ਕੀ ਤੁਸੀਂ ਅਲੀਸ਼ਾ ਵਾਂਗ ਅਗਨ ਦੇ ਰਥ ਦੇਖਦੇ ਹੋ?
ਸੀਰੀਆ ਦਾ ਰਾਜਾ ਪਰਮੇਸ਼ੁਰ ਦੇ ਨਬੀ ਅਲੀਸ਼ਾ ਦੀ ਤਲਾਸ਼ ਵਿਚ ਸੀ। ਉਸ ਨੂੰ ਪਤਾ ਲੱਗਾ ਕਿ ਅਲੀਸ਼ਾ ਪਹਾੜੀ ʼਤੇ ਵੱਸੇ ਸ਼ਹਿਰ ਦੋਥਾਨ ਵਿਚ ਸੀ ਜਿਸ ਦੇ ਆਲੇ-ਦੁਆਲੇ ਮਜ਼ਬੂਤ ਕੰਧਾਂ ਖੜ੍ਹੀਆਂ ਸਨ। ਰਾਤ ਨੂੰ ਰਾਜੇ ਨੇ ਆਪਣੀ ਫ਼ੌਜ, ਘੋੜੇ ਤੇ ਰਥ ਉਸ ਸ਼ਹਿਰ ਨੂੰ ਭੇਜੇ। ਦਿਨ ਚੜ੍ਹਦੇ ਸਾਰ ਹੀ ਉਨ੍ਹਾਂ ਨੇ ਸਾਰੇ ਸ਼ਹਿਰ ਨੂੰ ਘੇਰਾ ਪਾ ਲਿਆ ਸੀ।—2 ਰਾਜ. 6:13, 14.
ਜਦ ਅਲੀਸ਼ਾ ਦਾ ਸੇਵਕ ਸਵੇਰੇ ਉੱਠ ਕੇ ਬਾਹਰ ਗਿਆ, ਤਾਂ ਉਹ ਦੁਸ਼ਮਣ ਫ਼ੌਜ ਨੂੰ ਦੇਖ ਕੇ ਬਹੁਤ ਡਰ ਗਿਆ। ਉਸ ਨੇ ਚੀਕ ਕੇ ਕਿਹਾ: “ਹਾਏ ਮੇਰੇ ਸੁਆਮੀ ਜੀ, ਅਸੀਂ ਕੀ ਕਰੀਏ?” ਅਲੀਸ਼ਾ ਨੇ ਉਸ ਨੂੰ ਕਿਹਾ: “ਨਾ ਡਰ ਕਿਉਂ ਜੋ ਸਾਡੇ ਨਾਲ ਦੇ ਉਨ੍ਹਾਂ ਦੇ ਨਾਲ ਦਿਆਂ ਨਾਲੋਂ ਬਾਹਲੇ ਹਨ।” ਫਿਰ ਅਲੀਸ਼ਾ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ, ਤੂੰ ਉਹ ਦੀਆਂ ਅੱਖਾਂ ਖੋਲ੍ਹ ਭਈ ਉਹ ਵੇਖੇ।” ਬਾਈਬਲ ਅੱਗੇ ਕਹਿੰਦੀ ਹੈ: “ਯਹੋਵਾਹ ਨੇ ਉਸ ਜੁਆਨ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਹ ਨੇ ਨਿਗਾਹ ਕਰ ਕੇ ਵੇਖਿਆ ਭਈ ਅਲੀਸ਼ਾ ਦੇ ਦਵਾਲੇ ਦਾ ਪਹਾੜ ਅਗਨ ਦੇ ਘੋੜਿਆਂ ਤੇ ਰਥਾਂ ਨਾਲ ਭਰਿਆ ਹੋਇਆ ਹੈ।” (2 ਰਾਜ. 6:15-17) ਅਸੀਂ ਇਸ ਤੋਂ ਕੀ ਸਿੱਖਦੇ ਹਾਂ?
ਸੀਰੀਆ ਦੀ ਫ਼ੌਜ ਨੂੰ ਦੇਖ ਕੇ ਅਲੀਸ਼ਾ ਸ਼ਾਂਤ ਰਿਹਾ ਤੇ ਡਰਿਆ ਨਹੀਂ ਕਿਉਂਕਿ ਉਸ ਨੂੰ ਯਹੋਵਾਹ ʼਤੇ ਪੂਰਾ ਭਰੋਸਾ ਸੀ ਅਤੇ ਉਹ ਜਾਣਦਾ ਸੀ ਕਿ ਯਹੋਵਾਹ ਉਸ ਦੀ ਹਿਫਾਜ਼ਤ ਕਰ ਰਿਹਾ ਸੀ। ਅਸੀਂ ਅੱਜ ਇੱਦਾਂ ਦੇ ਚਮਤਕਾਰ ਹੁੰਦੇ ਨਹੀਂ ਦੇਖਦੇ, ਪਰ ਸਾਨੂੰ ਪਤਾ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਹਿਫਾਜ਼ਤ ਕਰਦਾ ਹੈ। ਸਾਨੂੰ ਯਕੀਨ ਹੈ ਕਿ ਇਕ ਤਰੀਕੇ ਨਾਲ ਅਸੀਂ ਵੀ ਅੱਗ ਦੇ ਘੋੜਿਆਂ ਤੇ ਰਥਾਂ ਨਾਲ ਘਿਰੇ ਹੋਏ ਹਾਂ। ਜੇ ਸਾਨੂੰ ਨਿਹਚਾ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਬਚਾਉਂਦਾ ਅਤੇ ਸਾਨੂੰ “ਅਮਨ ਵਿੱਚ ਵਸਾਉਂਦਾ” ਹੈ, ਤਾਂ ਅਸੀਂ ਉਸ ਦੀ ਬਰਕਤ ਪਾਵਾਂਗੇ। (ਜ਼ਬੂ. 4:8) ਆਓ ਆਪਾਂ ਦੇਖੀਏ ਕਿ ਸਾਨੂੰ ਅਲੀਸ਼ਾ ਦੀ ਮਿਸਾਲ ਤੋਂ ਕੀ ਫ਼ਾਇਦਾ ਹੋ ਸਕਦਾ ਹੈ।
ਅਲੀਸ਼ਾ ਨੇ ਏਲੀਯਾਹ ਦੀ ਸੇਵਾ ਕਰਨੀ ਸ਼ੁਰੂ ਕੀਤੀ
ਇਕ ਵਾਰ ਜਦ ਅਲੀਸ਼ਾ ਖੇਤਾਂ ਵਿਚ ਹਲ ਵਾਹ ਰਿਹਾ ਸੀ, ਤਾਂ ਏਲੀਯਾਹ ਨਬੀ ਉਸ ਕੋਲ ਆਇਆ ਅਤੇ ਉਸ ਨੇ ਆਪਣੀ ਚਾਦਰ ਅਲੀਸ਼ਾ ʼਤੇ ਪਾਈ। ਇੱਦਾਂ ਕਰ ਕੇ ਏਲੀਯਾਹ ਨਬੀ ਅਲੀਸ਼ਾ ਨੂੰ ਆਪਣਾ ਸੇਵਕ ਬਣਨ ਦਾ ਸੱਦਾ ਦੇ ਰਿਹਾ ਸੀ। ਫਿਰ ਅਲੀਸ਼ਾ ਨੇ ਆਪਣੇ ਦੋਸਤਾਂ ਨੂੰ ਦਾਅਵਤ ʼਤੇ ਬੁਲਾਇਆ, ਆਪਣੇ ਮਾਪਿਆਂ ਨੂੰ ਅਲਵਿਦਾ ਕਹੀ ਅਤੇ ਆਪਣਾ ਘਰ-ਬਾਰ ਛੱਡ ਕੇ ਏਲੀਯਾਹ ਦਾ ਸੇਵਕ ਬਣ ਗਿਆ। (1 ਰਾਜ. 19:16, 19-21) ਅਲੀਸ਼ਾ ਉਹ ਹਰ ਕੰਮ ਕਰਨ ਲਈ ਤਿਆਰ ਸੀ ਜੋ ਪਰਮੇਸ਼ੁਰ ਉਸ ਤੋਂ ਚਾਹੁੰਦਾ ਸੀ। ਇਸ ਲਈ ਯਹੋਵਾਹ ਨੇ ਉਸ ਨੂੰ ਕਈ ਤਰੀਕਿਆਂ ਨਾਲ ਆਪਣੇ ਕੰਮਾਂ ਲਈ ਵਰਤਿਆ ਅਤੇ ਬਾਅਦ ਵਿਚ ਉਸ ਨੂੰ ਏਲੀਯਾਹ ਦੀ ਥਾਂ ਨਬੀ ਵਜੋਂ ਚੁਣਿਆ।
ਸ਼ਾਇਦ ਅਲੀਸ਼ਾ ਨੇ ਏਲੀਯਾਹ ਦੀ ਛੇ ਸਾਲਾਂ ਤਕ ਸੇਵਾ ਕੀਤੀ। ਇਸ ਸਮੇਂ ਦੌਰਾਨ ਅਲੀਸ਼ਾ “ਏਲੀਯਾਹ ਦੇ ਹੱਥਾਂ ਉੱਤੇ ਪਾਣੀ ਪਾਉਂਦਾ ਹੁੰਦਾ ਸੀ।” (2 ਰਾਜ. 3:11) ਆਮ ਕਰਕੇ ਉਨ੍ਹਾਂ ਦਿਨਾਂ ਵਿਚ ਲੋਕ ਹੱਥਾਂ ਨਾਲ ਖਾਣਾ ਖਾਂਦੇ ਸਨ। ਖਾਣਾ ਖਾਣ ਤੋਂ ਬਾਅਦ ਇਕ ਸੇਵਕ ਆਪਣੇ ਮਾਲਕ ਦੇ ਹੱਥ ਪਾਣੀ ਨਾਲ ਸਾਫ਼ ਕਰਾਉਂਦਾ ਸੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਅਲੀਸ਼ਾ ਦੇ ਕੁਝ ਕੰਮ ਛੋਟੇ-ਮੋਟੇ ਹੁੰਦੇ ਸਨ। ਫਿਰ ਵੀ ਉਸ ਨੇ ਏਲੀਯਾਹ ਦੀ ਸੇਵਾ ਕਰਨੀ ਬੜੇ ਮਾਣ ਦੀ ਗੱਲ ਸਮਝੀ।
ਇਸੇ ਤਰ੍ਹਾਂ ਅੱਜ ਬਹੁਤ ਸਾਰੇ ਮਸੀਹੀ ਕਈ ਤਰੀਕਿਆਂ ਨਾਲ ਪਰਮੇਸ਼ੁਰ ਦੀ ਪੂਰੇ ਸਮੇਂ ਦੀ ਸੇਵਾ ਕਰਦੇ ਹਨ। ਕਿਉਂ? ਕਿਉਂਕਿ ਉਨ੍ਹਾਂ ਨੂੰ ਯਹੋਵਾਹ ʼਤੇ ਪੂਰਾ ਯਕੀਨ ਹੈ ਅਤੇ ਉਹ ਆਪਣੀ ਸਾਰੀ ਤਾਕਤ ਨਾਲ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ। ਮਿਸਾਲ ਲਈ, ਕਈ ਆਪਣਾ ਘਰ ਛੱਡ ਕੇ ਬੈਥਲ ਵਿਚ ਸੇਵਾ ਕਰਦੇ ਹਨ ਜਾਂ ਉਸਾਰੀ ਦਾ ਕੰਮ ਕਰਦੇ ਹਨ। ਸ਼ਾਇਦ ਦੂਜਿਆਂ ਨੂੰ ਲੱਗੇ ਕਿ ਉੱਥੇ ਉਨ੍ਹਾਂ ਨੂੰ ਕੁਝ ਮਾਮੂਲੀ ਜਿਹੇ ਕੰਮ ਕਰਨੇ ਪੈਂਦੇ ਹਨ। ਪਰ ਕਿਸੇ ਵੀ ਮਸੀਹੀ ਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ ਕਿਉਂਕਿ ਯਹੋਵਾਹ ਹਰ ਕੰਮ ਨੂੰ ਬਹੁਤ ਅਹਿਮ ਸਮਝਦਾ ਹੈ।—ਇਬ. 6:10.
ਅਲੀਸ਼ਾ ਸੇਵਾ ਵਿਚ ਲੱਗਾ ਰਿਹਾ
ਇਸ ਤੋਂ ਪਹਿਲਾਂ ਕਿ ਪਰਮੇਸ਼ੁਰ ਨੇ ‘ਏਲੀਯਾਹ ਨੂੰ ਇੱਕ ਵਾਵਰੋਲੇ ਵਿੱਚ ਅਕਾਸ਼ ਨੂੰ ਚੁੱਕਿਆ,’ ਉਸ ਨੇ ਏਲੀਯਾਹ ਨੂੰ ਗਿਲਗਾਲ ਤੋਂ ਬੈਤਏਲ ਭੇਜਿਆ। ਏਲੀਯਾਹ ਨੇ ਅਲੀਸ਼ਾ ਨੂੰ ਕਿਹਾ ਕਿ ਉਹ ਉਸ ਦੇ ਨਾਲ ਨਾ ਆਵੇ, ਪਰ ਅਲੀਸ਼ਾ ਨੇ ਜਵਾਬ ਦਿੱਤਾ: “ਮੈਂ ਤੈਨੂੰ ਨਹੀਂ ਛੱਡਾਂਗਾ!” ਸਫ਼ਰ ਦੌਰਾਨ ਏਲੀਯਾਹ ਨੇ ਅਲੀਸ਼ਾ ਨੂੰ ਹੋਰ ਦੋ ਵਾਰੀ ਰੁਕਣ ਲਈ ਕਿਹਾ। (2 ਰਾਜ. 2:1-6) ਪਰ ਜਿੱਦਾਂ ਰੂਥ ਨੇ ਹਰ ਪਲ ਨਾਓਮੀ ਦਾ ਸਾਥ ਨਿਭਾਇਆ, ਉੱਦਾਂ ਹੀ ਅਲੀਸ਼ਾ ਹਰ ਪਲ ਏਲੀਯਾਹ ਦੇ ਨਾਲ ਰਿਹਾ। (ਰੂਥ 1:8, 16, 17) ਕਿਉਂ? ਕਿਉਂਕਿ ਅਲੀਸ਼ਾ ਜਾਣਦਾ ਸੀ ਕਿ ਏਲੀਯਾਹ ਦੀ ਸੇਵਾ ਕਰਨੀ ਪਰਮੇਸ਼ੁਰ ਵੱਲੋਂ ਬੜੇ ਸਨਮਾਨ ਦੀ ਗੱਲ ਸੀ।
ਅਲੀਸ਼ਾ ਨੇ ਸਾਡੇ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ। ਜੇ ਸਾਨੂੰ ਪਰਮੇਸ਼ੁਰ ਦੇ ਸੰਗਠਨ ਵਿਚ ਕੋਈ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਤਾਂ ਸਾਨੂੰ ਉਸ ਦੀ ਕਦਰ ਕਰਨੀ ਚਾਹੀਦੀ ਹੈ ਤੇ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਕਰਦੇ ਹਾਂ। ਇਸ ਤੋਂ ਵੱਡਾ ਸਨਮਾਨ ਹੋਰ ਕੋਈ ਨਹੀਂ ਹੋ ਸਕਦਾ!—ਜ਼ਬੂ. 65:4; 84:10.
‘ਦੱਸ ਮੈਂ ਤੇਰੇ ਲਈ ਕੀ ਕਰਾਂ?’
ਸਫ਼ਰ ਕਰਦੇ ਹੋਏ ਏਲੀਯਾਹ ਨੇ ਅਲੀਸ਼ਾ ਨੂੰ ਪੁੱਛਿਆ: “ਇਸ ਤੋਂ ਪਹਿਲਾਂ ਭਈ ਮੈਂ ਤੈਥੋਂ ਲੈ ਲਿਆ ਜਾਵਾਂ ਦੱਸ ਭਈ ਮੈਂ ਤੇਰੇ ਲਈ ਕੀ ਕਰਾਂ?” ਅਲੀਸ਼ਾ ਨੇ ਜਵਾਬ ਵਿਚ ਏਲੀਯਾਹ ਦੀ ਤਾਕਤ ਤੇ ਜੋਸ਼ ਦਾ “ਦੋਹਰਾ ਹਿੱਸਾ” ਮੰਗਿਆ। (1 ਰਾਜ. 3:5, 9; 2 ਰਾਜ. 2:9) ਇਜ਼ਰਾਈਲ ਵਿਚ ਪਰਿਵਾਰ ਦੇ ਜੇਠੇ ਮੁੰਡੇ ਨੂੰ ਵਿਰਾਸਤ ਵਿਚ ਦੁਗਣਾ ਹਿੱਸਾ ਮਿਲਦਾ ਹੁੰਦਾ ਸੀ। (ਬਿਵ. 21:15-17) ਸੋ ਅਲੀਸ਼ਾ ਏਲੀਯਾਹ ਦਾ ਵਾਰਸ ਬਣਨਾ ਚਾਹੁੰਦਾ ਸੀ ਤਾਂਕਿ ਏਲੀਯਾਹ ਤੋਂ ਬਾਅਦ ਉਹ ਨਬੀ ਬਣ ਸਕੇ। ਨਾਲੇ ਅਲੀਸ਼ਾ ਏਲੀਯਾਹ ਵਾਂਗ ਦਲੇਰ ਹੋ ਕੇ ਜੋਸ਼ ਨਾਲ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੁੰਦਾ ਸੀ। (1 ਰਾਜ. 19:13, 14) ਜਿੱਦਾਂ ਕਈ ਸਾਲ ਪਹਿਲਾਂ ਸੁਲੇਮਾਨ ਨੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਸੀ ਉਸੇ ਤਰ੍ਹਾਂ ਅਲੀਸ਼ਾ ਨੇ ਬੇਨਤੀ ਕੀਤੀ ਕਿ ਉਹ ਪਰਮੇਸ਼ੁਰ ਦੀ ਸੇਵਾ ਹੋਰ ਵਧੀਆ ਤਰੀਕੇ ਨਾਲ ਕਰ ਸਕੇ।
ਏਲੀਯਾਹ ਨੇ ਅਲੀਸ਼ਾ ਨੂੰ ਕੀ ਜਵਾਬ ਦਿੱਤਾ? ਉਸ ਨੇ ਕਿਹਾ: “ਤੈਂ ਔਖਾ ਸਵਾਲ ਕੀਤਾ ਹੈ। ਜੇ ਤੂੰ ਮੈਨੂੰ ਓਦੋਂ ਵੇਖੇਂ ਜਦ ਮੈਂ ਤੈਥੋਂ ਲੈ ਲਿਆ ਜਾਵਾਂ ਤਾਂ ਤੇਰੇ ਲਈ ਉਵੇਂ ਹੀ ਹੋਵੇਗਾ ਪਰ ਜੇ ਨਹੀਂ ਤਾਂ ਐਉਂ ਨਹੀਂ ਹੋਵੇਗਾ।” (2 ਰਾਜ. 2:10) ਏਲੀਯਾਹ ਦੀ ਗੱਲ ਦੇ ਦੋ ਮਤਲਬ ਸਨ। ਪਹਿਲਾ ਇਹ ਕਿ ਸਿਰਫ਼ ਪਰਮੇਸ਼ੁਰ ਇਹ ਫ਼ੈਸਲਾ ਕਰ ਸਕਦਾ ਸੀ ਕਿ ਅਲੀਸ਼ਾ ਨਬੀ ਬਣੇਗਾ ਜਾਂ ਨਹੀਂ। ਦੂਜਾ ਇਹ ਕਿ ਜੇ ਅਲੀਸ਼ਾ ਨਬੀ ਬਣਨਾ ਚਾਹੁੰਦਾ ਸੀ, ਤਾਂ ਉਸ ਨੂੰ ਹਰ ਹਾਲ ਵਿਚ ਏਲੀਯਾਹ ਦਾ ਸਾਥ ਨਿਭਾਉਣਾ ਪੈਣਾ ਸੀ।
ਅਲੀਸ਼ਾ ਨੇ ਕੀ ਦੇਖਿਆ
ਕੀ ਪਰਮੇਸ਼ੁਰ ਨੇ ਅਲੀਸ਼ਾ ਦੀ ਖ਼ਾਹਸ਼ ਪੂਰੀ ਕੀਤੀ? ਬਾਈਬਲ ਦੱਸਦੀ ਹੈ: ‘ਐਉਂ ਹੋਇਆ ਜਦ ਓਹ ਗੱਲਾਂ ਕਰਦੇ ਕਰਦੇ ਤੁਰੇ ਜਾਂਦੇ ਸਨ ਤਾਂ ਵੇਖੋ, ਉੱਥੇ ਇੱਕ ਅਗਨ ਰਥ ਤੇ ਅਗਨ ਘੋੜੇ ਦਿੱਸੇ ਜਿਨ੍ਹਾਂ ਨੇ ਉਨ੍ਹਾਂ ਦੋਹਾਂ ਨੂੰ ਵੱਖੋ ਵੱਖ ਕਰ ਦਿੱਤਾ ਅਤੇ ਏਲੀਯਾਹ ਵਾਵਰੋਲੇ ਵਿੱਚ ਅਕਾਸ਼ ਨੂੰ ਚੜ੍ਹ ਗਿਆ। ਅਤੇ ਅਲੀਸ਼ਾ ਨੇ ਉਸ ਨੂੰ ਜਾਂਦੇ ਹੋਏ ਦੇਖਿਆ।’a ਇੱਦਾਂ ਯਹੋਵਾਹ ਨੇ ਅਲੀਸ਼ਾ ਦੀ ਖ਼ਾਹਸ਼ ਪੂਰੀ ਕੀਤੀ। ਅਲੀਸ਼ਾ ਨੇ ਏਲੀਯਾਹ ਨੂੰ ਜਾਂਦੇ ਹੋਏ ਦੇਖਿਆ, ਉਸ ਨੂੰ ਏਲੀਯਾਹ ਦੀ ਤਾਕਤ ਤੇ ਜੋਸ਼ ਦਾ ਦੋਹਰਾ ਹਿੱਸਾ ਮਿਲਿਆ ਅਤੇ ਉਹ ਏਲੀਯਾਹ ਦੀ ਜਗ੍ਹਾ ਨਬੀ ਬਣਿਆ।—2 ਰਾਜ. 2:11-14.
ਅਲੀਸ਼ਾ ਨੇ ਏਲੀਯਾਹ ਦੀ ਡਿੱਗੀ ਹੋਈ ਚਾਦਰ ਉਠਾ ਕੇ ਆਪਣੇ ʼਤੇ ਲੈ ਲਈ। ਜਦ ਲੋਕਾਂ ਨੇ ਅਲੀਸ਼ਾ ਨੂੰ ਇਹ ਚਾਦਰ ਲਈ ਦੇਖਿਆ, ਤਾਂ ਉਹ ਜਾਣ ਗਏ ਕਿ ਹੁਣ ਉਹ ਪਰਮੇਸ਼ੁਰ ਦਾ ਨਬੀ ਸੀ। ਬਾਅਦ ਵਿਚ ਉਸ ਨੇ ਯਰਦਨ ਨਦੀ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਇਸ ਗੱਲ ਦਾ ਸਬੂਤ ਦਿੱਤਾ ਕਿ ਯਹੋਵਾਹ ਨੇ ਉਸ ਨੂੰ ਨਬੀ ਵਜੋਂ ਚੁਣਿਆ ਸੀ।
ਏਲੀਯਾਹ ਨੂੰ ਵਾਵਰੋਲੇ ਵਿਚ ਚੁੱਕੇ ਜਾਣ ਦੀ ਘਟਨਾ ਅਲੀਸ਼ਾ ਕਦੀ ਨਹੀਂ ਭੁੱਲਿਆ ਹੋਣਾ। ਕੋਈ ਵੀ ਅੱਗ ਦੇ ਘੋੜਿਆਂ ਤੇ ਰਥਾਂ ਨੂੰ ਦੇਖ ਕੇ ਹੈਰਾਨ ਰਹਿ ਜਾਵੇਗਾ! ਇਹ ਇਸ ਗੱਲ ਦਾ ਸਬੂਤ ਸੀ ਕਿ ਯਹੋਵਾਹ ਨੇ ਅਲੀਸ਼ਾ ਦੀ ਮੰਗ ਪੂਰੀ ਕੀਤੀ ਸੀ। ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਸੇ ਦਰਸ਼ਣ ਜਾਂ ਚਮਤਕਾਰ ਰਾਹੀਂ ਨਹੀਂ ਦਿੰਦਾ। ਪਰ ਸਾਡੇ ਕੋਲ ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ੁਰ ਸਾਡੀ ਮਦਦ ਲਈ ਆਪਣੀ ਤਾਕਤ ਵਰਤਦਾ ਹੈ ਤਾਂਕਿ ਉਸ ਦੀ ਮਰਜ਼ੀ ਪੂਰੀ ਹੋਵੇ। ਨਾਲੇ ਜਦ ਅਸੀਂ ਦੇਖਦੇ ਹਾਂ ਕਿ ਯਹੋਵਾਹ ਧਰਤੀ ʼਤੇ ਆਪਣੇ ਸੰਗਠਨ ਨੂੰ ਬਰਕਤਾਂ ਦੇ ਰਿਹਾ ਹੈ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਦਾ ਸਵਰਗੀ ਰਥ ਅੱਗੇ ਵੱਧ ਰਿਹਾ ਹੈ।—ਹਿਜ਼. 10:9-13.
ਅਲੀਸ਼ਾ ਨੇ ਕਈ ਘਟਨਾਵਾਂ ਦੇਖੀਆਂ ਜਿਸ ਤੋਂ ਉਸ ਨੂੰ ਯਕੀਨ ਹੋਇਆ ਕਿ ਯਹੋਵਾਹ ਕੋਲ ਵੱਡੀ ਤਾਕਤ ਹੈ। ਅਸਲ ਵਿਚ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਰਾਹੀਂ ਉਸ ਨੇ ਏਲੀਯਾਹ ਨਾਲੋਂ ਦੋ ਗੁਣਾ ਜ਼ਿਆਦਾ ਯਾਨੀ ਕੁੱਲ ਮਿਲਾ ਕੇ 16 ਚਮਤਕਾਰ ਕੀਤੇ।b ਉਸ ਨੇ ਦੂਜੀ ਵਾਰ ਅੱਗ ਦੇ ਘੋੜੇ ਤੇ ਰਥਾਂ ਨੂੰ ਉਦੋਂ ਦੇਖਿਆ ਜਦ ਉਹ ਦੋਥਾਨ ਵਿਚ ਸੀਰੀਆ ਦੀ ਫ਼ੌਜ ਨਾਲ ਘਿਰਿਆ ਹੋਇਆ ਸੀ।
ਅਲੀਸ਼ਾ ਨੇ ਯਹੋਵਾਹ ʼਤੇ ਭਰੋਸਾ ਰੱਖਿਆ
ਦੋਥਾਨ ਵਿਚ ਦੁਸ਼ਮਣਾਂ ਨਾਲ ਘਿਰੇ ਹੋਣ ਦੇ ਬਾਵਜੂਦ ਅਲੀਸ਼ਾ ਸ਼ਾਂਤ ਰਿਹਾ। ਕਿਉਂ? ਕਿਉਂਕਿ ਉਸ ਨੂੰ ਯਹੋਵਾਹ ʼਤੇ ਪੱਕੀ ਨਿਹਚਾ ਸੀ। ਸਾਨੂੰ ਵੀ ਅਜਿਹੀ ਨਿਹਚਾ ਦੀ ਲੋੜ ਹੈ। ਇਸ ਲਈ ਆਓ ਆਪਾਂ ਯਹੋਵਾਹ ਤੋਂ ਪਵਿੱਤਰ ਸ਼ਕਤੀ ਮੰਗੀਏ ਤਾਂਕਿ ਅਸੀਂ ਨਿਹਚਾ ਅਤੇ ਹੋਰ ਗੁਣਾਂ ਨੂੰ ਆਪਣੀ ਜ਼ਿੰਦਗੀ ਵਿਚ ਦਿਖਾ ਸਕੀਏ।—ਲੂਕਾ 11:13; ਗਲਾ. 5:22, 23.
ਦੋਥਾਨ ਵਿਚ ਵਾਪਰੀ ਘਟਨਾ ਤੋਂ ਅਲੀਸ਼ਾ ਦਾ ਯਹੋਵਾਹ ਅਤੇ ਉਸ ਦੇ ਦੂਤਾਂ ʼਤੇ ਭਰੋਸਾ ਵਧਿਆ। ਇਸ ਨਬੀ ਨੂੰ ਅਹਿਸਾਸ ਹੋਇਆ ਕਿ ਪਰਮੇਸ਼ੁਰ ਨੇ ਉਸ ਨੂੰ ਦੁਸ਼ਮਣਾਂ ਤੋਂ ਬਚਾਉਣ ਵਾਸਤੇ ਸ਼ਹਿਰ ਦੁਆਲੇ ਦੂਤ ਘੱਲੇ ਸਨ। ਪਰਮੇਸ਼ੁਰ ਨੇ ਚਮਤਕਾਰ ਕਰ ਕੇ ਦੁਸ਼ਮਣਾਂ ਨੂੰ ਅੰਨ੍ਹਾ ਕਰ ਦਿੱਤਾ ਅਤੇ ਅਲੀਸ਼ਾ ਤੇ ਉਸ ਦੇ ਸੇਵਕ ਨੂੰ ਬਚਾਇਆ। (2 ਰਾਜ. 6:17-23) ਇਸ ਔਖੀ ਘੜੀ ਵਿਚ ਅਤੇ ਹੋਰ ਮੌਕਿਆਂ ʼਤੇ ਅਲੀਸ਼ਾ ਨੇ ਨਿਹਚਾ ਕਰਦੇ ਹੋਏ ਯਹੋਵਾਹ ʼਤੇ ਪੂਰਾ ਭਰੋਸਾ ਰੱਖਿਆ।
ਅਲੀਸ਼ਾ ਵਾਂਗ ਆਓ ਆਪਾਂ ਯਹੋਵਾਹ ਪਰਮੇਸ਼ੁਰ ʼਤੇ ਭਰੋਸਾ ਰੱਖੀਏ। (ਕਹਾ. 3:5, 6) ਜੇ ਅਸੀਂ ਇੱਦਾਂ ਕਰਾਂਗੇ, ਤਾਂ ‘ਪਰਮੇਸ਼ੁਰ ਸਾਡੇ ਉੱਤੇ ਦਯਾ ਕਰੇਗਾ ਅਤੇ ਸਾਨੂੰ ਬਰਕਤ ਦੇਵੇਗਾ।’ (ਜ਼ਬੂ. 67:1) ਇਹ ਸੱਚ ਹੈ ਕਿ ਅੱਜ ਅਸੀਂ ਅੱਗ ਦੇ ਘੋੜੇ ਤੇ ਰਥ ਨਹੀਂ ਦੇਖਦੇ, ਪਰ ਯਹੋਵਾਹ ਆਪਣੇ ਲੋਕਾਂ ਦੀ ਹਿਫਾਜ਼ਤ ਕਰਦਾ ਹੈ। ਨਾਲੇ ਭਵਿੱਖ ਵਿਚ “ਮਹਾਂਕਸ਼ਟ” ਦੌਰਾਨ ਯਹੋਵਾਹ ਆਪਣੇ ਲੋਕਾਂ ਨੂੰ ਜ਼ਰੂਰ ਬਚਾਵੇਗਾ। (ਮੱਤੀ 24:21; ਪ੍ਰਕਾ. 7:9, 14) ਉਸ ਸਮੇਂ ਤਕ ਆਓ ਆਪਾਂ ਹਮੇਸ਼ਾ ਚੇਤੇ ਰੱਖੀਏ ਕਿ “ਪਰਮੇਸ਼ੁਰ ਸਾਡੀ ਪਨਾਹ ਹੈ।”—ਜ਼ਬੂ. 62:8.
a ਏਲੀਯਾਹ ਸਵਰਗ ਨਹੀਂ ਗਿਆ ਜਿੱਥੇ ਯਹੋਵਾਹ ਤੇ ਉਸ ਦੇ ਦੂਤ ਰਹਿੰਦੇ ਹਨ। ਪਹਿਰਾਬੁਰਜ, 1 ਅਗਸਤ 2005, ਸਫ਼ਾ 9 ਦੇਖੋ।
b ਹੋਰ ਜਾਣਕਾਰੀ ਲਈ ਪਹਿਰਾਬੁਰਜ, 1 ਅਗਸਤ 2005, ਸਫ਼ਾ 10 ਦੇਖੋ।