂਰਤ ਦੇਖੀ।* ਜੋ ਮੂਰਤ ਤੇਰੇ ਸਾਮ੍ਹਣੇ ਖੜ੍ਹੀ ਸੀ, ਉਹ ਵਿਸ਼ਾਲ ਅਤੇ ਬਹੁਤ ਚਮਕਦਾਰ ਅਤੇ ਦੇਖਣ ਨੂੰ ਡਰਾਉਣੀ ਸੀ। 32 ਉਸ ਮੂਰਤ ਦਾ ਸਿਰ ਖਾਲਸ ਸੋਨੇ ਦਾ,+ ਛਾਤੀ ਅਤੇ ਬਾਹਾਂ ਚਾਂਦੀ ਦੀਆਂ,+ ਢਿੱਡ ਅਤੇ ਪੱਟ ਤਾਂਬੇ ਦੇ,+ 33 ਲੱਤਾਂ ਲੋਹੇ ਦੀਆਂ+ ਅਤੇ ਪੈਰ ਕੁਝ ਲੋਹੇ ਦੇ ਤੇ ਕੁਝ ਮਿੱਟੀ* ਦੇ ਸਨ।+ 34 ਜਦ ਅਜੇ ਤੂੰ ਇਹ ਦੇਖ ਹੀ ਰਿਹਾ ਸੀ, ਤਾਂ ਪਹਾੜ ਤੋਂ ਇਕ ਪੱਥਰ ਬਿਨਾਂ ਹੱਥ ਲਾਏ ਕੱਟਿਆ ਗਿਆ ਅਤੇ ਮੂਰਤ ਦੇ ਲੋਹੇ ਅਤੇ ਮਿੱਟੀ ਦੇ ਪੈਰਾਂ ʼਤੇ ਵੱਜਾ ਅਤੇ ਉਨ੍ਹਾਂ ਨੂੰ ਚੂਰ-ਚੂਰ ਕਰ ਦਿੱਤਾ।+ 35 ਉਸ ਸਮੇਂ ਲੋਹਾ, ਮਿੱਟੀ, ਤਾਂਬਾ, ਚਾਂਦੀ ਅਤੇ ਸੋਨਾ ਸਾਰੇ ਚੂਰ-ਚੂਰ ਹੋ ਗਏ ਅਤੇ ਉਹ ਗਰਮੀਆਂ ਦੌਰਾਨ ਪਿੜ ਵਿਚ ਪਈ ਤੂੜੀ ਵਾਂਗ ਹੋ ਗਏ ਅਤੇ ਹਵਾ ਉਨ੍ਹਾਂ ਨੂੰ ਉਡਾ ਕੇ ਲੈ ਗਈ ਜਿਸ ਕਰਕੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟ ਗਿਆ। ਪਰ ਜਿਹੜਾ ਪੱਥਰ ਮੂਰਤ ਦੇ ਵੱਜਾ ਸੀ, ਉਹ ਇਕ ਵੱਡਾ ਪਹਾੜ ਬਣ ਗਿਆ ਅਤੇ ਸਾਰੀ ਧਰਤੀ ਉੱਤੇ ਫੈਲ ਗਿਆ।
36 “ਤੂੰ ਇਹ ਸੁਪਨਾ ਦੇਖਿਆ ਸੀ ਅਤੇ ਹੁਣ ਅਸੀਂ ਰਾਜੇ ਨੂੰ ਇਸ ਦਾ ਮਤਲਬ ਦੱਸਾਂਗੇ। 37 ਹੇ ਮਹਾਰਾਜ, ਤੂੰ ਰਾਜਿਆਂ ਦਾ ਰਾਜਾ ਹੈਂ ਅਤੇ ਸਵਰਗ ਦੇ ਪਰਮੇਸ਼ੁਰ ਨੇ ਤੈਨੂੰ ਰਾਜ,+ ਬਲ, ਸ਼ਕਤੀ ਅਤੇ ਮਹਿਮਾ ਦਿੱਤੀ ਹੈ। 38 ਉਸ ਨੇ ਤੈਨੂੰ ਸਾਰੇ ਇਨਸਾਨਾਂ ਉੱਤੇ ਅਧਿਕਾਰ ਦਿੱਤਾ ਹੈ, ਚਾਹੇ ਉਹ ਜਿੱਥੇ ਮਰਜ਼ੀ ਰਹਿੰਦੇ ਹੋਣ। ਨਾਲੇ ਉਸ ਨੇ ਮੈਦਾਨ ਦੇ ਜਾਨਵਰਾਂ ਅਤੇ ਆਕਾਸ਼ ਦੇ ਪੰਛੀਆਂ ਨੂੰ ਤੇਰੇ ਹੱਥ ਵਿਚ ਕੀਤਾ ਹੈ ਅਤੇ ਉਸ ਨੇ ਤੈਨੂੰ ਇਨ੍ਹਾਂ ਸਾਰਿਆਂ ਉੱਤੇ ਹਾਕਮ ਠਹਿਰਾਇਆ ਹੈ।+ ਇਸ ਲਈ ਤੂੰ ਹੀ ਉਹ ਸੋਨੇ ਦਾ ਸਿਰ ਹੈਂ।+
39 “ਪਰ ਤੇਰੇ ਤੋਂ ਬਾਅਦ ਇਕ ਹੋਰ ਰਾਜ ਖੜ੍ਹਾ ਹੋਵੇਗਾ,+ ਜੋ ਤੇਰੇ ਤੋਂ ਕਮਜ਼ੋਰ ਹੋਵੇਗਾ ਅਤੇ ਫਿਰ ਤੀਸਰਾ ਰਾਜ ਖੜ੍ਹਾ ਹੋਵੇਗਾ ਜੋ ਤਾਂਬੇ ਦਾ ਹੋਵੇਗਾ ਅਤੇ ਸਾਰੀ ਧਰਤੀ ਉੱਤੇ ਹਕੂਮਤ ਕਰੇਗਾ।+
40 “ਫਿਰ ਚੌਥਾ ਰਾਜ ਲੋਹੇ ਵਾਂਗ ਮਜ਼ਬੂਤ ਹੋਵੇਗਾ।+ ਜਿਸ ਤਰ੍ਹਾਂ ਲੋਹਾ ਹਰ ਚੀਜ਼ ਨੂੰ ਚੂਰ-ਚੂਰ ਕਰ ਦਿੰਦਾ ਹੈ ਅਤੇ ਪੀਹ ਦਿੰਦਾ ਹੈ, ਹਾਂ, ਜਿਵੇਂ ਲੋਹਾ ਚਕਨਾਚੂਰ ਕਰ ਦਿੰਦਾ ਹੈ, ਇਸੇ ਤਰ੍ਹਾਂ ਇਹ ਰਾਜ ਇਨ੍ਹਾਂ ਸਾਰੇ ਰਾਜਾਂ ਨੂੰ ਚੂਰ-ਚੂਰ ਕਰ ਦੇਵੇਗਾ।+
41 “ਜਿਵੇਂ ਤੂੰ ਦੇਖਿਆ, ਉਸ ਮੂਰਤ ਦੇ ਪੈਰ ਅਤੇ ਉਸ ਦੀਆਂ ਉਂਗਲਾਂ ਕੁਝ ਲੋਹੇ ਅਤੇ ਕੁਝ ਘੁਮਿਆਰ ਦੀ ਮਿੱਟੀ ਦੀਆਂ ਸਨ, ਇਸੇ ਤਰ੍ਹਾਂ ਇਹ ਰਾਜ ਵੰਡਿਆ ਹੋਵੇਗਾ। ਪਰ ਫਿਰ ਵੀ ਇਹ ਰਾਜ ਲੋਹੇ ਵਾਂਗ ਕੁਝ ਸਖ਼ਤ ਹੋਵੇਗਾ, ਜਿਵੇਂ ਤੂੰ ਦੇਖਿਆ ਕਿ ਲੋਹਾ ਨਰਮ ਮਿੱਟੀ ਨਾਲ ਮਿਲਿਆ ਹੋਇਆ ਸੀ। 42 ਜਿਵੇਂ ਪੈਰਾਂ ਦੀਆਂ ਉਂਗਲਾਂ ਕੁਝ ਲੋਹੇ ਦੀਆਂ ਤੇ ਕੁਝ ਮਿੱਟੀ ਦੀਆਂ ਸਨ, ਇਸੇ ਤਰ੍ਹਾਂ ਇਹ ਰਾਜ ਕੁਝ ਹੱਦ ਤਕ ਮਜ਼ਬੂਤ ਹੋਵੇਗਾ ਅਤੇ ਕੁਝ ਹੱਦ ਤਕ ਕਮਜ਼ੋਰ ਹੋਵੇਗਾ। 43 ਜਿਵੇਂ ਤੂੰ ਦੇਖਿਆ ਕਿ ਲੋਹਾ ਨਰਮ ਮਿੱਟੀ ਵਿਚ ਰਲ਼ਿਆ ਹੋਇਆ ਸੀ, ਉਸੇ ਤਰ੍ਹਾਂ ਇਸ ਰਾਜ ਦੇ ਹਿੱਸਿਆਂ ਵਿਚ ਵੱਖੋ-ਵੱਖਰੀ ਤਰ੍ਹਾਂ ਦੇ ਲੋਕ* ਹੋਣਗੇ। ਪਰ ਉਹ ਆਪਸ ਵਿਚ ਇਕ ਨਹੀਂ ਹੋਣਗੇ, ਠੀਕ ਜਿਵੇਂ ਲੋਹਾ ਅਤੇ ਮਿੱਟੀ ਆਪਸ ਵਿਚ ਨਹੀਂ ਰਲ਼ਦੇ।
44 “ਉਨ੍ਹਾਂ ਰਾਜਿਆਂ ਦੇ ਦਿਨਾਂ ਵਿਚ ਸਵਰਗ ਦਾ ਪਰਮੇਸ਼ੁਰ ਇਕ ਰਾਜ ਖੜ੍ਹਾ ਕਰੇਗਾ+ ਜੋ ਕਦੇ ਨਾਸ਼ ਨਹੀਂ ਹੋਵੇਗਾ।+ ਇਹ ਰਾਜ ਹੋਰ ਲੋਕਾਂ ਦੇ ਹੱਥਾਂ ਵਿਚ ਨਹੀਂ ਦਿੱਤਾ ਜਾਵੇਗਾ।+ ਇਹ ਇਨ੍ਹਾਂ ਸਾਰੀਆਂ ਹਕੂਮਤਾਂ ਨੂੰ ਚੂਰ-ਚੂਰ ਕਰ ਕੇ ਇਨ੍ਹਾਂ ਦਾ ਅੰਤ ਕਰ ਦੇਵੇਗਾ,+ ਪਰ ਆਪ ਹਮੇਸ਼ਾ ਲਈ ਕਾਇਮ ਰਹੇਗਾ।+ 45 ਜਿਵੇਂ ਤੂੰ ਦੇਖਿਆ, ਪਹਾੜ ਤੋਂ ਇਕ ਪੱਥਰ ਬਿਨਾਂ ਹੱਥ ਲਾਏ ਕੱਟਿਆ ਗਿਆ ਸੀ ਅਤੇ ਇਸ ਨੇ ਲੋਹੇ, ਤਾਂਬੇ, ਮਿੱਟੀ, ਚਾਂਦੀ ਅਤੇ ਸੋਨੇ ਨੂੰ ਚਕਨਾਚੂਰ ਕਰ ਦਿੱਤਾ ਸੀ।+ ਮਹਾਨ ਪਰਮੇਸ਼ੁਰ ਨੇ ਰਾਜੇ ਨੂੰ ਦੱਸ ਦਿੱਤਾ ਹੈ ਕਿ ਭਵਿੱਖ ਵਿਚ ਕੀ ਹੋਵੇਗਾ।+ ਇਹ ਸੁਪਨਾ ਜ਼ਰੂਰ ਪੂਰਾ ਹੋਵੇਗਾ ਅਤੇ ਇਸ ਸੁਪਨੇ ਦਾ ਜੋ ਮਤਲਬ ਦੱਸਿਆ ਗਿਆ ਹੈ, ਉਸੇ ਮੁਤਾਬਕ ਹੋਵੇਗਾ।”
46 ਫਿਰ ਰਾਜਾ ਨਬੂਕਦਨੱਸਰ ਨੇ ਦਾਨੀਏਲ ਅੱਗੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ ਅਤੇ ਉਸ ਦਾ ਆਦਰ ਕੀਤਾ। ਨਾਲੇ ਉਸ ਨੇ ਹੁਕਮ ਦਿੱਤਾ ਕਿ ਦਾਨੀਏਲ ਨੂੰ ਤੋਹਫ਼ਾ ਦਿੱਤਾ ਜਾਵੇ ਅਤੇ ਉਸ ਅੱਗੇ ਧੂਪ ਧੁਖਾਈ ਜਾਵੇ। 47 ਰਾਜੇ ਨੇ ਦਾਨੀਏਲ ਨੂੰ ਕਿਹਾ: “ਸੱਚ-ਮੁੱਚ ਤੇਰਾ ਪਰਮੇਸ਼ੁਰ ਸਾਰੇ ਈਸ਼ਵਰਾਂ ਤੋਂ ਮਹਾਨ ਹੈ ਅਤੇ ਰਾਜਿਆਂ ਦਾ ਰਾਜਾ* ਹੈ ਅਤੇ ਭੇਤਾਂ ਨੂੰ ਜ਼ਾਹਰ ਕਰਦਾ ਹੈ, ਤਾਂ ਹੀ ਤੂੰ ਇਸ ਭੇਤ ਨੂੰ ਦੱਸ ਸਕਿਆ।+ 48 ਫਿਰ ਰਾਜੇ ਨੇ ਦਾਨੀਏਲ ਦਾ ਰੁਤਬਾ ਉੱਚਾ ਕੀਤਾ ਅਤੇ ਉਸ ਨੂੰ ਬਹੁਤ ਸਾਰੇ ਵਧੀਆ ਤੋਹਫ਼ੇ ਦਿੱਤੇ ਅਤੇ ਉਸ ਨੂੰ ਪੂਰੇ ਬਾਬਲ ਜ਼ਿਲ੍ਹੇ ਦਾ ਹਾਕਮ ਬਣਾ ਦਿੱਤਾ ਅਤੇ ਬਾਬਲ ਦੇ ਸਾਰੇ ਬੁੱਧੀਮਾਨ ਆਦਮੀਆਂ ਉੱਤੇ ਮੁੱਖ ਨਿਗਰਾਨ ਠਹਿਰਾਇਆ।+ 49 ਨਾਲੇ ਦਾਨੀਏਲ ਦੀ ਗੁਜ਼ਾਰਸ਼ ʼਤੇ ਰਾਜੇ ਨੇ ਸ਼ਦਰਕ, ਮੇਸ਼ਕ ਅਤੇ ਅਬਦਨਗੋ+ ਨੂੰ ਬਾਬਲ ਜ਼ਿਲ੍ਹੇ ਦਾ ਪ੍ਰਬੰਧ ਸੌਂਪ ਦਿੱਤਾ, ਪਰ ਦਾਨੀਏਲ ਰਾਜੇ ਦੇ ਦਰਬਾਰ ਵਿਚ ਸੇਵਾ ਕਰਦਾ ਰਿਹਾ।