ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਲਈ ਪ੍ਰਕਾਸ਼ਨ
2-8 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਸਮੂਏਲ 27-29
“ਦਾਊਦ ਦੇ ਫ਼ੌਜੀ ਦਾਅ-ਪੇਚ”
it-1 41
ਆਕੀਸ਼
ਜਦੋਂ ਦਾਊਦ ਰਾਜਾ ਸ਼ਾਊਲ ਦੇ ਡਰ ਕਰਕੇ ਭੱਜਿਆ ਸੀ, ਤਾਂ ਉਸ ਨੇ ਦੋ ਵਾਰ ਆਕੀਸ਼ ਰਾਜੇ ਦੇ ਇਲਾਕੇ ਵਿਚ ਪਨਾਹ ਲਈ। ਪਹਿਲੀ ਵਾਰ ਜਦੋਂ ਦਾਊਦ ਉਸ ਇਲਾਕੇ ਵਿਚ ਗਿਆ ਸੀ, ਤਾਂ ਲੋਕਾਂ ਨੇ ਉਸ ʼਤੇ ਭਰੋਸਾ ਨਹੀਂ ਕੀਤਾ ਸੀ ਅਤੇ ਕਿਹਾ ਕਿ ਉਹ ਉਨ੍ਹਾਂ ਦਾ ਦੁਸ਼ਮਣ ਹੈ। ਇਸ ਲਈ ਦਾਊਦ ਨੇ ਪਾਗਲ ਹੋਣ ਦਾ ਢੌਂਗ ਕੀਤਾ। ਦਾਊਦ ਨੂੰ ਅਜਿਹੀ ਹਾਲਤ ਵਿਚ ਦੇਖ ਕੇ ਰਾਜੇ ਨੇ ਦਾਊਦ ਨੂੰ ਜਾਣ ਦਿੱਤਾ ਕਿਉਂਕਿ ਉਸ ਨੇ ਸੋਚਿਆ ਕਿ ਇਹ ਪਾਗਲ ਉਸ ਦਾ ਕੁਝ ਨਹੀਂ ਵਿਗਾੜ ਸਕਦਾ। (1 ਸਮੂ 21:10-15; ਜ਼ਬੂ 34:ਸਿਰਲੇਖ; 56:ਸਿਰਲੇਖ) ਦੂਜੀ ਵਾਰ ਜਦੋਂ ਦਾਊਦ ਉਸ ਇਲਾਕੇ ਵਿਚ ਗਿਆ ਸੀ, ਤਾਂ ਉਸ ਨਾਲ ਉਸ ਦਾ ਪਰਿਵਾਰ, 600 ਫ਼ੌਜੀ ਅਤੇ ਉਨ੍ਹਾਂ ਦੇ ਪਰਿਵਾਰ ਸਨ। ਆਕੀਸ਼ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਿਕਲਗ ਵਿਚ ਰਹਿ ਸਕਦੇ ਹਨ। ਦਾਊਦ ਤੇ ਉਸ ਦੇ ਆਦਮੀ ਉੱਥੇ ਇਕ ਸਾਲ ਤੇ ਚਾਰ ਮਹੀਨੇ ਰਹੇ। ਇਸ ਸਮੇਂ ਦੌਰਾਨ ਉਹ ਕੁਝ ਇਲਾਕਿਆਂ ਨੂੰ ਲੁੱਟ ਰਹੇ ਸਨ। ਆਕੀਸ਼ ਨੇ ਸੋਚਿਆ ਕਿ ਉਹ ਯਹੂਦਾਹ ਦੇ ਸ਼ਹਿਰਾਂ ʼਤੇ ਹਮਲਾ ਕਰ ਰਹੇ ਹਨ। ਪਰ ਸੱਚ ਤਾਂ ਇਹ ਸੀ ਕਿ ਉਹ ਗਸ਼ੂਰੀਆਂ, ਗਿਰਜ਼ੀਆਂ ਅਤੇ ਅਮਾਲੇਕੀਆਂ ਨੂੰ ਲੁੱਟ ਰਹੇ ਸਨ। (1 ਸਮੂ 27:1-12) ਆਕੀਸ਼ ਨੂੰ ਦਾਊਦ ʼਤੇ ਪੂਰਾ ਯਕੀਨ ਹੋ ਗਿਆ। ਇਸ ਲਈ ਜਦੋਂ ਫਲਿਸਤੀ ਰਾਜਾ ਸ਼ਾਊਲ ʼਤੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਸਨ, ਤਾਂ ਉਸ ਨੇ ਦਾਊਦ ਨੂੰ ਆਪਣਾ ਅੰਗ-ਰੱਖਿਅਕ ਬਣਾ ਲਿਆ। ਪਰ ਐਨ ਮੌਕੇ ʼਤੇ ਫਲਿਸਤੀਆਂ ਦੇ ‘ਪੰਜ ਹਾਕਮਾਂ’ ਨੇ ਕਿਹਾ ਕਿ ਦਾਊਦ ਤੇ ਉਸ ਦੇ ਆਦਮੀਆਂ ਨੂੰ ਆਪਣੇ ਨਾਲ ਲੈ ਕੇ ਜਾਣਾ ਠੀਕ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਵਾਪਸ ਸਿਕਲਗ ਭੇਜ ਦਿੱਤਾ ਗਿਆ। (1 ਸਮੂਏਲ 28:2; 29:1-11) ਇੱਦਾਂ ਲੱਗਦਾ ਹੈ ਜਦੋਂ ਦਾਊਦ ਰਾਜਾ ਬਣਿਆ ਅਤੇ ਗਥ ਖ਼ਿਲਾਫ਼ ਲੜਿਆ, ਤਾਂ ਆਕੀਸ਼ ਨੂੰ ਜੀਉਂਦਾ ਛੱਡ ਦਿੱਤਾ ਗਿਆ ਸੀ। ਉਹ ਸੁਲੇਮਾਨ ਦੇ ਰਾਜ ਵਿਚ ਵੀ ਜੀਉਂਦਾ ਸੀ।—1 ਰਾਜਿਆਂ 2:39-41.
ਨੌਜਵਾਨ ਭਰਾਵੋ, ਤੁਸੀਂ ਦੂਸਰਿਆਂ ਦਾ ਭਰੋਸਾ ਕਿਵੇਂ ਜਿੱਤ ਸਕਦੇ ਹੋ?
8 ਦਾਊਦ ਦੇ ਸਾਮ੍ਹਣੇ ਇਕ ਹੋਰ ਮੁਸ਼ਕਲ ਆਈ। ਉਸ ਨੂੰ ਰਾਜਾ ਤਾਂ ਕਾਫ਼ੀ ਸਮਾਂ ਪਹਿਲਾਂ ਚੁਣ ਲਿਆ ਗਿਆ ਸੀ, ਪਰ ਯਹੂਦਾਹ ʼਤੇ ਰਾਜ ਕਰਨ ਲਈ ਉਸ ਨੂੰ ਕਈ ਸਾਲ ਇੰਤਜ਼ਾਰ ਕਰਨਾ ਪਿਆ। (1 ਸਮੂ. 16:13; 2 ਸਮੂ. 2: 3, 4) ਇਸ ਸਮੇਂ ਦੌਰਾਨ ਉਸ ਨੇ ਕੀ ਕੀਤਾ? ਕੀ ਉਹ ਨਿਰਾਸ਼ਾ ਵਿਚ ਡੁੱਬ ਗਿਆ? ਨਹੀਂ, ਉਸ ਨੇ ਧੀਰਜ ਰੱਖਿਆ ਅਤੇ ਉਹ ਕੰਮ ਕੀਤਾ ਜੋ ਉਹ ਕਰ ਸਕਦਾ ਸੀ। ਮਿਸਾਲ ਲਈ, ਜਦੋਂ ਉਹ ਸ਼ਾਊਲ ਤੋਂ ਭੱਜ ਰਿਹਾ ਸੀ, ਤਾਂ ਉਹ ਫਲਿਸਤੀਆਂ ਦੇ ਦੇਸ਼ ਗਿਆ। ਉੱਥੇ ਰਹਿੰਦਿਆਂ ਉਸ ਨੇ ਇਜ਼ਰਾਈਲੀਆਂ ਦੇ ਦੁਸ਼ਮਣਾਂ ਨਾਲ ਲੜਾਈ ਕੀਤੀ। ਇਸ ਤਰ੍ਹਾਂ ਉਸ ਨੇ ਯਹੂਦਾਹ ਦੇਸ਼ ਦੀ ਰਾਖੀ ਕੀਤੀ।—1 ਸਮੂ. 27:1-12.
it-2 245 ਪੈਰਾ 6
ਝੂਠ
ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਯਹੋਵਾਹ ਝੂਠ ਬੋਲਣ ਵਾਲੇ ਲੋਕਾਂ ਤੋਂ ਖ਼ੁਸ਼ ਨਹੀਂ ਹੁੰਦਾ। ਪਰ ਇਸ ਦਾ ਇਹ ਮਤਲਬ ਨਹੀਂ ਕਿ ਇਕ ਵਿਅਕਤੀ ਉਸ ਇਨਸਾਨ ਨੂੰ ਜਾਣਕਾਰੀ ਦੇਵੇ ਜਿਸ ਨੂੰ ਜਾਣਨ ਦਾ ਉਸ ਦਾ ਹੱਕ ਨਹੀਂ ਹੈ। ਯਿਸੂ ਮਸੀਹ ਨੇ ਸਲਾਹ ਦਿੱਤੀ ਸੀ: “ਤੁਸੀਂ ਪਵਿੱਤਰ ਚੀਜ਼ਾਂ ਕੁੱਤਿਆਂ ਨੂੰ ਨਾ ਪਾਓ ਤੇ ਨਾ ਹੀ ਆਪਣੇ ਮੋਤੀ ਸੂਰਾਂ ਅੱਗੇ ਸੁੱਟੋ, ਕਿਤੇ ਇਵੇਂ ਨਾ ਹੋਵੇ ਕਿ ਉਹ ਇਨ੍ਹਾਂ ਨੂੰ ਆਪਣੇ ਪੈਰਾਂ ਹੇਠ ਰੋਲਣ ਅਤੇ ਮੁੜ ਕੇ ਤੁਹਾਨੂੰ ਹੀ ਪਾੜ ਸੁੱਟਣ।” (ਮੱਤੀ 7:6) ਇਸ ਕਰਕੇ ਯਿਸੂ ਨੇ ਕਈ ਵਾਰ ਜਾਣ-ਬੁੱਝ ਕੇ ਸਾਰੀ ਜਾਣਕਾਰੀ ਜਾਂ ਕੁਝ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਕਿਉਂਕਿ ਉਹ ਜਾਣਦਾ ਸੀ ਇੱਦਾਂ ਕਰਨਾ ਨੁਕਸਾਨਦੇਹ ਹੋ ਸਕਦਾ ਹੈ।—ਮੱਤੀ 15:1-6; 21:23-27; ਯੂਹੰ 7:3-10.
ਹੀਰੇ-ਮੋਤੀ
ਕੀ ਮਰ ਚੁੱਕੇ ਲੋਕ ਜੀਉਂਦਿਆਂ ਦੀ ਮਦਦ ਕਰ ਸਕਦੇ ਹਨ?
ਬਾਈਬਲ ਦੱਸਦੀ ਹੈ ਕਿ ਮਰਨ ਤੋਂ ਬਾਅਦ ਇਨਸਾਨ “ਮਿੱਟੀ ਵਿਚ ਮੁੜ ਜਾਂਦਾ ਹੈ” ਅਤੇ “ਉਸ ਦੇ ਵਿਚਾਰ ਖ਼ਤਮ ਹੋ ਜਾਂਦੇ ਹਨ।” (ਜ਼ਬੂਰ 146:4) ਸ਼ਾਊਲ ਤੇ ਸਮੂਏਲ ਜਾਣਦੇ ਸਨ ਕਿ ਪਰਮੇਸ਼ੁਰ ਚੇਲੇ-ਚਾਂਟਿਆਂ ਕੋਲ ਜਾਣ ਤੋਂ ਮਨ੍ਹਾ ਕਰਦਾ ਹੈ। ਇਸ ਕਰਕੇ ਸ਼ਾਊਲ ਨੇ ਬਹੁਤ ਸਾਲ ਪਹਿਲਾਂ ਦੇਸ਼ ਵਿੱਚੋਂ ਜਾਦੂਗਰੀ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਸੀ।—ਲੇਵੀਆਂ 19:31.
ਮੰਨ ਲਓ ਕਿ ਸ਼ਾਊਲ ਨੇ ਜਿਸ ਨਾਲ ਗੱਲ ਕੀਤੀ, ਉਹ ਸਮੂਏਲ ਹੀ ਸੀ। ਕੀ ਤੁਹਾਨੂੰ ਲੱਗਦਾ ਹੈ ਕਿ ਸਮੂਏਲ ਪਰਮੇਸ਼ੁਰ ਦਾ ਕਾਨੂੰਨ ਤੋੜਦਾ ਤੇ ਅਜਿਹੀ ਔਰਤ ਦਾ ਸਾਥ ਦਿੰਦਾ ਜੋ ਮਰੇ ਲੋਕਾਂ ਨਾਲ ਗੱਲ ਕਰਨ ਦਾ ਦਾਅਵਾ ਕਰਦੀ ਸੀ? ਨਾਲੇ ਇਹ ਗੱਲ ਸਾਫ਼ ਸੀ ਕਿ ਯਹੋਵਾਹ ਨੇ ਸ਼ਾਊਲ ਨਾਲ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਕੀ ਉਹ ਔਰਤ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਸ਼ਾਊਲ ਨਾਲ ਗੱਲ ਕਰਨ ਲਈ ਮਜਬੂਰ ਕਰ ਸਕਦੀ ਸੀ? ਨਹੀਂ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕੋਈ ਹੋਰ ਸਮੂਏਲ ਦਾ ਢੌਂਗ ਕਰ ਕੇ ਸ਼ਾਊਲ ਨਾਲ ਗੱਲ ਕਰ ਰਿਹਾ ਸੀ। ਉਹ ਅਸਲ ਵਿਚ ਇਹ ਇਕ ਦੁਸ਼ਟ ਦੂਤ ਸੀ ਜੋ ਸਮੂਏਲ ਨਬੀ ਵਾਂਗ ਗੱਲ ਕਰ ਰਿਹਾ ਸੀ।
9-15 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | 1 ਸਮੂਏਲ 30-31
“ਆਪਣੇ ਪਰਮੇਸ਼ੁਰ ਯਹੋਵਾਹ ਦੀ ਮਦਦ ਨਾਲ ਆਪਣੇ ਆਪ ਨੂੰ ਤਕੜਾ ਕਰੋ”
ਯਹੋਵਾਹ ਦਾ ਭੈ ਰੱਖੋ ਤੇ ਖ਼ੁਸ਼ੀ ਪਾਓ!
12 ਯਹੋਵਾਹ ਦਾ ਭੈ ਰੱਖਣ ਕਰਕੇ ਦਾਊਦ ਸਿਰਫ਼ ਬੁਰੇ ਕੰਮਾਂ ਤੋਂ ਹੀ ਬਚਿਆ ਨਹੀਂ ਰਿਹਾ, ਸਗੋਂ ਉਸ ਨੂੰ ਮੁਸ਼ਕਲ ਹਾਲਾਤਾਂ ਵਿਚ ਦ੍ਰਿੜ੍ਹਤਾ ਅਤੇ ਬੁੱਧੀਮਤਾ ਨਾਲ ਕੰਮ ਕਰਨ ਦੀ ਤਾਕਤ ਵੀ ਮਿਲੀ। ਇਕ ਸਾਲ ਤੇ ਚਾਰ ਮਹੀਨੇ ਦਾਊਦ ਅਤੇ ਉਸ ਦੇ ਆਦਮੀਆਂ ਨੇ ਸ਼ਾਊਲ ਤੋਂ ਬਚਣ ਲਈ ਫਿਲਿਸਤੀਆਂ ਦੇ ਦੇਸ਼ ਵਿਚ ਸਿਕਲਗ ਸ਼ਹਿਰ ਵਿਚ ਪਨਾਹ ਲਈ। (1 ਸਮੂਏਲ 27:5-7) ਇਕ ਵਾਰ ਜਦ ਦਾਊਦ ਅਤੇ ਉਸ ਦੇ ਆਦਮੀ ਸ਼ਹਿਰ ਵਿਚ ਨਹੀਂ ਸਨ, ਤਾਂ ਅਮਾਲੇਕੀ ਲੋਕਾਂ ਨੇ ਲੁੱਟ-ਮਾਰ ਕਰ ਕੇ ਸ਼ਹਿਰ ਨੂੰ ਅੱਗ ਲਾ ਦਿੱਤੀ ਤੇ ਤੀਵੀਆਂ, ਬੱਚਿਆਂ ਅਤੇ ਇੱਜੜਾਂ ਨੂੰ ਲੈ ਗਏ। ਜਦ ਦਾਊਦ ਅਤੇ ਉਸ ਦੇ ਆਦਮੀ ਵਾਪਸ ਆਏ, ਤਾਂ ਉਹ ਸ਼ਹਿਰ ਦੀ ਹਾਲਤ ਦੇਖ ਕੇ ਬਹੁਤ ਰੋਏ। ਫਿਰ ਦਾਊਦ ਦੇ ਆਦਮੀ ਉਸ ਉੱਤੇ ਇੰਨੇ ਗੁੱਸੇ ਹੋਏ ਕਿ ਉਹ ਉਸ ਨੂੰ ਪੱਥਰ ਮਾਰ-ਮਾਰ ਕੇ ਉਸ ਦੀ ਜਾਨ ਲੈਣੀ ਚਾਹੁੰਦੇ ਸਨ। ਭਾਵੇਂ ਦਾਊਦ ਆਪ ਵੀ ਬਹੁਤ ਦੁਖੀ ਸੀ, ਪਰ ਉਸ ਨੇ ਹਿੰਮਤ ਨਹੀਂ ਹਾਰੀ। (ਕਹਾਉਤਾਂ 24:10) ਯਹੋਵਾਹ ਦਾ ਭੈ ਰੱਖਦੇ ਹੋਏ ਉਸ ਨੇ ਪ੍ਰਾਰਥਨਾ ਕੀਤੀ ਅਤੇ “ਯਹੋਵਾਹ ਆਪਣੇ ਪਰਮੇਸ਼ੁਰ ਵੱਲ ਆਪਣੇ ਮਨ ਨੂੰ ਤਕੜਾ ਕੀਤਾ।” ਪਰਮੇਸ਼ੁਰ ਦੀ ਮਦਦ ਨਾਲ ਦਾਊਦ ਅਤੇ ਉਸ ਦੇ ਆਦਮੀਆਂ ਨੇ ਅਮਾਲੇਕੀਆਂ ਦਾ ਪਿੱਛਾ ਕੀਤਾ ਤੇ ਸਭ ਕੁਝ ਮੋੜ ਲਿਆਂਦਾ।—1 ਸਮੂਏਲ 30:1-20.
ਯਹੋਵਾਹ ਸਾਨੂੰ ਮੁਕਤੀ ਲਈ ਸੁਰੱਖਿਅਤ ਰੱਖਦਾ ਹੈ
14 ਦਾਊਦ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਦੁੱਖ ਦੇਖੇ ਸਨ। (1 ਸਮੂ. 30:3-6) ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀਆਂ ਉਸ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਉਸ ਦੀਆਂ ਭਾਵਨਾਵਾਂ ਨੂੰ ਸਮਝਦਾ ਸੀ। (ਜ਼ਬੂਰਾਂ ਦੀ ਪੋਥੀ 34:18; 56:8 ਪੜ੍ਹੋ।) ਯਹੋਵਾਹ ਸਾਡੀਆਂ ਭਾਵਨਾਵਾਂ ਨੂੰ ਵੀ ਸਮਝਦਾ ਹੈ। ਜਦੋਂ ਸਾਡਾ ‘ਦਿਲ ਟੁੱਟਦਾ ਹੈ,’ ਤਾਂ ਉਹ ਸਾਡਾ ਹੋਰ ਧਿਆਨ ਰੱਖਦਾ ਹੈ। ਇਹ ਗੱਲ ਜਾਣ ਕੇ ਹੀ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ! ਦਾਊਦ ਨੂੰ ਵੀ ਹੌਸਲਾ ਮਿਲਿਆ ਸੀ ਅਤੇ ਉਸ ਨੇ ਇਕ ਗੀਤ ਗਾਉਂਦੇ ਹੋਏ ਕਿਹਾ ਸੀ: “ਮੈਂ ਤੇਰੀ ਦਯਾ ਵਿੱਚ ਮਗਨ ਅਤੇ ਅਨੰਦ ਹੋਵਾਂਗਾ, ਕਿਉਂ ਜੋ ਤੈਂ ਮੇਰੇ ਦੁਖ ਨੂੰ ਵੇਖਿਆ ਹੈ, ਤੈਂ ਮੇਰੀ ਜਾਨ ਦੇ ਕਸ਼ਟਾਂ ਨੂੰ ਜਾਣ ਲਿਆ ਹੈ।” (ਜ਼ਬੂ. 31:7) ਪਰ ਯਹੋਵਾਹ ਸਾਡੇ ਦੁੱਖਾਂ ਨੂੰ ਦੇਖਦਾ ਹੀ ਨਹੀਂ ਹੈ, ਸਗੋਂ ਉਹ ਸਾਨੂੰ ਹੌਸਲਾ ਤੇ ਹੱਲਾਸ਼ੇਰੀ ਦੇ ਕੇ ਸਾਡੀ ਵਫ਼ਾਦਾਰ ਰਹਿਣ ਵਿਚ ਵੀ ਮਦਦ ਕਰਦਾ ਹੈ। ਸਾਨੂੰ ਹੌਸਲਾ ਤੇ ਹੱਲਾਸ਼ੇਰੀ ਦੇਣ ਦਾ ਇਕ ਤਰੀਕਾ ਹੈ ਸਭਾਵਾਂ।
ਹੀਰੇ-ਮੋਤੀ
ਸਮੂਏਲ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ
30:23, 24. ਇਸ ਫ਼ੈਸਲੇ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਹਰ ਕਿਸੇ ਦੇ ਕੰਮ ਦੀ ਕਦਰ ਕਰਦਾ ਹੈ ਭਾਵੇਂ ਇਹ ਕਿੰਨਾ ਵੀ ਛੋਟਾ-ਮੋਟਾ ਕਿਉਂ ਨਾ ਹੋਵੇ। (ਗਿਣਤੀ 31:27) ਤਾਂ ਫਿਰ ਆਓ ਆਪਾਂ ਆਪਣਾ ਹਰ ਕੰਮ ‘ਚਿੱਤ ਲਾ ਕੇ ਪ੍ਰਭੁ ਦੇ ਲਈ ਕਰੀਏ, ਨਾ ਮਨੁੱਖਾਂ ਦੇ ਲਈ।’—ਕੁਲੁੱਸੀਆਂ 3:23.
16-22 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਸਮੂਏਲ 1-3
“ਅਸੀਂ ‘ਕਮਾਨ’ ਤੋਂ ਕੀ ਸਿੱਖਦੇ ਹਾਂ?”
ਇਖ਼ਤਿਆਰ ਰੱਖਣ ਵਾਲਿਆਂ ਦਾ ਆਦਰ ਕਰੋ
9 ਸ਼ਾਊਲ ਦੇ ਕਾਰਨ ਦਾਊਦ ਬਹੁਤ ਦੁਖੀ ਹੋਇਆ ਸੀ ਕਿਉਂਕਿ ਉਸ ਨੇ ਯਹੋਵਾਹ ਨੂੰ ਪੁਕਾਰ-ਪੁਕਾਰ ਕੇ ਕਿਹਾ: ‘ਜ਼ਾਲਮ ਮੇਰੀ ਜਾਨ ਦੇ ਗਾਹਕ ਹੋਏ ਹਨ।’ (ਜ਼ਬੂਰ 54:3) ਉਸ ਨੇ ਦਿਲ ਖੋਲ੍ਹ ਕੇ ਯਹੋਵਾਹ ਨੂੰ ਕਿਹਾ ਕਿ “ਹੇ ਮੇਰੇ ਪਰਮੇਸ਼ੁਰ, ਮੇਰੇ ਵੈਰੀਆਂ ਤੋਂ ਮੈਨੂੰ ਛੁਡਾ . . . ਬਲਵੰਤ ਮੇਰੇ ਵਿਰੁੱਧ ਇਕੱਠੇ ਹੋਏ ਹਨ। ਹੇ ਯਹੋਵਾਹ, ਨਾ ਮੇਰਾ ਕੁਝ ਅਪਰਾਧ ਨਾ ਮੇਰਾ ਕੁਝ ਪਾਪ ਹੈ, ਮੇਰੀ ਬਦੀ ਤੋਂ ਬਿਨਾ ਓਹ ਭੱਜ ਕੇ ਆਪਣੇ ਆਪ ਨੂੰ ਤਿਆਰ ਕਰਦੇ ਹਨ, ਮੇਰੀ ਸਹਾਇਤਾ ਲਈ ਜਾਗ ਅਤੇ ਵੇਖ!” (ਜ਼ਬੂਰ 59:1-4) ਕੀ ਤੁਸੀਂ ਕਦੀ ਇਸ ਤਰ੍ਹਾਂ ਮਹਿਸੂਸ ਕੀਤਾ ਹੈ ਕਿ ਤੁਹਾਡੀ ਬੇਗੁਨਾਹੀ ਦੇ ਬਾਵਜੂਦ ਇਖ਼ਤਿਆਰ ਰੱਖਣ ਵਾਲਾ ਵਿਅਕਤੀ ਤੁਹਾਡੇ ਲਈ ਕੋਈ-ਨਾ-ਕੋਈ ਮੁਸ਼ਕਲ ਖੜ੍ਹੀ ਕਰਦਾ ਰਹਿੰਦਾ ਹੈ? ਭਾਵੇਂ ਕਿ ਸ਼ਾਊਲ ਨੇ ਦਾਊਦ ਨਾਲ ਬੁਰਾ ਸਲੂਕ ਕੀਤਾ ਸੀ, ਦਾਊਦ ਨੇ ਯਹੋਵਾਹ ਦੇ ਮਸਹ ਕੀਤੇ ਹੋਏ ਦੀ ਹਮੇਸ਼ਾ ਦਿਲੋਂ ਇੱਜ਼ਤ ਕਰ ਕੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ! ਸ਼ਾਊਲ ਦੀ ਮੌਤ ਤੇ ਖ਼ੁਸ਼ ਹੋਣ ਦੀ ਬਜਾਇ ਦਾਊਦ ਨੇ ਸੋਗ ਦਾ ਗਾਣਾ ਲਿਖਿਆ ਸੀ: “ਸ਼ਾਊਲ ਅਤੇ ਯੋਨਾਥਾਨ ਆਪਣਿਆਂ ਜੀਵਨਾਂ ਵਿੱਚ ਪਿਆਰੇ ਅਰ ਮਨ ਭਾਉਂਦੇ ਸਨ, . . . ਓਹ ਉਕਾਬਾਂ ਨਾਲੋਂ ਵੀ ਕਾਹਲੇ ਸਨ, ਅਤੇ ਬਬਰ ਸ਼ੇਰ ਨਾਲੋਂ ਤਕੜੇ ਸਨ। ਹੇ ਇਸਰਾਏਲ ਦੀਓ ਧੀਓ, ਸ਼ਾਊਲ ਲਈ ਰੋਵੋ।”—2 ਸਮੂਏਲ 1:23, 24.
ਧੋਖੇਬਾਜ਼ੀ—ਭੈੜੇ ਸਮਿਆਂ ਦੀ ਇਕ ਨਿਸ਼ਾਨੀ!
8 ਬਾਈਬਲ ਵਿਚ ਕਈ ਵਫ਼ਾਦਾਰ ਲੋਕਾਂ ਦੀਆਂ ਮਿਸਾਲਾਂ ਵੀ ਹਨ। ਅਸੀਂ ਇਨ੍ਹਾਂ ਵਿੱਚੋਂ ਦੋ ਜਣਿਆਂ ਦੀ ਮਿਸਾਲ ਵੱਲ ਧਿਆਨ ਦੇਵਾਂਗੇ ਅਤੇ ਦੇਖਾਂਗੇ ਕਿ ਅਸੀਂ ਉਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ। ਪਹਿਲੀ ਮਿਸਾਲ ਉਸ ਆਦਮੀ ਦੀ ਹੈ ਜੋ ਦਾਊਦ ਪ੍ਰਤੀ ਵਫ਼ਾਦਾਰ ਰਿਹਾ। ਉਹ ਸ਼ਾਊਲ ਦਾ ਸਭ ਤੋਂ ਵੱਡਾ ਮੁੰਡਾ ਯੋਨਾਥਾਨ ਸੀ ਜਿਸ ਨੇ ਸ਼ਾਊਲ ਤੋਂ ਬਾਅਦ ਇਜ਼ਰਾਈਲ ਦਾ ਰਾਜਾ ਬਣਨਾ ਸੀ। ਪਰ ਉਸ ਦੀ ਥਾਂ ਯਹੋਵਾਹ ਨੇ ਦਾਊਦ ਨੂੰ ਰਾਜਾ ਬਣਨ ਲਈ ਚੁਣਿਆ ਸੀ। ਦਾਊਦ ਨਾਲ ਈਰਖਾ ਕਰਨ ਤੇ ਉਸ ਨੂੰ ਆਪਣਾ ਦੁਸ਼ਮਣ ਸਮਝਣ ਦੀ ਬਜਾਇ ਯੋਨਾਥਾਨ ਨੇ ਪਰਮੇਸ਼ੁਰ ਦੇ ਫ਼ੈਸਲੇ ਨੂੰ ਕਬੂਲ ਕੀਤਾ। ਨਾਲੇ “ਯੋਨਾਥਾਨ ਦਾ ਜੀਅ ਦਾਊਦ ਦੇ ਜੀਅ ਨਾਲ ਰਲ ਗਿਆ” ਅਤੇ ਉਸ ਨੇ ਦਾਊਦ ਪ੍ਰਤੀ ਵਫ਼ਾਦਾਰ ਰਹਿਣ ਦੀਆਂ ਕਸਮਾਂ ਖਾਧੀਆਂ। ਉਸ ਨੇ ਦਾਊਦ ਨੂੰ ਆਪਣਾ ਚੋਗਾ, ਤਲਵਾਰ, ਧਣੁਖ ਅਤੇ ਪੇਟੀ ਦੇ ਕੇ ਉਸ ਦਾ ਮਾਣ ਕੀਤਾ। (1 ਸਮੂ. 18:1-4) ਯੋਨਾਥਾਨ ਨੇ ਨਾ ਸਿਰਫ਼ ‘ਦਾਊਦ ਦਾ ਹੱਥ ਤਕੜਾ ਕੀਤਾ,’ ਸਗੋਂ ਸ਼ਾਊਲ ਦੇ ਸਾਮ੍ਹਣੇ ਦਾਊਦ ਦਾ ਪੱਖ ਲੈ ਕੇ ਆਪਣੀ ਜਾਨ ਵੀ ਖ਼ਤਰੇ ਵਿਚ ਪਾਈ। ਆਪਣੀ ਵਫ਼ਾਦਾਰੀ ਦਾ ਹੋਰ ਸਬੂਤ ਦਿੰਦੇ ਹੋਏ ਯੋਨਾਥਾਨ ਨੇ ਦਾਊਦ ਨੂੰ ਕਿਹਾ: “ਤੂੰ ਇਸਰਾਏਲ ਦਾ ਪਾਤਸ਼ਾਹ ਹੋਵੇਂਗਾ ਅਤੇ ਮੈਂ ਤੈਥੋਂ ਦੂਜੇ ਦਰਜੇ ਤੇ ਹੋਵਾਂਗਾ।” (1 ਸਮੂ. 20:30-34; 23:16, 17) ਇਸੇ ਕਰਕੇ ਜਦ ਯੋਨਾਥਾਨ ਦੀ ਮੌਤ ਹੋਈ, ਤਾਂ ਦਾਊਦ ਨੇ ਇਕ ਦਰਦ-ਭਰੇ ਗੀਤ ਵਿਚ ਉਸ ਲਈ ਆਪਣੇ ਪਿਆਰ ਤੇ ਦੁੱਖ ਦਾ ਇਜ਼ਹਾਰ ਕੀਤਾ।—2 ਸਮੂ. 1:17, 26.
ਹੀਰੇ-ਮੋਤੀ
it-1 369 ਪੈਰਾ 2
ਭਰਾ
ਬਾਈਬਲ ਵਿਚ “ਭਰਾ” ਸ਼ਬਦ ਉਨ੍ਹਾਂ ਲੋਕਾਂ ਲਈ ਵੀ ਵਰਤਿਆ ਗਿਆ ਹੈ ਜਿਨ੍ਹਾਂ ਦੀ ਸੋਚ ਅਤੇ ਟੀਚੇ ਇੱਕੋ ਜਿਹੇ ਹੁੰਦੇ ਹਨ। ਜਦੋਂ ਦਾਊਦ ਨੇ ਲਿਖਿਆ ਕਿ “ਦੇਖੋ! ਕਿੰਨੀ ਚੰਗੀ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਭਰਾ ਮਿਲ-ਜੁਲ ਕੇ ਰਹਿਣ,” ਤਾਂ ਉਹ ਇੱਥੇ ਸਕੇ ਭਰਾਵਾਂ ਬਾਰੇ ਗੱਲ ਨਹੀਂ ਕਰ ਰਿਹਾ ਸੀ। ਪਰ ਉਸ ਦੇ ਕਹਿਣ ਦਾ ਮਤਲਬ ਸੀ ਕਿ ਖ਼ੂਨ ਦੇ ਰਿਸ਼ਤਿਆਂ ਤੋਂ ਬਿਨਾਂ ਵੀ ਉਨ੍ਹਾਂ ਵਿਚ ਏਕਤਾ ਤੇ ਚੰਗਾ ਰਿਸ਼ਤਾ ਹੋ ਸਕਦਾ ਹੈ। (ਜ਼ਬੂ 133:1) ਦਾਊਦ ਤੇ ਯੋਨਾਥਾਨ ਸਕੇ ਭਰਾ ਨਹੀਂ ਸਨ, ਪਰ ਦਾਊਦ ਨੇ ਉਸ ਨੂੰ ਆਪਣਾ ਭਰਾ ਕਿਹਾ ਕਿਉਂਕਿ ਉਹ ਇਕ-ਦੂਜੇ ਨੂੰ ਪਿਆਰ ਕਰਦੇ ਸਨ ਤੇ ਉਨ੍ਹਾਂ ਦੀ ਸੋਚ ਵੀ ਇੱਕੋ ਜਿਹੀ ਸੀ।—2 ਸਮੂ 1:26.
23-29 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਸਮੂਏਲ 4-6
“ਯਹੋਵਾਹ ਨੂੰ ਨਾਰਾਜ਼ ਕਰਨ ਤੋਂ ਡਰੋ”
ਸਮੂਏਲ ਦੀ ਦੂਜੀ ਪੋਥੀ ਦੇ ਕੁਝ ਖ਼ਾਸ ਨੁਕਤੇ
6:1-7. ਭਾਵੇਂ ਦਾਊਦ ਨੇ ਚੰਗੀ ਨੀਅਤ ਨਾਲ ਪਰਮੇਸ਼ੁਰ ਦੇ ਸੰਦੂਕ ਨੂੰ ਆਪਣੇ ਕੋਲ ਲੈ ਜਾਣ ਦੀ ਕੋਸ਼ਿਸ਼ ਕੀਤੀ, ਪਰ ਇਸ ਦੇ ਨਤੀਜੇ ਮਾੜੇ ਨਿਕਲੇ ਕਿਉਂਕਿ ਸੰਦੂਕ ਨੂੰ ਗੱਡੇ ਤੇ ਲੱਦਣਾ ਪਰਮੇਸ਼ੁਰ ਦੇ ਹੁਕਮ ਦੇ ਉਲਟ ਸੀ। (ਕੂਚ 25:13, 14; ਗਿਣਤੀ 4:15, 19; 7:7-9) ਊਜ਼ਾਹ ਦੀ ਵੀ ਨੀਅਤ ਮਾੜੀ ਨਹੀਂ ਸੀ ਜਦ ਉਸ ਨੇ ਸੰਦੂਕ ਨੂੰ ਫੜਿਆ, ਪਰ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਕਰਨ ਲਈ ਉਸ ਦੀ ਮੌਤ ਹੋਈ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਚੰਗੇ ਇਰਾਦਿਆਂ ਦੇ ਨਾਲ-ਨਾਲ ਸਾਨੂੰ ਯਹੋਵਾਹ ਦੇ ਆਗਿਆਕਾਰ ਵੀ ਰਹਿਣਾ ਚਾਹੀਦਾ ਹੈ।
ਯਹੋਵਾਹ ਹਮੇਸ਼ਾ ਉਹ ਕਰਦਾ ਜੋ ਸਹੀ ਹੈ
20 ਇਹ ਗੱਲ ਯਾਦ ਰੱਖੋ ਕਿ ਊਜ਼ਾਹ ਨੂੰ ਯਹੋਵਾਹ ਦੀ ਬਿਵਸਥਾ ਬਾਰੇ ਪਤਾ ਹੋਣਾ ਚਾਹੀਦਾ ਸੀ। ਨੇਮ ਦਾ ਸੰਦੂਕ ਯਹੋਵਾਹ ਦੀ ਮੌਜੂਦਗੀ ਦੀ ਨਿਸ਼ਾਨੀ ਸੀ। ਬਿਵਸਥਾ ਵਿਚ ਸਾਫ਼-ਸਾਫ਼ ਲਿਖਿਆ ਸੀ ਕਿ ਕੌਣ ਉਸ ਨੂੰ ਹੱਥ ਲਾ ਸਕਦਾ ਸੀ ਤੇ ਕੌਣ ਨਹੀਂ। ਇਹ ਵੀ ਚੇਤਾਵਨੀ ਦਿੱਤੀ ਗਈ ਸੀ ਕਿ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਮਿਲੇਗੀ। (ਗਿਣਤੀ 4:18-20; 7:89) ਇਸ ਲਈ ਉਸ ਸੰਦੂਕ ਨੂੰ ਇਕ ਥਾਂ ਤੋਂ ਦੂਜੇ ਥਾਂ ਪਹੁੰਚਾਉਣਾ ਕੋਈ ਛੋਟਾ-ਮੋਟਾ ਕੰਮ ਨਹੀਂ ਸੀ। ਭਾਵੇਂ ਊਜ਼ਾਹ ਜਾਜਕ ਨਹੀਂ ਸੀ, ਪਰ ਲੱਗਦਾ ਹੈ ਕਿ ਉਹ ਲੇਵੀਆਂ ਵਿੱਚੋਂ ਸੀ, ਇਸ ਲਈ ਉਸ ਨੂੰ ਇਹ ਕਾਨੂੰਨ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਸੀ। ਇਸ ਤੋਂ ਇਲਾਵਾ ਕੁਝ 70 ਸਾਲਾਂ ਤੋਂ ਇਹ ਸੰਦੂਕ ਉਸ ਦੇ ਪਿਤਾ ਦੇ ਘਰ ਵਿਚ ਸੰਭਾਲ ਕੇ ਰੱਖਿਆ ਹੋਇਆ ਸੀ। (1 ਸਮੂਏਲ 6:20–7:1) ਹੁਣ ਦਾਊਦ ਇਸ ਸੰਦੂਕ ਨੂੰ ਦੂਜੀ ਜਗ੍ਹਾ ਪਹੁੰਚਾ ਰਿਹਾ ਸੀ। ਤਾਂ ਫਿਰ ਊਜ਼ਾਹ ਨੂੰ ਬਚਪਨ ਤੋਂ ਹੀ ਸੰਦੂਕ ਨੂੰ ਹੱਥ ਨਾ ਲਾਉਣ ਦੇ ਕਾਨੂੰਨ ਤੋਂ ਵਾਕਫ਼ ਹੋਣਾ ਚਾਹੀਦਾ ਸੀ।
ਯਹੋਵਾਹ ਹਮੇਸ਼ਾ ਉਹ ਕਰਦਾ ਜੋ ਸਹੀ ਹੈ
21 ਅਸੀਂ ਅੱਗੇ ਕਹਿ ਚੁੱਕੇ ਹਾਂ ਕਿ ਯਹੋਵਾਹ ਦਿਲ ਦੀ ਗੱਲ ਜਾਣਦਾ ਹੈ। ਉਸ ਦੇ ਬਚਨ ਵਿਚ ਊਜ਼ਾਹ ਨੂੰ ਦੋਸ਼ੀ ਸੱਦਿਆ ਗਿਆ ਹੈ, ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਨੇ ਊਜ਼ਾਹ ਦੇ ਦਿਲ ਵਿਚ ਕੁਝ ਦੇਖਿਆ ਹੋਣਾ ਜੋ ਬਾਈਬਲ ਵਿਚ ਨਹੀਂ ਲਿਖਿਆ ਗਿਆ। ਕੀ ਊਜ਼ਾਹ ਹੰਕਾਰੀ ਸੀ ਅਤੇ ਕੀ ਉਸ ਨੂੰ ਖੁੱਲ੍ਹ ਲੈਣ ਦੀ ਆਦਤ ਸੀ? (ਕਹਾਉਤਾਂ 11:2) ਕੀ ਉਸ ਨੂੰ ਘਮੰਡ ਸੀ ਕਿ ਉਸ ਦੇ ਘਰ ਵਾਲਿਆਂ ਨੇ ਸੰਦੂਕ ਦੀ ਰਾਖੀ ਕੀਤੀ ਸੀ ਤੇ ਹੁਣ ਉਸ ਨੂੰ ਸਾਰਿਆਂ ਸਾਮ੍ਹਣੇ ਗੱਡੀ ਹੱਕਣ ਦਾ ਸਨਮਾਨ ਮਿਲਿਆ ਸੀ? (ਕਹਾਉਤਾਂ 8:13) ਕੀ ਊਜ਼ਾਹ ਕੋਲ ਇੰਨੀ ਵੀ ਨਿਹਚਾ ਨਹੀਂ ਸੀ ਕਿ ਯਹੋਵਾਹ ਆਪਣੇ ਸੰਦੂਕ ਨੂੰ ਡਿੱਗਣ ਤੋਂ ਬਚਾ ਸਕਦਾ ਸੀ? ਗੱਲ ਜੋ ਮਰਜ਼ੀ ਸੀ, ਪਰ ਅਸੀਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਨੇ ਉਹੀ ਕੀਤਾ ਜੋ ਸਹੀ ਸੀ। ਉਸ ਨੇ ਊਜ਼ਾਹ ਦੇ ਦਿਲ ਵਿਚ ਜ਼ਰੂਰ ਕੁਝ ਅਜਿਹਾ ਦੇਖਿਆ ਹੋਣਾ ਜਿਸ ਕਾਰਨ ਉਹ ਸਜ਼ਾ ਦੇ ਲਾਇਕ ਨਿਕਲਿਆ।—ਯਿਰਮਿਯਾਹ 17:10.
ਹੀਰੇ-ਮੋਤੀ
ਆਪਣਾ ਬੋਝ ਹਮੇਸ਼ਾ ਯਹੋਵਾਹ ʼਤੇ ਸੁੱਟੋ
ਰਾਜੇ ਵਜੋਂ ਦਾਊਦ ਕੁਝ ਹੱਦ ਤਕ ਇਸ ਲਈ ਜ਼ਿੰਮੇਵਾਰ ਸੀ। ਦਾਊਦ ਨੇ ਜੋ ਕੀਤਾ, ਉਸ ਤੋਂ ਪਤਾ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਦਾ ਯਹੋਵਾਹ ਨਾਲ ਚੰਗਾ ਰਿਸ਼ਤਾ ਹੁੰਦਾ ਹੈ ਉਹ ਵੀ ਔਖੇ ਹਲਾਤਾਂ ਵਿਚ ਗ਼ਲਤ ਰਵੱਈਆ ਦਿਖਾ ਸਕਦੇ ਹਨ। ਪਹਿਲਾ ਤਾਂ ਦਾਊਦ ਨੂੰ ਗੁੱਸਾ ਚੜ੍ਹ ਗਿਆ। ਫਿਰ ਉਹ ਡਰ ਗਿਆ। (2 ਸਮੂਏਲ 6:8, 9) ਉੱਦਾਂ ਤਾਂ ਦਾਊਦ ਯਹੋਵਾਹ ʼਤੇ ਭਰੋਸਾ ਕਰਦਾ ਸੀ, ਪਰ ਇਸ ਮੌਕੇ ʼਤੇ ਉਸ ਨੇ ਯਹੋਵਾਹ ʼਤੇ ਭਰੋਸਾ ਨਹੀਂ ਕੀਤਾ। ਦਾਊਦ ਨੇ ਯਹੋਵਾਹ ʼਤੇ ਆਪਣਾ ਬੋਝ ਨਹੀਂ ਸੁੱਟਿਆ ਤੇ ਉਸ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਕੀ ਕਦੇ ਸਾਡੇ ਨਾਲ ਵੀ ਇੱਦਾਂ ਹੋ ਸਕਦਾ ਹੈ ਕਿ ਅਸੀਂ ਯਹੋਵਾਹ ਦਾ ਕਹਿਣਾ ਨਹੀਂ ਮੰਨਦੇ ਤੇ ਫਿਰ ਮੁਸ਼ਕਲ ਆਉਣ ʼਤੇ ਉਸ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹਾਂ?—ਕਹਾਉਤਾਂ 19:3.
30 ਮਈ–5 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਸਮੂਏਲ 7-8
“ਯਹੋਵਾਹ ਨੇ ਦਾਊਦ ਨਾਲ ਇਕ ਇਕਰਾਰ ਕੀਤਾ”
‘ਤੇਰਾ ਰਾਜ ਮਹਿਫੂਜ਼ ਰਹੇਗਾ’
ਮੰਦਰ ਬਣਾਉਣ ਦੀ ਦਾਊਦ ਦੀ ਇੱਛਾ ਜਾਣ ਕੇ ਯਹੋਵਾਹ ਦਾ ਦਿਲ ਖ਼ੁਸ਼ ਹੁੰਦਾ ਹੈ। ਇਸ ਲਈ ਦਾਊਦ ਦੀ ਭਗਤੀ ਦੇਖ ਕੇ ਅਤੇ ਭਵਿੱਖਬਾਣੀ ਅਨੁਸਾਰ ਪਰਮੇਸ਼ੁਰ ਨੇ ਦਾਊਦ ਨਾਲ ਇਕਰਾਰ ਕੀਤਾ ਕਿ ਉਹ ਉਸ ਦੇ ਸ਼ਾਹੀ ਘਰਾਣੇ ਵਿੱਚੋਂ ਅਜਿਹਾ ਰਾਜਾ ਚੁਣੇਗਾ ਜਿਸ ਦਾ ਰਾਜ ਸਦਾ ਲਈ ਰਹੇਗਾ। ਨਾਥਾਨ ਦਾਊਦ ਨੂੰ ਯਹੋਵਾਹ ਦੇ ਵਾਅਦੇ ਬਾਰੇ ਦੱਸਦਾ ਹੈ: “ਤੇਰਾ ਘਰਾਣਾ ਅਤੇ ਤੇਰਾ ਰਾਜ ਸਦਾ ਲਈ ਤੇਰੇ ਅੱਗੇ ਮਹਿਫੂਜ਼ ਰਹੇਗਾ; ਤੇਰਾ ਸਿੰਘਾਸਣ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਰਹੇਗਾ।” (ਆਇਤ 16) ਇਸ ਇਕਰਾਰ ਵਿਚ ਦੱਸਿਆ ਰਾਜਾ ਕੌਣ ਹੈ ਜੋ ਹਮੇਸ਼ਾ ਲਈ ਰਾਜ ਕਰੇਗਾ?—ਜ਼ਬੂਰ 89:20, 29, 34-36.
‘ਤੇਰਾ ਰਾਜ ਮਹਿਫੂਜ਼ ਰਹੇਗਾ’
ਨਾਸਰਤ ਦਾ ਰਹਿਣ ਵਾਲਾ ਯਿਸੂ ਦਾਊਦ ਦੇ ਵੰਸ਼ ਵਿੱਚੋਂ ਸੀ। ਦੂਤ ਨੇ ਯਿਸੂ ਦੇ ਪੈਦਾ ਹੋਣ ਦੀ ਖ਼ਬਰ ਦਿੰਦਿਆਂ ਕਿਹਾ: “ਯਹੋਵਾਹ ਪਰਮੇਸ਼ੁਰ ਉਸ ਨੂੰ ਉਸ ਦੇ ਪੂਰਵਜ ਦਾਊਦ ਦੀ ਰਾਜ-ਗੱਦੀ ਦੇਵੇਗਾ ਅਤੇ ਉਹ ਯਾਕੂਬ ਦੇ ਘਰਾਣੇ ਉੱਤੇ ਹਮੇਸ਼ਾ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਕਦੀ ਵੀ ਅੰਤ ਨਹੀਂ ਹੋਵੇਗਾ।” (ਲੂਕਾ 1:32, 33) ਯਹੋਵਾਹ ਨੇ ਦਾਊਦ ਨਾਲ ਜੋ ਇਕਰਾਰ ਕੀਤਾ ਸੀ, ਉਹ ਯਿਸੂ ਮਸੀਹ ʼਤੇ ਪੂਰਾ ਹੋਇਆ। ਇਸ ਤੋਂ ਇਹ ਸਾਬਤ ਹੁੰਦਾ ਕਿ ਯਿਸੂ ਇਨਸਾਨਾਂ ਵੱਲੋਂ ਰਾਜਾ ਨਹੀਂ ਬਣਿਆ, ਸਗੋਂ ਯਹੋਵਾਹ ਨੇ ਹੀ ਉਸ ਨੂੰ ਹਮੇਸ਼ਾ ਲਈ ਰਾਜ ਕਰਨ ਦਾ ਅਧਿਕਾਰ ਦਿੱਤਾ ਹੈ। ਆਓ ਅਸੀਂ ਹਮੇਸ਼ਾ ਯਾਦ ਰੱਖੀਏ ਕਿ ਯਹੋਵਾਹ ਦੇ ਵਾਅਦੇ ਹਮੇਸ਼ਾ ਪੂਰੇ ਹੁੰਦੇ ਹਨ।—ਯਸਾਯਾਹ 55:10, 11.
ਪਰਮੇਸ਼ੁਰ ਦੇ ਰਾਜ ਉੱਤੇ ਪੱਕੀ ਨਿਹਚਾ ਰੱਖੋ
14 ਧਿਆਨ ਦਿਓ ਯਹੋਵਾਹ ਨੇ ਪੁਰਾਣੇ ਇਜ਼ਰਾਈਲ ਦੇ ਰਾਜਾ ਦਾਊਦ ਨਾਲ ਇਕਰਾਰ ਕਰ ਕੇ ਕੀ ਵਾਅਦਾ ਕੀਤਾ ਸੀ। (2 ਸਮੂਏਲ 7:12, 16 ਪੜ੍ਹੋ।) ਯਹੋਵਾਹ ਨੇ ਦਾਊਦ ਨਾਲ ਇਕਰਾਰ ਉਦੋਂ ਕੀਤਾ ਸੀ ਜਦੋਂ ਉਹ ਯਰੂਸ਼ਲਮ ਵਿਚ ਰਾਜ ਕਰ ਰਿਹਾ ਸੀ। ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਕਿ ਮਸੀਹ ਉਸ ਦੀ ਪੀੜ੍ਹੀ ਵਿਚ ਪੈਦਾ ਹੋਵੇਗਾ। (ਲੂਕਾ 1:30-33) ਇਸ ਤਰ੍ਹਾਂ, ਯਹੋਵਾਹ ਨੇ ਇਹ ਗੱਲ ਹੋਰ ਸਾਫ਼ ਕਰ ਦਿੱਤੀ ਕਿ ਸੰਤਾਨ ਕਿਹਦੀ ਪੀੜ੍ਹੀ ਵਿਚ ਪੈਦਾ ਹੋਵੇਗੀ ਅਤੇ ਦਾਊਦ ਦੇ ਇਕ ਵਾਰਸ ਕੋਲ ਮਸੀਹ ਦੇ ਰਾਜ ਦੇ ਸਿੰਘਾਸਣ ਉੱਤੇ ਬੈਠਣ ਦਾ “ਹੱਕ” ਹੋਵੇਗਾ। (ਹਿਜ਼. 21:25-27) ਯਿਸੂ ਰਾਹੀਂ ਦਾਊਦ ਦੀ ਰਾਜ-ਗੱਦੀ ਹਮੇਸ਼ਾ “ਕਾਇਮ ਰਹੇਗੀ।” ਦਾਊਦ ਦੀ ਸੰਤਾਨ ‘ਅੰਤਕਾਲ ਤੀਕ, ਅਤੇ ਉਹ ਦੀ ਰਾਜ ਗੱਦੀ ਸੂਰਜ ਵਾਂਙੁ ਬਣੀ ਰਹੇਗੀ।’ (ਜ਼ਬੂ. 89:34-37) ਜੀ ਹਾਂ, ਮਸੀਹ ਦਾ ਰਾਜ ਕਦੀ ਭ੍ਰਿਸ਼ਟ ਨਹੀਂ ਹੋਵੇਗਾ ਅਤੇ ਇਸ ਦੁਆਰਾ ਕੀਤੇ ਕੰਮਾਂ ਦੇ ਫ਼ਾਇਦੇ ਮਨੁੱਖਜਾਤੀ ਨੂੰ ਹਮੇਸ਼ਾ ਹੋਣਗੇ।
ਹੀਰੇ-ਮੋਤੀ
it-2 206 ਪੈਰਾ 2
ਆਖ਼ਰੀ ਦਿਨ
ਬਿਲਾਮ ਦੀ ਭਵਿੱਖਬਾਣੀ। ਇਜ਼ਰਾਈਲੀਆਂ ਦੇ ਵਾਅਦਾ ਕੀਤੇ ਦੇਸ਼ ਵਿਚ ਵੜਨ ਤੋਂ ਪਹਿਲਾਂ ਬਿਲਾਮ ਨੇ ਮੋਆਬ ਦੇ ਰਾਜੇ ਬਾਲਾਕ ਲਈ ਇਹ ਭਵਿੱਖਬਾਣੀ ਕੀਤੀ: “ਮੈਂ ਤੈਨੂੰ ਦੱਸਦਾ ਹਾਂ ਕਿ ਇਹ ਲੋਕ [ਇਜ਼ਰਾਈਲੀ] ਭਵਿੱਖ ਵਿਚ ਤੇਰੇ ਲੋਕਾਂ ਨਾਲ ਕੀ ਕਰਨਗੇ। . . . ਯਾਕੂਬ ਤੋਂ ਇਕ ਤਾਰਾ ਨਿਕਲੇਗਾ, ਅਤੇ ਇਜ਼ਰਾਈਲ ਤੋਂ ਇਕ ਰਾਜ-ਡੰਡਾ ਉੱਠੇਗਾ। ਉਹ ਜ਼ਰੂਰ ਮੋਆਬ ਦੇ ਸਿਰ ਦੇ ਦੋ ਟੋਟੇ ਕਰ ਦੇਵੇਗਾ ਅਤੇ ਤਬਾਹੀ ਮਚਾਉਣ ਵਾਲਿਆਂ ਦੀ ਖੋਪੜੀ ਭੰਨ ਸੁੱਟੇਗਾ।” (ਗਿਣ 24:14-17) ਇਸ ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ ਰਾਜਾ ਦਾਊਦ ਉਹ “ਤਾਰਾ” ਸੀ ਜਿਸ ਨੇ ਮੋਆਬੀਆਂ ਨੂੰ ਹਰਾ ਕੇ ਆਪਣੇ ਸੇਵਕ ਬਣਾ ਲਿਆ।—2 ਸਮੂ 8:2.
6-12 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਸਮੂਏਲ 9-10
“ਦਾਊਦ ਨੇ ਅਟੱਲ ਪਿਆਰ ਦਿਖਾਇਆ”
ਜੀ ਹਾਂ, ਤੁਸੀਂ ਸੱਚੀ ਖ਼ੁਸ਼ੀ ਪਾ ਸਕਦੇ ਹੋ
ਦਾਊਦ ਨੇ ਕਿਹਾ: “ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ, ਯਹੋਵਾਹ ਉਹ ਨੂੰ ਬੁਰਿਆਈ ਦੇ ਵੇਲੇ ਛੁਡਾਵੇਗਾ। ਯਹੋਵਾਹ ਉਹ ਦੀ ਪਾਲਨਾ ਕਰੇਗਾ ਅਤੇ ਉਹ ਨੂੰ ਜੀਉਂਦਿਆਂ ਰੱਖੇਗਾ, ਅਤੇ ਉਹ ਧਰਤੀ ਉੱਤੇ ਧੰਨ ਹੋਵੇਗਾ।” (ਜ਼ਬੂਰਾਂ ਦੀ ਪੋਥੀ 41:1, 2) ਲੋੜਵੰਦਾਂ ਦੀ ਮਦਦ ਕਰਨ ਬਾਰੇ ਦਾਊਦ ਨੇ ਸਾਡੇ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਆਪਣੇ ਜਿਗਰੀ ਦੋਸਤ ਯੋਨਾਥਾਨ ਦੇ ਪੁੱਤਰ ਮਫ਼ੀਬੋਸ਼ਥ ਦੀ ਬੜੇ ਪਿਆਰ ਨਾਲ ਦੇਖ-ਭਾਲ ਕੀਤੀ ਸੀ ਜੋ ਲੰਗਾ ਸੀ।—2 ਸਮੂਏਲ 9:1-13.
ਸਮੂਏਲ ਦੀ ਦੂਜੀ ਪੋਥੀ ਦੇ ਕੁਝ ਖ਼ਾਸ ਨੁਕਤੇ
9:1, 6, 7. ਦਾਊਦ ਨੇ ਆਪਣਾ ਵਾਅਦਾ ਨਿਭਾਇਆ। ਸਾਨੂੰ ਵੀ ਆਪਣੀ ਗੱਲ ਤੇ ਪੱਕੇ ਰਹਿਣਾ ਚਾਹੀਦਾ ਹੈ।
ਉਨ੍ਹਾਂ ਨੇ ਸਰੀਰ ਵਿਚ ਚੁਭਦੇ ਕੰਡੇ ਝੱਲੇ
10 ਕੁਝ ਸਾਲ ਬਾਅਦ ਰਾਜਾ ਦਾਊਦ ਨੇ ਯੋਨਾਥਾਨ ਪ੍ਰਤੀ ਆਪਣੇ ਪਿਆਰ ਖ਼ਾਤਰ, ਮਫ਼ੀਬੋਸ਼ਥ ਨੂੰ ਦਇਆ ਦਿਖਾਈ। ਦਾਊਦ ਨੇ ਉਸ ਨੂੰ ਸ਼ਾਊਲ ਦੀ ਸਾਰੀ ਜਾਇਦਾਦ ਦੇ ਦਿੱਤੀ ਅਤੇ ਸ਼ਾਊਲ ਦੇ ਨੌਕਰ ਸੀਬਾ ਨੂੰ ਮਫ਼ੀਬੋਸ਼ਥ ਦੀ ਜ਼ਮੀਨ ਵਹਾਉਣ ਦਾ ਕੰਮ ਸੌਂਪਿਆ। ਇਸ ਦੇ ਨਾਲ-ਨਾਲ ਦਾਊਦ ਨੇ ਮਫ਼ੀਬੋਸ਼ਥ ਨੂੰ ਕਿਹਾ: “ਤੂੰ ਮੇਰੇ ਲੰਗਰ ਵਿੱਚੋਂ ਸਦਾ ਰੋਟੀ ਖਾਵੇਂਗਾ।” (2 ਸਮੂਏਲ 9:6-10) ਇਸ ਵਿਚ ਕੋਈ ਸ਼ੱਕ ਨਹੀਂ ਕਿ ਦਾਊਦ ਦੀ ਦਇਆ ਕਾਰਨ ਮਫ਼ੀਬੋਸ਼ਥ ਨੂੰ ਦਿਲਾਸਾ ਮਿਲਿਆ ਹੋਵੇਗਾ ਅਤੇ ਉਸ ਦੀ ਸਰੀਰਕ ਕਮਜ਼ੋਰੀ ਦਾ ਅਹਿਸਾਸ ਕੁਝ ਹੱਦ ਤਕ ਘੱਟ ਗਿਆ ਹੋਵੇਗਾ। ਸਾਡੇ ਲਈ ਕਿੰਨੀ ਵਧੀਆ ਉਦਾਹਰਣ! ਸਾਨੂੰ ਵੀ ਉਨ੍ਹਾਂ ਨੂੰ ਦਇਆ ਦਿਖਾਉਣੀ ਚਾਹੀਦੀ ਹੈ ਜੋ ਕੰਡਿਆਂ ਵਰਗੀਆਂ ਮੁਸ਼ਕਲਾਂ ਕਾਰਨ ਦੁੱਖ ਝੱਲ ਰਹੇ ਹਨ।
ਹੀਰੇ-ਮੋਤੀ
it-1 266
ਦਾੜ੍ਹੀ
ਪੁਰਾਣੇ ਜ਼ਮਾਨੇ ਦੇ ਇਜ਼ਰਾਈਲੀ ਤੇ ਹੋਰ ਪੂਰਬੀ ਦੇਸ਼ਾਂ ਵਿਚ ਦਾੜ੍ਹੀ ਰੱਖਣੀ ਮਾਣ ਦੀ ਗੱਲ ਸਮਝੀ ਜਾਂਦੀ ਸੀ। ਪਰਮੇਸ਼ੁਰ ਨੇ ਮੂਸਾ ਦੇ ਕਾਨੂੰਨ ਵਿਚ ਇਜ਼ਰਾਈਲੀਆਂ ਨੂੰ ਸਾਫ਼-ਸਾਫ਼ ਕਿਹਾ ਸੀ ਕਿ ਉਹ ਨਾ ਤਾਂ “ਕਲਮਾਂ ਦੀ ਹਜਾਮਤ” ਕਰਾਉਣ ਤੇ ਨਾ ਹੀ ਦਾੜ੍ਹੀ ਦੀ। (ਲੇਵੀ 19:27; 21:5) ਇਹ ਕਾਨੂੰਨ ਸ਼ਾਇਦ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਦੂਸਰੇ ਧਰਮਾਂ ਵਿਚ ਲੋਕ ਆਪਣੇ ਕਿਸੇ ਧਾਰਮਿਕ ਵਿਸ਼ਵਾਸ ਕਰਕੇ ਦਾੜ੍ਹੀ ਕਟਵਾ ਲੈਂਦੇ ਸਨ।
13-19 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਸਮੂਏਲ 11-12
“ਗ਼ਲਤ ਇੱਛਾਵਾਂ ਨੂੰ ਆਪਣੇ ʼਤੇ ਹਾਵੀ ਨਾ ਹੋਣ ਦਿਓ”
ਸ਼ੈਤਾਨ ਦੇ ਫੰਦਿਆਂ ਤੋਂ ਕਿਵੇਂ ਬਚੀਏ?
10 ਯਹੋਵਾਹ ਨੇ ਰਾਜਾ ਦਾਊਦ ਨੂੰ ਦੌਲਤ ਅਤੇ ਸ਼ੁਹਰਤ ਦਿੱਤੀ ਸੀ। ਨਾਲੇ ਬਹੁਤ ਸਾਰੇ ਦੁਸ਼ਮਣਾਂ ʼਤੇ ਜਿੱਤ ਦਿਵਾਈ ਸੀ। ਦਾਊਦ ਨੇ ਇਨ੍ਹਾਂ ਤੋਹਫ਼ਿਆਂ ਲਈ ਸ਼ੁਕਰਗੁਜ਼ਾਰੀ ਦਿਖਾਉਂਦਿਆਂ ਕਿਹਾ: “ਉਹ ਇੰਨੇ ਜ਼ਿਆਦਾ ਹਨ ਕਿ ਉਨ੍ਹਾਂ ਬਾਰੇ ਦੱਸਣਾ ਮੇਰੇ ਵੱਸ ਦੀ ਗੱਲ ਨਹੀਂ।” (ਜ਼ਬੂ. 40:5) ਪਰ ਥੋੜ੍ਹੇ ਸਮੇਂ ਬਾਅਦ ਦਾਊਦ ਭੁੱਲ ਗਿਆ ਕਿ ਯਹੋਵਾਹ ਨੇ ਉਸ ਲਈ ਕੀ ਕੁਝ ਕੀਤਾ ਸੀ। ਉਸ ਕੋਲ ਜੋ ਕੁਝ ਸੀ, ਉਸ ਤੋਂ ਉਹ ਸੰਤੁਸ਼ਟ ਨਹੀਂ ਸੀ, ਉਹ ਹੋਰ ਜ਼ਿਆਦਾ ਚਾਹੁੰਦਾ ਸੀ। ਭਾਵੇਂ ਉਸ ਦੀਆਂ ਬਹੁਤ ਸਾਰੀਆਂ ਪਤਨੀਆਂ ਸਨ, ਪਰ ਉਸ ਨੇ ਕਿਸੇ ਹੋਰ ਦੀ ਪਤਨੀ ਲਈ ਆਪਣੇ ਦਿਲ ਵਿਚ ਗ਼ਲਤ ਇੱਛਾ ਪਲ਼ਣ ਦਿੱਤੀ। ਉਹ ਸੀ ਹਿੱਤੀ ਊਰੀਯਾਹ ਦੀ ਪਤਨੀ ਬਥ-ਸ਼ਬਾ। ਦਾਊਦ ਨੇ ਸੁਆਰਥੀ ਬਣ ਕੇ ਬਥ-ਸ਼ਬਾ ਨਾਲ ਸਰੀਰਕ ਸੰਬੰਧ ਬਣਾਏ ਤੇ ਉਹ ਗਰਭਵਤੀ ਹੋ ਗਈ। ਉਸ ਨੇ ਸਿਰਫ਼ ਹਰਾਮਕਾਰੀ ਹੀ ਨਹੀਂ ਕੀਤੀ, ਸਗੋਂ ਊਰੀਯਾਹ ਨੂੰ ਮਰਵਾਉਣ ਦਾ ਇੰਤਜ਼ਾਮ ਵੀ ਕੀਤਾ। (2 ਸਮੂ. 11:2-15) ਦਾਊਦ ਕੀ ਸੋਚ ਰਿਹਾ ਸੀ? ਕੀ ਉਹ ਇਹ ਸੋਚ ਰਿਹਾ ਸੀ ਕਿ ਯਹੋਵਾਹ ਇਹ ਸਾਰਾ ਕੁਝ ਨਹੀਂ ਦੇਖ ਸਕਦਾ? ਭਾਵੇਂ ਕਿ ਦਾਊਦ ਕਈ ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਰਿਹਾ ਸੀ, ਪਰ ਉਹ ਲਾਲਚ ਦੇ ਫੰਦੇ ਵਿਚ ਫਸ ਗਿਆ ਜਿਸ ਦੇ ਉਸ ਨੇ ਬੁਰੇ ਨਤੀਜੇ ਭੁਗਤੇ। ਬਾਅਦ ਵਿਚ ਦਾਊਦ ਨੇ ਆਪਣੀ ਗ਼ਲਤੀ ਮੰਨ ਲਈ ਤੇ ਪਛਤਾਵਾ ਕੀਤਾ। ਉਹ ਕਿੰਨਾ ਸ਼ੁਕਰਗੁਜ਼ਾਰ ਸੀ ਕਿ ਯਹੋਵਾਹ ਨੇ ਉਸ ਨੂੰ ਮਾਫ਼ ਕਰ ਦਿੱਤਾ!—2 ਸਮੂ. 12:7-13.
ਯਹੋਵਾਹ ਦੇ ਹੋਰ ਵੀ ਅਧੀਨ ਹੋਵੋ
15 ਯਹੋਵਾਹ ਨੇ ਦਾਊਦ ਨੂੰ ਸਿਰਫ਼ ਉਸ ਦੇ ਪਰਿਵਾਰ ਦਾ ਹੀ ਨਹੀਂ, ਸਗੋਂ ਪੂਰੀ ਇਜ਼ਰਾਈਲ ਕੌਮ ਦਾ ਮੁਖੀ ਠਹਿਰਾਇਆ ਸੀ। ਰਾਜੇ ਵਜੋਂ ਦਾਊਦ ਕੋਲ ਬਹੁਤ ਅਧਿਕਾਰ ਸੀ। ਕਦੀ-ਕਦੀ ਉਸ ਨੇ ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਕੀਤੀ ਅਤੇ ਗੰਭੀਰ ਗ਼ਲਤੀਆਂ ਕੀਤੀਆਂ। (2 ਸਮੂ. 11:14, 15) ਪਰ ਯਹੋਵਾਹ ਵੱਲੋਂ ਮਿਲੀ ਤਾੜਨਾ ਕਬੂਲ ਕਰ ਕੇ ਉਸ ਨੇ ਪਰਮੇਸ਼ੁਰ ਪ੍ਰਤੀ ਅਧੀਨਗੀ ਦਿਖਾਈ। ਉਸ ਨੇ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣਾ ਦਿਲ ਪੂਰੀ ਤਰ੍ਹਾਂ ਖੋਲ੍ਹ ਦਿੱਤਾ। (ਜ਼ਬੂ. 51:1-4) ਨਾਲੇ ਉਸ ਨੇ ਨਿਮਰਤਾ ਦਿਖਾਉਂਦਿਆਂ ਆਦਮੀਆਂ ਤੋਂ ਹੀ ਨਹੀਂ, ਸਗੋਂ ਔਰਤਾਂ ਤੋਂ ਵੀ ਮਿਲੀ ਚੰਗੀ ਸਲਾਹ ਸਵੀਕਾਰ ਕੀਤੀ। (1 ਸਮੂ. 19:11, 12; 25:32, 33) ਦਾਊਦ ਨੇ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖੇ ਅਤੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਸੇਵਾ ਨੂੰ ਪਹਿਲ ਦਿੱਤੀ।
ਪਰਮੇਸ਼ੁਰ ਦੇ ਕਾਨੂੰਨਾਂ ਤੇ ਅਸੂਲਾਂ ਨਾਲ ਆਪਣੀ ਜ਼ਮੀਰ ਨੂੰ ਸਿਖਾਓ
7 ਸਹੀ ਤੇ ਗ਼ਲਤ ਵਿਚ ਫ਼ਰਕ ਜਾਣਨ ਲਈ ਜ਼ਰੂਰੀ ਨਹੀਂ ਕਿ ਅਸੀਂ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਤੋੜ ਕੇ ਨਤੀਜੇ ਭੁਗਤੀਏ। ਅਸੀਂ ਪੁਰਾਣੇ ਸਮੇਂ ਦੇ ਲੋਕਾਂ ਦੀਆਂ ਗ਼ਲਤੀਆਂ ਤੋਂ ਸਿੱਖ ਸਕਦੇ ਹਾਂ। ਉਨ੍ਹਾਂ ਦੀਆਂ ਮਿਸਾਲਾਂ ਬਾਈਬਲ ਵਿਚ ਦਰਜ ਹਨ। ਕਹਾਉਤਾਂ 1:5 ਕਹਿੰਦਾ ਹੈ: “ਭਈ ਬੁੱਧਵਾਨ ਸੁਣ ਕੇ ਆਪਣੇ ਗਿਆਨ ਨੂੰ ਵਧਾਵੇ।” ਇਹ ਗਿਆਨ ਯਹੋਵਾਹ ਹੀ ਦਿੰਦਾ ਹੈ ਤੇ ਉਸ ਵੱਲੋਂ ਮਿਲਦਾ ਗਿਆਨ ਸਭ ਤੋਂ ਵਧੀਆ ਹੈ। ਮਿਸਾਲ ਲਈ, ਸੋਚੋ ਕਿ ਦਾਊਦ ਨੂੰ ਕਿੰਨਾ ਦੁੱਖ ਸਹਿਣਾ ਪਿਆ ਜਦੋਂ ਉਸ ਨੇ ਯਹੋਵਾਹ ਦਾ ਹੁਕਮ ਤੋੜ ਕੇ ਬਥ-ਸ਼ਬਾ ਨਾਲ ਹਰਾਮਕਾਰੀ ਕੀਤੀ। (2 ਸਮੂ. 12:7-14) ਇਹ ਬਿਰਤਾਂਤ ਪੜ੍ਹਦਿਆਂ ਆਪਣੇ ਆਪ ਤੋਂ ਪੁੱਛੋ: ‘ਦਾਊਦ ਇਨ੍ਹਾਂ ਮੁਸ਼ਕਲਾਂ ਤੋਂ ਕਿਵੇਂ ਬਚ ਸਕਦਾ ਸੀ? ਜੇ ਮੈਂ ਇਹੋ ਜਿਹੇ ਹਾਲਾਤਾਂ ਵਿਚ ਹੋਵਾਂ, ਤਾਂ ਮੈਂ ਕੀ ਕਰਾਂਗਾ? ਕੀ ਮੈਂ ਦਾਊਦ ਵਾਂਗ ਗ਼ਲਤ ਕੰਮ ਕਰਾਂਗਾ ਜਾਂ ਯੂਸੁਫ਼ ਵਾਂਗ ਉੱਥੋਂ ਭੱਜ ਜਾਵਾਂਗਾ?’ (ਉਤ. 39:11-15) ਪਾਪ ਦੇ ਭਿਅੰਕਰ ਨਤੀਜਿਆਂ ਬਾਰੇ ਧਿਆਨ ਨਾਲ ਸੋਚ ਕੇ ਅਸੀਂ ਹੋਰ ਵੀ ਜ਼ਿਆਦਾ “ਬਦੀ ਤੋਂ ਘਿਣ” ਕਰ ਸਕਾਂਗੇ।
ਹੀਰੇ-ਮੋਤੀ
it-1 590 ਪੈਰਾ 1
ਦਾਊਦ
ਦਾਊਦ ਤੇ ਬਥ-ਸ਼ਬਾ ਨੇ ਜੋ ਕੀਤਾ, ਯਹੋਵਾਹ ਨੇ ਉਸ ਨੂੰ ਲੁਕਾਇਆ ਨਹੀਂ। ਪਰ ਯਹੋਵਾਹ ਸਾਰਾ ਕੁਝ ਦੇਖ ਰਿਹਾ ਸੀ ਅਤੇ ਉਸ ਨੇ ਸੱਚਾਈ ਨੂੰ ਜ਼ਾਹਰ ਕੀਤਾ। ਜੇ ਉਹ ਦਾਊਦ ਤੇ ਬਥ-ਸ਼ਬਾ ਦੇ ਮਾਮਲੇ ਦਾ ਫ਼ੈਸਲਾ ਮੂਸਾ ਦੇ ਕਾਨੂੰਨ ਅਨੁਸਾਰ ਇਨਸਾਨਾਂ ਨੂੰ ਕਰਨ ਦਾ ਅਧਿਕਾਰ ਦਿੰਦਾ, ਤਾਂ ਉਨ੍ਹਾਂ ਦੋਨਾਂ ਨੂੰ ਜਾਨੋਂ ਮਾਰ ਦਿੱਤਾ ਜਾਣਾ ਸੀ। ਨਾਲੇ ਅਣਜੰਮੇ ਬੱਚੇ ਨੂੰ ਵੀ ਉਸ ਦੀ ਮਾਂ ਦੇ ਨਾਲ ਮਾਰ ਦਿੱਤਾ ਜਾਣਾ ਸੀ। (ਬਿਵ 5:18; 22:22) ਪਰ ਯਹੋਵਾਹ ਨੇ ਖ਼ੁਦ ਇਹ ਮਾਮਲਾ ਸੁਲਝਾਉਣ ਦਾ ਫ਼ੈਸਲਾ ਕੀਤਾ। ਯਹੋਵਾਹ ਨੇ ਦਾਊਦ ʼਤੇ ਦਇਆ ਕੀਤੀ। ਕਿਉਂ? ਕਿਉਂਕਿ ਉਸ ਨੇ ਦਾਊਦ ਨਾਲ ਰਾਜ ਦਾ ਇਕਰਾਰ ਕੀਤਾ ਸੀ (2 ਸਮੂ 7:11-16), ਦਾਊਦ ਨੇ ਖ਼ੁਦ ਦੂਜਿਆਂ ʼਤੇ ਦਇਆ ਕੀਤੀ ਸੀ (1 ਸਮੂ 24:4-7; ਯਾਕੂ 2:13 ਵਿਚ ਨੁਕਤਾ ਦੇਖੋ) ਅਤੇ ਪਰਮੇਸ਼ੁਰ ਨੇ ਦੇਖਿਆ ਸੀ ਕਿ ਉਨ੍ਹਾਂ ਨੇ ਦਿਲੋਂ ਤੋਬਾ ਕੀਤੀ ਸੀ। (ਜ਼ਬੂ 51:1-4) ਪਰ ਇਸ ਦਾ ਮਤਲਬ ਇਹ ਨਹੀਂ ਸੀ ਕਿ ਉਨ੍ਹਾਂ ਨੂੰ ਸਜ਼ਾ ਨਹੀਂ ਦਿੱਤੀ ਗਈ। ਯਹੋਵਾਹ ਨੇ ਨਾਥਾਨ ਰਾਹੀਂ ਭਵਿੱਖਬਾਣੀ ਕੀਤੀ “ਮੈਂ ਤੇਰੇ ਹੀ ਘਰੋਂ ਤੇਰੇ ʼਤੇ ਬਿਪਤਾ ਲਿਆਵਾਂਗਾ।”—2 ਸਮੂ 12:1-12.
20-26 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਸਮੂਏਲ 13-14
“ਅਮਨੋਨ ਦੇ ਸੁਆਰਥ ਕਰਕੇ ਬਿਪਤਾ ਆਈ”
it-1 32
ਅਬਸ਼ਾਲੋਮ
ਅਮਨੋਨ ਦਾ ਕਤਲ। ਅਬਸ਼ਾਲੋਮ ਦੀ ਭੈਣ ਤਾਮਾਰ ਬਹੁਤ ਹੀ ਸੋਹਣੀ ਸੀ। ਇਸ ਕਰਕੇ ਉਸ ਦਾ ਵੱਡਾ ਮਤਰੇਆ ਭਰਾ ਉਸ ਦੇ ਸੁਹੱਪਣ ʼਤੇ ਮਰ ਮਿਟਿਆ। ਉਸ ਨੇ ਬੀਮਾਰ ਹੋਣ ਦਾ ਢੌਂਗ ਕੀਤਾ ਅਤੇ ਤਾਮਾਰ ਨੂੰ ਆਪਣੇ ਕੋਲ ਬੁਲਾਇਆ। ਉਸ ਨੇ ਆ ਕੇ ਉਸ ਲਈ ਖਾਣਾ ਬਣਾਇਆ। ਅਮਨੋਨ ਨੇ ਉਸ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਉਸ ਦਾ ਬਲਾਤਕਾਰ ਕੀਤਾ। ਅਮਨੋਨ ਦਾ ਪਿਆਰ ਨਫ਼ਰਤ ਵਿਚ ਬਦਲ ਗਿਆ। ਇਸ ਕਰਕੇ ਉਸ ਨੇ ਤਾਮਾਰ ਨੂੰ ਆਪਣੇ ਘਰੋਂ ਕੱਢ ਦਿੱਤਾ ਤੇ ਉਸ ਨੂੰ ਉਸ ਦੇ ਹਾਲ ʼਤੇ ਛੱਡ ਦਿੱਤਾ।—2 ਸਮੂ 13:1-20.
ਸੰਜਮ ਪੈਦਾ ਕਰੋ
11 ਬਾਈਬਲ ਵਿਚ ਅਜਿਹੇ ਲੋਕਾਂ ਦੀਆਂ ਮਿਸਾਲਾਂ ਵੀ ਹਨ ਜੋ ਅਨੈਤਿਕ ਕੰਮਾਂ ਵਿਚ ਫਸ ਗਏ। ਬਾਈਬਲ ਇਹ ਵੀ ਦੱਸਦੀ ਹੈ ਕਿ ਸੰਜਮ ਨਾ ਰੱਖਣ ਦੇ ਕਿਹੜੇ ਬੁਰੇ ਅੰਜਾਮ ਨਿਕਲਦੇ ਹਨ। ਜੇ ਤੁਸੀਂ ਕਿਮ ਵਰਗੇ ਹਾਲਾਤਾਂ ਦਾ ਸਾਮ੍ਹਣਾ ਕਰ ਰਹੇ ਹੋ, ਤਾਂ ਕਹਾਉਤਾਂ 7 ਵਿਚ ਦੱਸੇ ਉਸ ਮੂਰਖ ਨੌਜਵਾਨ ਬਾਰੇ ਸੋਚੋ। ਨਾਲੇ ਅਮਨੋਨ ਅਤੇ ਉਸ ਦੇ ਗ਼ਲਤ ਕੰਮਾਂ ਦੇ ਭੈੜੇ ਅੰਜਾਮਾਂ ਬਾਰੇ ਵੀ ਸੋਚੋ। (2 ਸਮੂ. 13:1, 2, 10-15, 28-32) ਸੰਜਮ ਪੈਦਾ ਕਰਨ ਲਈ ਅਤੇ ਬੱਧ ਤੋਂ ਕੰਮ ਲੈਣ ਲਈ ਮਾਪੇ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹਨ। ਉਹ ਪਰਿਵਾਰਕ ਸਟੱਡੀ ਦੌਰਾਨ ਬਾਈਬਲ ਦੀਆਂ ਇਨ੍ਹਾਂ ਮਿਸਾਲਾਂ ਉੱਤੇ ਚਰਚਾ ਕਰ ਸਕਦੇ ਹਨ।
it-1 33 ਪੈਰਾ 1
ਅਬਸ਼ਾਲੋਮ
ਤਾਮਾਰ ਦਾ ਬਲਾਤਕਾਰ ਹੋਏ ਨੂੰ ਦੋ ਸਾਲ ਬੀਤ ਗਏ ਸੀ। ਇਹ ਉਹ ਸਮਾਂ ਸੀ ਜਦੋਂ ਭੇਡਾਂ ਦੀ ਉੱਨ ਕਤਰੀ ਜਾਂਦੀ ਸੀ। ਇਸ ਮੌਕੇ ʼਤੇ ਅਬਸ਼ਾਲੋਮ ਨੇ ਯਰੂਸ਼ਲਮ ਦੇ ਉੱਤਰ-ਪੂਰਬ ਤੋਂ ਲਗਭਗ 22 ਕਿਲੋਮੀਟਰ (14 ਮੀਲ) ਦੂਰ ਬਆਲ-ਹਸੋਰ ਵਿਚ ਦਾਅਵਤ ਦਾ ਪ੍ਰਬੰਧ ਕੀਤਾ। ਉਸ ਨੇ ਦਾਊਦ ਅਤੇ ਉਸ ਦੇ ਸਾਰੇ ਪੁੱਤਰਾਂ ਨੂੰ ਸੱਦਿਆ। ਦਾਊਦ ਨੇ ਕਿਹਾ ਕਿ ਉਹ ਨਹੀਂ ਆ ਸਕਦਾ। ਸੋ ਅਬਸ਼ਾਲੋਮ ਨੇ ਦਾਊਦ ʼਤੇ ਜ਼ੋਰ ਪਾਇਆ ਕਿ ਜੇ ਉਹ ਨਹੀਂ ਆ ਸਕਦਾ, ਤਾਂ ਉਹ ਆਪਣੇ ਜੇਠੇ ਮੁੰਡੇ ਅਮਨੋਨ ਨੂੰ ਭੇਜੇ। (ਕਹਾ 10:18) ਦਾਅਵਤ ਵਿਚ ਜਦੋਂ ਅਮਨੋਨ ਦਾ “ਦਿਲ ਦਾਖਰਸ ਪੀ ਕੇ ਨਸ਼ੇ ਵਿਚ ਮਸਤ” ਹੋ ਗਿਆ, ਤਾਂ ਅਬਸ਼ਾਲੋਮ ਨੇ ਆਪਣੇ ਸੇਵਾਦਾਰਾਂ ਨੂੰ ਉਸ ਨੂੰ ਮਾਰਨ ਦਾ ਹੁਕਮ ਦਿੱਤਾ।—2 ਸਮੂ 13:23-38.
ਹੀਰੇ-ਮੋਤੀ
g04 12/22 8-9
ਕਿਹੜੀ ਗੱਲ ਇਕ ਇਨਸਾਨ ਨੂੰ ਅਸਲ ਵਿਚ ਸੋਹਣਾ ਬਣਾਉਂਦੀ ਹੈ?
ਅਬਸ਼ਾਲੋਮ ਬਹੁਤ ਸੋਹਣਾ ਸੀ। ਉਸ ਬਾਰੇ ਬਾਈਬਲ ਦੱਸਦੀ ਹੈ: “ਸਾਰੇ ਇਜ਼ਰਾਈਲ ਵਿਚ ਜਿੰਨੀ ਤਾਰੀਫ਼ ਅਬਸ਼ਾਲੋਮ ਦੇ ਸੁਹੱਪਣ ਦੀ ਕੀਤੀ ਜਾਂਦੀ ਸੀ, ਉੱਨੀ ਕਿਸੇ ਹੋਰ ਦੀ ਨਹੀਂ ਸੀ ਕੀਤੀ ਜਾਂਦੀ। ਪੈਰ ਦੀ ਤਲੀ ਤੋਂ ਲੈ ਕੇ ਸਿਰ ਤਕ ਉਸ ਵਿਚ ਕੋਈ ਨੁਕਸ ਨਹੀਂ ਸੀ।” (2 ਸਮੂਏਲ 14:25) ਪਰ ਅਬਸ਼ਾਲੋਮ ਦਿਲ ਦਾ ਚੰਗਾ ਨਹੀਂ ਸੀ, ਉਸ ਵਿਚ ਕਈ ਬੁਰਾਈਆਂ ਸਨ। ਉਹ ਅਧਿਕਾਰ ਦਾ ਭੁੱਖਾ ਸੀ ਜਿਸ ਕਰਕੇ ਉਸ ਨੇ ਆਪਣੇ ਪਿਤਾ ਖ਼ਿਲਾਫ਼ ਬਗਾਵਤ ਕੀਤੀ। ਉਹ ਆਪਣੇ ਪਿਤਾ ਦੀ ਰਾਜ-ਗੱਦੀ ਹੜੱਪਣੀ ਚਾਹੁੰਦਾ ਸੀ। ਇੱਥੋਂ ਤਕ ਕਿ ਉਸ ਨੇ ਆਪਣੇ ਪਿਤਾ ਦੀਆਂ ਰਖੇਲਾਂ ਨਾਲ ਵੀ ਸੰਬੰਧ ਰੱਖੇ। ਇਸ ਕਰਕੇ ਅਬਸ਼ਾਲੋਮ ʼਤੇ ਯਹੋਵਾਹ ਦਾ ਗੁੱਸਾ ਭੜਕ ਉੱਠਿਆ ਅਤੇ ਉਸ ਨੂੰ ਦਰਦਨਾਕ ਮੌਤ ਮਰਨਾ ਪਿਆ।—2 ਸਮੂਏਲ 15:10-14; 16:13-22; 17:14; 18:9, 15.
ਕੀ ਤੁਹਾਨੂੰ ਲੱਗਦਾ ਕਿ ਤੁਸੀਂ ਅਬਸ਼ਾਲੋਮ ਨੂੰ ਪਸੰਦ ਕਰਦੇ? ਬਿਲਕੁਲ ਨਹੀਂ, ਸਗੋਂ ਤੁਸੀਂ ਉਸ ਨਾਲ ਨਫ਼ਰਤ ਕਰਦੇ ਕਿਉਂਕਿ ਉਹ ਬਹੁਤ ਹੰਕਾਰੀ ਤੇ ਬੇਵਫ਼ਾ ਸੀ। ਉਸ ਦਾ ਸੁਹੱਪਣ ਉਸ ਨੂੰ ਨਾਸ਼ ਹੋਣ ਤੋਂ ਬਚਾ ਨਹੀਂ ਸਕਿਆ। ਦੂਜੇ ਪਾਸੇ, ਬਾਈਬਲ ਵਿਚ ਚੰਗੇ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਦੇ ਗੁਣਾਂ ਕਰਕੇ ਅਸੀਂ ਉਨ੍ਹਾਂ ਨੂੰ ਪਸੰਦ ਕਰਦੇ ਹਾਂ। ਪਰ ਬਾਈਬਲ ਇਹ ਨਹੀਂ ਦੱਸਦੀ ਕਿ ਉਹ ਦੇਖਣ ਨੂੰ ਕਿੱਦਾਂ ਦੇ ਲੱਗਦੇ ਸਨ। ਕਿਉਂ? ਕਿਉਂਕਿ ਉਨ੍ਹਾਂ ਦੀ ਅੰਦਰਲੀ ਸੁੰਦਰਤਾ ਬਾਹਰਲੀ ਸੁੰਦਰਤਾ ਨਾਲੋਂ ਕਿਤੇ ਜ਼ਿਆਦਾ ਮਾਅਨੇ ਰੱਖਦੀ ਹੈ।
27 ਜੂਨ–3 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | 2 ਸਮੂਏਲ 15-17
“ਘਮੰਡੀ ਹੋਣ ਕਰਕੇ ਅਬਸ਼ਾਲੋਮ ਨੇ ਬਗਾਵਤ ਕੀਤੀ”
it-1 860
ਅੱਗੇ ਦੌੜਨ ਵਾਲਾ
ਪੁਰਾਣੇ ਸਮੇਂ ਵਿਚ ਪੂਰਬੀ ਦੇਸ਼ਾਂ ਵਿਚ ਆਦਮੀ ਰਾਜੇ ਦੇ ਰਥ ਅੱਗੇ-ਅੱਗੇ ਦੌੜਦੇ ਸਨ। ਉਹ ਘੋਸ਼ਣਾ ਕਰਦੇ ਸੀ ਕਿ ਰਾਜਾ ਆ ਰਿਹਾ ਹੈ ਤਾਂਕਿ ਲੋਕ ਰਾਜੇ ਦਾ ਸੁਆਗਤ ਕਰਨ ਲਈ ਤਿਆਰ ਰਹਿਣ। ਨਾਲੇ ਉਹ ਰਾਜੇ ਦੀ ਹਰ ਤਰੀਕੇ ਨਾਲ ਮਦਦ ਕਰਦੇ ਸਨ। (1 ਸਮੂ 8:11) ਅਬਸ਼ਾਲੋਮ ਤੇ ਅਦੋਨੀਯਾਹ ਜਾਣਦੇ ਸਨ ਕਿ ਸਿਰਫ਼ ਰਾਜੇ ਦੇ ਰਥ ਅੱਗੇ ਹੀ ਆਦਮੀ ਦੌੜਦੇ ਸਨ। ਪਰ ਉਨ੍ਹਾਂ ਦੋਵਾਂ ਨੇ ਆਪਣੇ-ਆਪਣੇ ਰਥ ਅੱਗੇ 50-50 ਆਦਮੀ ਦੌੜਨ ਲਈ ਠਹਿਰਾਏ ਤਾਂਕਿ ਜਦੋਂ ਲੋਕ ਉਨ੍ਹਾਂ ਨੂੰ ਇਨ੍ਹਾਂ ਦੌੜਨ ਵਾਲੇ ਆਦਮੀਆਂ ਨਾਲ ਦੇਖਣ, ਤਾਂ ਉਹ ਉਨ੍ਹਾਂ ਦਾ ਹੋਰ ਵੀ ਆਦਰ ਕਰਨ ਅਤੇ ਸੋਚਣ ਕਿ ਉਹ ਰਾਜੇ ਬਣਨ ਦੇ ਯੋਗ ਹਨ।—2 ਸਮੂ 15:1; 1 ਰਾਜ 1:5.
ਆਜ਼ਾਦੀ ਦੇ ਪਰਮੇਸ਼ੁਰ ਦੀ ਸੇਵਾ ਕਰੋ
5 ਬਾਈਬਲ ਵਿਚ ਬਹੁਤ ਸਾਰੇ ਲੋਕਾਂ ਦੀਆਂ ਉਦਾਹਰਣਾਂ ਹਨ ਜਿਨ੍ਹਾਂ ਦਾ ਦੂਜਿਆਂ ʼਤੇ ਬੁਰਾ ਪ੍ਰਭਾਵ ਪਿਆ। ਅਜਿਹਾ ਇਕ ਆਦਮੀ ਸੀ ਦਾਊਦ ਦਾ ਪੁੱਤਰ ਅਬਸ਼ਾਲੋਮ। ਅਬਸ਼ਾਲੋਮ ਸੋਹਣਾ ਤੇ ਗੱਭਰੂ ਜਵਾਨ ਸੀ। ਸਮੇਂ ਦੇ ਬੀਤਣ ਨਾਲ ਉਸ ਨੇ ਸ਼ੈਤਾਨ ਵਾਂਗ ਆਪਣੇ ਦਿਲ ਵਿਚ ਗ਼ਲਤ ਇੱਛਾ ਨੂੰ ਵਧਣ-ਫੁੱਲਣ ਦਿੱਤਾ। ਉਹ ਆਪਣੇ ਪਿਤਾ ਦੀ ਜਗ੍ਹਾ ਰਾਜਾ ਬਣਨਾ ਚਾਹੁੰਦਾ ਸੀ, ਭਾਵੇਂ ਕਿ ਰਾਜਾ ਬਣਨਾ ਉਸ ਦਾ ਹੱਕ ਨਹੀਂ ਸੀ। ਰਾਜ-ਗੱਦੀ ਨੂੰ ਚਲਾਕੀ ਨਾਲ ਲੈਣ ਲਈ ਅਬਸ਼ਾਲੋਮ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣ ਲੱਗ ਪਿਆ ਕਿ ਉਹ ਆਪ ਉਨ੍ਹਾਂ ਦੀ ਮਦਦ ਕਰੇਗਾ ਕਿਉਂਕਿ ਰਾਜਾ ਦਾਊਦ ਦੇ ਦਰਬਾਰ ਵਿਚ ਉਨ੍ਹਾਂ ਦੀ ਫ਼ਰਿਆਦ ਨਹੀਂ ਸੁਣੀ ਜਾਵੇਗੀ। ਜਿਵੇਂ ਅਦਨ ਦੇ ਬਾਗ਼ ਵਿਚ ਸ਼ੈਤਾਨ ਨੇ ਚਲਾਕੀ ਕੀਤੀ ਸੀ, ਉਵੇਂ ਹੀ ਅਬਸ਼ਾਲੋਮ ਨੇ ਲੋਕਾਂ ਨੂੰ ਭਰਮਾਇਆ ਕਿ ਉਹ ਉਨ੍ਹਾਂ ਦਾ ਭਲਾ ਚਾਹੁੰਦਾ ਸੀ। ਇਸ ਦੇ ਨਾਲ-ਨਾਲ ਉਸ ਨੇ ਆਪਣੇ ਪਿਤਾ ਬਾਰੇ ਝੂਠ ਬੋਲ ਕੇ ਉਸ ਨੂੰ ਬਦਨਾਮ ਕੀਤਾ।—2 ਸਮੂ. 15:1-5.
it-1 1083-1084
ਹਬਰੋਨ
ਕੁਝ ਸਾਲਾਂ ਬਾਅਦ ਦਾਊਦ ਦਾ ਮੁੰਡਾ ਅਬਸ਼ਾਲੋਮ ਹਬਰੋਨ ਵਾਪਸ ਗਿਆ ਅਤੇ ਉਸ ਨੇ ਆਪਣੇ ਪਿਤਾ ਤੋਂ ਰਾਜ-ਗੱਦੀ ਹਥਿਆਉਣ ਲਈ ਕਦਮ ਚੁੱਕੇ। ਪਰ ਉਹ ਕਾਮਯਾਬ ਨਹੀਂ ਹੋਇਆ। (2 ਸਮੂ 15:7-10) ਉਹ ਹਬਰੋਨ ਕਿਉਂ ਗਿਆ ਸੀ? ਇਕ ਤਾਂ ਇਹ ਕਾਰਨ ਸੀ ਪਹਿਲਾਂ ਹਬਰੋਨ ਯਹੂਦਾਹ ਦੀ ਰਾਜਧਾਨੀ ਸੀ ਤੇ ਇੱਥੇ ਬਹੁਤ ਸਾਰੀਆਂ ਅਹਿਮ ਘਟਨਾਵਾਂ ਹੋਈਆਂ ਸਨ। ਨਾਲੇ ਅਬਸ਼ਾਲੋਮ ਦਾ ਜਨਮ ਹਬਰੋਨ ਵਿਚ ਹੋਇਆ ਸੀ।
ਹੀਰੇ-ਮੋਤੀ
ਕੀ ਤੁਹਾਡੇ ਕੋਲ ਸਹੀ ਜਾਣਕਾਰੀ ਹੈ?
11 ਜਦੋਂ ਸਾਡੇ ਬਾਰੇ ਪੂਰੀ ਸੱਚਾਈ ਨਹੀਂ ਦੱਸੀ ਜਾਂਦੀ ਜਾਂ ਅਧੂਰੀ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਅਸੀਂ ਬੇਇਨਸਾਫ਼ੀ ਦਾ ਸ਼ਿਕਾਰ ਹੋ ਸਕਦੇ ਹਾਂ। ਜ਼ਰਾ ਸੋਚੋ ਕਿ ਮਫ਼ੀਬੋਸ਼ਥ ਨਾਲ ਕੀ ਹੋਇਆ। ਰਾਜਾ ਦਾਊਦ ਨੇ ਖੁੱਲ੍ਹ-ਦਿਲੀ ਦਿਖਾਉਂਦਿਆਂ ਮਫ਼ੀਬੋਸ਼ਥ ਨੂੰ ਉਸ ਦੇ ਦਾਦੇ ਸ਼ਾਊਲ ਦੀ ਸਾਰੀ ਜਾਇਦਾਦ ਵਾਪਸ ਦੇ ਦਿੱਤੀ। (2 ਸਮੂ. 9:6, 7) ਪਰ ਬਾਅਦ ਵਿਚ ਦਾਊਦ ਨੂੰ ਮਫ਼ੀਬੋਸ਼ਥ ਬਾਰੇ ਝੂਠੀ ਖ਼ਬਰ ਪਤਾ ਲੱਗੀ। ਉਸ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਖ਼ਬਰ ਸੱਚੀ ਸੀ ਜਾਂ ਨਹੀਂ, ਸਗੋਂ ਉਸ ਨੇ ਮਫ਼ੀਬੋਸ਼ਥ ਦੀ ਸਾਰੀ ਜਾਇਦਾਦ ਵਾਪਸ ਲੈ ਲਈ। (2 ਸਮੂ. 16:1-4) ਬਾਅਦ ਵਿਚ ਜਦੋਂ ਦਾਊਦ ਨੇ ਉਸ ਨਾਲ ਗੱਲ ਕੀਤੀ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਤੋਂ ਗ਼ਲਤੀ ਹੋ ਗਈ ਸੀ। ਫਿਰ ਉਸ ਨੇ ਮਫ਼ੀਬੋਸ਼ਥ ਦੀ ਜਾਇਦਾਦ ਦਾ ਕੁਝ ਹਿੱਸਾ ਉਸ ਨੂੰ ਵਾਪਸ ਮੋੜ ਦਿੱਤਾ। (2 ਸਮੂ. 19:24-29) ਜੇ ਦਾਊਦ ਅਧੂਰੀ ਜਾਣਕਾਰੀ ਦੇ ਆਧਾਰ ʼਤੇ ਛੇਤੀ ਫ਼ੈਸਲਾ ਕਰਨ ਦੀ ਬਜਾਇ ਸਮਾਂ ਕੱਢ ਕੇ ਸਾਰੀ ਜਾਣਕਾਰੀ ਲੈਂਦਾ, ਤਾਂ ਮਫ਼ੀਬੋਸ਼ਥ ਨੂੰ ਇਹ ਅਨਿਆਂ ਨਾ ਸਹਿਣਾ ਪੈਂਦਾ।