ਮਰਕੁਸ ਮੁਤਾਬਕ ਖ਼ੁਸ਼ ਖ਼ਬਰੀ
6 ਯਿਸੂ ਉੱਥੋਂ ਆਪਣੇ ਇਲਾਕੇ ਵਿਚ ਆ ਗਿਆ+ ਅਤੇ ਉਸ ਦੇ ਚੇਲੇ ਉਸ ਦੇ ਨਾਲ ਸਨ। 2 ਫਿਰ ਸਬਤ ਦੇ ਦਿਨ ਉਹ ਸਭਾ ਘਰ ਵਿਚ ਲੋਕਾਂ ਨੂੰ ਸਿਖਾਉਣ ਲੱਗਾ ਅਤੇ ਜ਼ਿਆਦਾਤਰ ਲੋਕ ਉਸ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨ ਹੋਏ ਤੇ ਕਹਿਣ ਲੱਗੇ: “ਇਸ ਨੂੰ ਇਹ ਸਾਰਾ ਕੁਝ ਕਿੱਥੋਂ ਪਤਾ ਲੱਗਾ?+ ਇਸ ਨੂੰ ਇੰਨੀ ਬੁੱਧ ਕਿੱਥੋਂ ਮਿਲੀ ਅਤੇ ਇਹ ਕਰਾਮਾਤਾਂ ਕਿਵੇਂ ਕਰਦਾ ਹੈ?+ 3 ਕੀ ਇਹ ਉਹੀ ਤਰਖਾਣ+ ਨਹੀਂ ਜਿਸ ਦੀ ਮਾਂ ਮਰੀਅਮ ਹੈ+ ਅਤੇ ਜਿਸ ਦੇ ਭਰਾ ਯਾਕੂਬ,+ ਯੋਸੇਸ,* ਯਹੂਦਾ ਤੇ ਸ਼ਮਊਨ+ ਹਨ? ਕੀ ਇਸ ਦੀਆਂ ਭੈਣਾਂ ਇੱਥੇ ਹੀ ਸਾਡੇ ਨਾਲ ਨਹੀਂ ਹਨ?” ਇਸ ਲਈ ਉਨ੍ਹਾਂ ਨੇ ਉਸ ਉੱਤੇ ਨਿਹਚਾ ਨਹੀਂ ਕੀਤੀ।* 4 ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਆਪਣੇ ਇਲਾਕੇ ਦੇ ਲੋਕਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਤੋਂ ਛੁੱਟ ਹਰ ਕੋਈ ਨਬੀ ਦਾ ਆਦਰ ਕਰਦਾ ਹੈ।”+ 5 ਇਸ ਲਈ ਉਸ ਨੇ ਉੱਥੇ ਕੁਝ ਬੀਮਾਰਾਂ ਨੂੰ ਹੱਥ ਲਾ ਕੇ ਠੀਕ ਕਰਨ ਤੋਂ ਇਲਾਵਾ ਹੋਰ ਕੋਈ ਕਰਾਮਾਤ ਨਹੀਂ ਕੀਤੀ। 6 ਉਨ੍ਹਾਂ ਵਿਚ ਨਿਹਚਾ ਨਾ ਹੋਣ ਕਰਕੇ ਉਹ ਹੈਰਾਨ ਰਹਿ ਗਿਆ। ਇਸ ਤੋਂ ਬਾਅਦ ਉਹ ਉਸ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸਿੱਖਿਆ ਦੇਣ ਚਲਾ ਗਿਆ।+
7 ਫਿਰ ਉਸ ਨੇ 12 ਰਸੂਲਾਂ ਨੂੰ ਦੋ-ਦੋ ਕਰ ਕੇ ਘੱਲਣਾ ਸ਼ੁਰੂ ਕੀਤਾ+ ਅਤੇ ਉਨ੍ਹਾਂ ਨੂੰ ਦੁਸ਼ਟ ਦੂਤਾਂ ਉੱਤੇ ਅਧਿਕਾਰ ਦਿੱਤਾ।+ 8 ਨਾਲੇ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਫ਼ਰ ਵਾਸਤੇ ਡੰਡੇ ਤੋਂ ਸਿਵਾਇ ਨਾ ਰੋਟੀ, ਨਾ ਖਾਣੇ ਵਾਲਾ ਝੋਲ਼ਾ, ਨਾ ਆਪਣੇ ਕਮਰਬੰਦ ਵਿਚ ਪੈਸੇ* ਲੈ ਕੇ ਜਾਣ+ 9 ਅਤੇ ਨਾ ਹੀ ਦੋ-ਦੋ ਕੁੜਤੇ* ਪਾ ਕੇ ਜਾਣ, ਪਰ ਪੈਰੀਂ ਜੁੱਤੀ ਪਾ ਕੇ ਜਾਣ। 10 ਉਸ ਨੇ ਅੱਗੇ ਉਨ੍ਹਾਂ ਨੂੰ ਕਿਹਾ: “ਜਿਸ ਘਰ ਵਿਚ ਤੁਸੀਂ ਜਾਓ, ਉੱਥੇ ਉੱਨਾ ਚਿਰ ਰਹੋ ਜਿੰਨਾ ਚਿਰ ਤੁਸੀਂ ਉਸ ਇਲਾਕੇ ਵਿਚ ਰਹਿੰਦੇ ਹੋ।+ 11 ਅਤੇ ਜਿੱਥੇ ਤੁਹਾਡਾ ਸੁਆਗਤ ਨਹੀਂ ਕੀਤਾ ਜਾਂਦਾ ਜਾਂ ਕੋਈ ਤੁਹਾਡੀ ਗੱਲ ਨਹੀਂ ਸੁਣਦਾ, ਉੱਥੋਂ ਨਿਕਲਣ ਵੇਲੇ ਉਨ੍ਹਾਂ ਦੇ ਖ਼ਿਲਾਫ਼ ਗਵਾਹੀ ਦੇ ਤੌਰ ਤੇ ਆਪਣੇ ਪੈਰਾਂ ਦੀ ਧੂੜ ਝਾੜ ਦਿਓ।”+ 12 ਇਸ ਤੋਂ ਬਾਅਦ ਉਹ ਪ੍ਰਚਾਰ ਕਰਨ ਲਈ ਤੁਰ ਪਏ ਕਿ ਲੋਕ ਤੋਬਾ ਕਰਨ,+ 13 ਨਾਲੇ ਉਨ੍ਹਾਂ ਨੇ ਲੋਕਾਂ ਵਿੱਚੋਂ ਬਹੁਤ ਸਾਰੇ ਦੁਸ਼ਟ ਦੂਤਾਂ ਨੂੰ ਕੱਢਿਆ+ ਅਤੇ ਕਈ ਬੀਮਾਰਾਂ ਨੂੰ ਤੇਲ ਮਲ਼ ਕੇ ਠੀਕ ਕੀਤਾ।
14 ਰਾਜਾ ਹੇਰੋਦੇਸ ਦੇ ਕੰਨੀਂ ਇਹ ਸਭ ਗੱਲਾਂ ਪਈਆਂ ਕਿਉਂਕਿ ਯਿਸੂ ਬਾਰੇ ਸਾਰੇ ਪਾਸੇ ਚਰਚਾ ਹੋ ਰਹੀ ਸੀ ਅਤੇ ਲੋਕ ਕਹਿ ਰਹੇ ਸਨ: “ਯੂਹੰਨਾ ਬਪਤਿਸਮਾ ਦੇਣ ਵਾਲਾ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਹੋ ਗਿਆ ਹੈ ਅਤੇ ਯਿਸੂ ਉਸ ਦੀ ਮਦਦ ਨਾਲ ਕਰਾਮਾਤਾਂ ਕਰ ਰਿਹਾ ਹੈ।”+ 15 ਕਈ ਕਹਿ ਰਹੇ ਸਨ: “ਇਹ ਏਲੀਯਾਹ ਨਬੀ ਹੈ।” ਕੁਝ ਹੋਰ ਕਹਿ ਰਹੇ ਸਨ: “ਇਹ ਵੀ ਕੋਈ ਨਬੀ ਹੋਣਾ ਜਿਵੇਂ ਪੁਰਾਣੇ ਜ਼ਮਾਨੇ ਵਿਚ ਨਬੀ ਹੁੰਦੇ ਸਨ।”+ 16 ਪਰ ਜਦ ਹੇਰੋਦੇਸ ਨੇ ਇਹ ਸਭ ਸੁਣਿਆ, ਤਾਂ ਉਸ ਨੇ ਕਿਹਾ: “ਇਹ ਯੂਹੰਨਾ ਹੈ ਜਿਸ ਦਾ ਸਿਰ ਮੈਂ ਵਢਵਾਇਆ ਸੀ, ਉਹ ਜੀਉਂਦਾ ਹੋ ਗਿਆ ਹੈ।” 17 ਹੇਰੋਦੇਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਆਸ ਨਾਲ ਵਿਆਹ ਕਰਾਇਆ ਸੀ ਅਤੇ ਹੇਰੋਦਿਆਸ ਨੂੰ ਖ਼ੁਸ਼ ਕਰਨ ਲਈ ਉਸ ਨੇ ਆਪਣੇ ਸਿਪਾਹੀਆਂ ਨੂੰ ਘੱਲ ਕੇ ਯੂਹੰਨਾ ਨੂੰ ਗਿਰਫ਼ਤਾਰ ਕਰਾਇਆ ਸੀ ਅਤੇ ਬੇੜੀਆਂ ਨਾਲ ਬੰਨ੍ਹ ਕੇ ਕੈਦ ਵਿਚ ਸੁਟਵਾ ਦਿੱਤਾ ਸੀ।+ 18 ਕਿਉਂਕਿ ਯੂਹੰਨਾ ਵਾਰ-ਵਾਰ ਹੇਰੋਦੇਸ ਨੂੰ ਕਹਿ ਰਿਹਾ ਸੀ: “ਤੇਰੇ ਲਈ ਆਪਣੇ ਭਰਾ ਦੀ ਪਤਨੀ ਨੂੰ ਰੱਖਣਾ ਨਾਜਾਇਜ਼ ਹੈ।”+ 19 ਇਸੇ ਕਰਕੇ ਯੂਹੰਨਾ ਹੇਰੋਦਿਆਸ ਦੀਆਂ ਅੱਖਾਂ ਵਿਚ ਰੜਕਦਾ ਸੀ ਅਤੇ ਉਹ ਉਸ ਨੂੰ ਜਾਨੋਂ ਮਾਰਨਾ ਚਾਹੁੰਦੀ ਸੀ, ਪਰ ਇਸ ਤਰ੍ਹਾਂ ਕਰ ਨਾ ਸਕੀ। 20 ਹੇਰੋਦੇਸ ਜਾਣਦਾ ਸੀ ਕਿ ਯੂਹੰਨਾ ਧਰਮੀ ਤੇ ਪਾਕ ਬੰਦਾ ਸੀ, ਇਸ ਲਈ ਉਹ ਯੂਹੰਨਾ ਦਾ ਡਰ ਮੰਨਦਾ ਸੀ+ ਅਤੇ ਉਸ ਦੀ ਰੱਖਿਆ ਵੀ ਕਰਦਾ ਸੀ। ਪਰ ਯੂਹੰਨਾ ਦੀਆਂ ਗੱਲਾਂ ਸੁਣ ਕੇ ਉਹ ਉਲਝਣ ਵਿਚ ਪੈ ਜਾਂਦਾ ਸੀ ਕਿ ਉਹ ਉਸ ਨਾਲ ਕੀ ਕਰੇ, ਫਿਰ ਵੀ ਉਹ ਖ਼ੁਸ਼ੀ-ਖ਼ੁਸ਼ੀ ਉਸ ਦੀਆਂ ਗੱਲਾਂ ਸੁਣਦਾ ਸੀ।
21 ਪਰ ਹੇਰੋਦੇਸ ਦੇ ਜਨਮ-ਦਿਨ+ ʼਤੇ ਹੇਰੋਦਿਆਸ ਦੇ ਹੱਥ ਮੌਕਾ ਲੱਗਾ। ਉਸ ਦਿਨ ਹੇਰੋਦੇਸ ਨੇ ਵੱਡੇ-ਵੱਡੇ ਅਫ਼ਸਰਾਂ ਅਤੇ ਫ਼ੌਜ ਦੇ ਸੈਨਾਪਤੀਆਂ* ਅਤੇ ਗਲੀਲ ਦੇ ਮੰਨੇ-ਪ੍ਰਮੰਨੇ ਬੰਦਿਆਂ ਨੂੰ ਦਾਅਵਤ ʼਤੇ ਬੁਲਾਇਆ।+ 22 ਹੇਰੋਦਿਆਸ ਦੀ ਧੀ ਅੰਦਰ ਆ ਕੇ ਸਾਰਿਆਂ ਦੇ ਸਾਮ੍ਹਣੇ ਨੱਚੀ ਅਤੇ ਉਸ ਨੇ ਹੇਰੋਦੇਸ ਤੇ ਉਸ ਦੇ ਸਾਰੇ ਮਹਿਮਾਨਾਂ ਨੂੰ ਖ਼ੁਸ਼ ਕੀਤਾ। ਰਾਜੇ ਨੇ ਕੁੜੀ ਨੂੰ ਕਿਹਾ: “ਮੰਗ ਜੋ ਮੰਗਣਾ, ਮੈਂ ਤੈਨੂੰ ਦਿਆਂਗਾ।” 23 ਉਸ ਨੇ ਸਹੁੰ ਖਾ ਕੇ ਕੁੜੀ ਨੂੰ ਕਿਹਾ: “ਤੂੰ ਜੋ ਵੀ ਮੇਰੇ ਤੋਂ ਮੰਗੇਂਗੀ ਮੈਂ ਤੈਨੂੰ ਦਿਆਂਗਾ, ਹਾਂ, ਆਪਣਾ ਅੱਧਾ ਰਾਜ ਤਕ ਤੈਨੂੰ ਦੇ ਦਿਆਂਗਾ।” 24 ਕੁੜੀ ਨੇ ਬਾਹਰ ਜਾ ਕੇ ਆਪਣੀ ਮਾਂ ਨੂੰ ਪੁੱਛਿਆ: “ਮੈਂ ਕੀ ਮੰਗਾਂ?” ਉਸ ਨੇ ਕਿਹਾ: “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ।” 25 ਉਹ ਫਟਾਫਟ ਰਾਜੇ ਕੋਲ ਗਈ ਅਤੇ ਕਿਹਾ: “ਮੈਨੂੰ ਹੁਣੇ ਥਾਲ਼ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦਿੱਤਾ ਜਾਵੇ।”+ 26 ਭਾਵੇਂ ਰਾਜਾ ਇਹ ਸੁਣ ਕੇ ਬਹੁਤ ਦੁਖੀ ਹੋਇਆ, ਪਰ ਸਹੁੰਆਂ ਖਾਧੀਆਂ ਹੋਣ ਕਰਕੇ ਅਤੇ ਆਪਣੇ ਨਾਲ ਬੈਠੇ ਮਹਿਮਾਨਾਂ ਦੇ ਕਾਰਨ ਉਹ ਕੁੜੀ ਨੂੰ ਨਾਂਹ ਨਹੀਂ ਸੀ ਕਰਨੀ ਚਾਹੁੰਦਾ। 27 ਇਸ ਲਈ ਰਾਜੇ ਨੇ ਉਸੇ ਵੇਲੇ ਪਹਿਰੇਦਾਰ ਨੂੰ ਹੁਕਮ ਦਿੱਤਾ ਕਿ ਯੂਹੰਨਾ ਦਾ ਸਿਰ ਲਿਆਂਦਾ ਜਾਵੇ। ਉਸ ਨੇ ਜੇਲ੍ਹ ਵਿਚ ਜਾ ਕੇ ਉਸ ਦਾ ਸਿਰ ਵੱਢਿਆ 28 ਅਤੇ ਉਸ ਨੂੰ ਥਾਲ਼ ਵਿਚ ਰੱਖ ਕੇ ਕੁੜੀ ਨੂੰ ਦੇ ਦਿੱਤਾ ਅਤੇ ਕੁੜੀ ਨੇ ਆਪਣੀ ਮਾਂ ਨੂੰ ਦੇ ਦਿੱਤਾ। 29 ਜਦ ਯੂਹੰਨਾ ਦੇ ਚੇਲਿਆਂ ਨੇ ਇਸ ਬਾਰੇ ਸੁਣਿਆ, ਤਾਂ ਉਨ੍ਹਾਂ ਨੇ ਜਾ ਕੇ ਉਸ ਦੀ ਲਾਸ਼ ਚੁੱਕੀ ਤੇ ਕਬਰ ਵਿਚ ਰੱਖ ਦਿੱਤੀ।
30 ਰਸੂਲ ਆ ਕੇ ਯਿਸੂ ਕੋਲ ਇਕੱਠੇ ਹੋਏ ਤੇ ਉਸ ਨੂੰ ਸਭ ਕੁਝ ਦੱਸਿਆ ਕਿ ਉਨ੍ਹਾਂ ਨੇ ਕੀ ਕੀਤਾ ਤੇ ਲੋਕਾਂ ਨੂੰ ਕੀ ਸਿਖਾਇਆ।+ 31 ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਆਓ ਆਪਾਂ ਕਿਸੇ ਇਕਾਂਤ ਜਗ੍ਹਾ ਚੱਲੀਏ ਅਤੇ ਥੋੜ੍ਹਾ ਆਰਾਮ ਕਰੀਏ।”+ ਕਿਉਂਕਿ ਬਹੁਤ ਲੋਕ ਆਉਂਦੇ-ਜਾਂਦੇ ਸਨ ਅਤੇ ਉਨ੍ਹਾਂ ਨੂੰ ਖਾਣਾ ਖਾਣ ਦੀ ਵੀ ਵਿਹਲ ਨਾ ਮਿਲੀ। 32 ਇਸ ਲਈ ਉਹ ਕਿਸ਼ਤੀ ਵਿਚ ਕਿਸੇ ਇਕਾਂਤ ਜਗ੍ਹਾ ਚਲੇ ਗਏ ਜਿੱਥੇ ਉਨ੍ਹਾਂ ਤੋਂ ਸਿਵਾਇ ਹੋਰ ਕੋਈ ਨਾ ਹੋਵੇ।+ 33 ਪਰ ਲੋਕਾਂ ਨੇ ਉਨ੍ਹਾਂ ਨੂੰ ਜਾਂਦਿਆਂ ਦੇਖ ਲਿਆ ਤੇ ਕਈਆਂ ਨੂੰ ਇਸ ਬਾਰੇ ਪਤਾ ਲੱਗ ਗਿਆ। ਸਾਰੇ ਸ਼ਹਿਰਾਂ ਤੋਂ ਲੋਕ ਭੱਜ ਕੇ ਉਨ੍ਹਾਂ ਤੋਂ ਪਹਿਲਾਂ ਹੀ ਉੱਥੇ ਪਹੁੰਚ ਗਏ। 34 ਜਦ ਉਹ ਕਿਸ਼ਤੀ ਤੋਂ ਉੱਤਰਿਆ, ਤਾਂ ਉਸ ਨੇ ਵੱਡੀ ਭੀੜ ਦੇਖੀ ਅਤੇ ਉਸ ਨੂੰ ਲੋਕਾਂ ʼਤੇ ਤਰਸ ਆਇਆ+ ਕਿਉਂਕਿ ਉਹ ਉਨ੍ਹਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ।+ ਅਤੇ ਉਹ ਉਨ੍ਹਾਂ ਨੂੰ ਬਹੁਤ ਗੱਲਾਂ ਸਿਖਾਉਣ ਲੱਗ ਪਿਆ।+
35 ਫਿਰ ਦੁਪਹਿਰੋਂ ਬਾਅਦ ਉਸ ਦੇ ਚੇਲਿਆਂ ਨੇ ਉਸ ਕੋਲ ਆ ਕੇ ਕਿਹਾ: “ਇਹ ਜਗ੍ਹਾ ਉਜਾੜ ਹੈ ਅਤੇ ਦੁਪਹਿਰ ਵੀ ਢਲ਼ ਚੁੱਕੀ ਹੈ।+ 36 ਲੋਕਾਂ ਨੂੰ ਘੱਲ ਦੇ ਤਾਂਕਿ ਉਹ ਆਲੇ-ਦੁਆਲੇ ਦੇ ਪਿੰਡਾਂ ਵਿਚ ਜਾ ਕੇ ਆਪਣੇ ਲਈ ਕੁਝ ਖਾਣਾ ਖ਼ਰੀਦ ਲੈਣ।”+ 37 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਹੀ ਉਨ੍ਹਾਂ ਨੂੰ ਕੁਝ ਖਾਣ ਲਈ ਦਿਓ।” ਉਨ੍ਹਾਂ ਨੇ ਜਵਾਬ ਦਿੱਤਾ: “ਇੰਨੇ ਸਾਰੇ ਲੋਕਾਂ ਲਈ ਰੋਟੀਆਂ ਖ਼ਰੀਦਣ ਵਾਸਤੇ ਤਾਂ 200 ਦੀਨਾਰ* ਲੱਗਣਗੇ। ਇਹ ਸਾਡੇ ਵੱਸ ਦੀ ਗੱਲ ਨਹੀਂ।”+ 38 ਉਸ ਨੇ ਉਨ੍ਹਾਂ ਨੂੰ ਕਿਹਾ: “ਜਾ ਕੇ ਦੇਖੋ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ।” ਉਨ੍ਹਾਂ ਨੇ ਪਤਾ ਕਰ ਕੇ ਦੱਸਿਆ: “ਪੰਜ ਰੋਟੀਆਂ ਅਤੇ ਦੋ ਮੱਛੀਆਂ।”+ 39 ਫਿਰ ਉਸ ਨੇ ਸਾਰਿਆਂ ਨੂੰ ਟੋਲੀਆਂ ਬਣਾ ਕੇ ਹਰੇ-ਹਰੇ ਘਾਹ ʼਤੇ ਬੈਠਣ ਲਈ ਕਿਹਾ।+ 40 ਅਤੇ ਉਹ ਸੌ-ਸੌ ਤੇ ਪੰਜਾਹ-ਪੰਜਾਹ ਦੀਆਂ ਟੋਲੀਆਂ ਬਣਾ ਕੇ ਬੈਠ ਗਏ। 41 ਉਸ ਨੇ ਪੰਜ ਰੋਟੀਆਂ ਤੇ ਦੋ ਮੱਛੀਆਂ ਲਈਆਂ ਅਤੇ ਆਕਾਸ਼ ਵੱਲ ਦੇਖ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ।+ ਫਿਰ ਉਸ ਨੇ ਰੋਟੀਆਂ ਤੋੜ ਕੇ ਆਪਣੇ ਚੇਲਿਆਂ ਨੂੰ ਦਿੱਤੀਆਂ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੰਡੀਆਂ ਅਤੇ ਉਸ ਨੇ ਦੋ ਮੱਛੀਆਂ ਦੇ ਵੀ ਟੁਕੜੇ ਕਰ ਕੇ ਸਾਰਿਆਂ ਨੂੰ ਵੰਡੇ। 42 ਉਨ੍ਹਾਂ ਸਾਰਿਆਂ ਨੇ ਰੱਜ ਕੇ ਖਾਧਾ। 43 ਫਿਰ ਉਨ੍ਹਾਂ ਨੇ ਰੋਟੀਆਂ ਦੇ ਬਚੇ ਹੋਏ ਟੁਕੜੇ ਇਕੱਠੇ ਕੀਤੇ ਜਿਨ੍ਹਾਂ ਨਾਲ 12 ਟੋਕਰੀਆਂ ਭਰ ਗਈਆਂ ਤੇ ਕੁਝ ਮੱਛੀਆਂ ਵੀ ਬਚ ਗਈਆਂ।+ 44 ਉਦੋਂ 5,000 ਆਦਮੀਆਂ ਨੇ ਰੋਟੀਆਂ ਖਾਧੀਆਂ।
45 ਫਿਰ ਉਸ ਨੇ ਉਸੇ ਵੇਲੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਕਿਸ਼ਤੀ ਵਿਚ ਬੈਠ ਕੇ ਬੈਤਸੈਦਾ ਦੇ ਲਾਗਿਓਂ ਦੀ ਹੁੰਦੇ ਹੋਏ ਝੀਲ ਦੇ ਦੂਜੇ ਪਾਸੇ ਜਾਣ ਜਦ ਕਿ ਉਹ ਆਪ ਭੀੜ ਨੂੰ ਵਿਦਾ ਕਰਨ ਲੱਗਾ।+ 46 ਭੀੜ ਨੂੰ ਘੱਲ ਕੇ ਉਹ ਪਹਾੜ ਉੱਤੇ ਪ੍ਰਾਰਥਨਾ ਕਰਨ ਲਈ ਚਲਾ ਗਿਆ।+ 47 ਹੁਣ ਸ਼ਾਮ ਹੋ ਗਈ ਸੀ ਅਤੇ ਕਿਸ਼ਤੀ ਝੀਲ ਦੇ ਵਿਚਕਾਰ ਪਹੁੰਚ ਚੁੱਕੀ ਸੀ, ਪਰ ਯਿਸੂ ਇਕੱਲਾ ਪਹਾੜ ʼਤੇ ਸੀ।+ 48 ਅਤੇ ਜਦੋਂ ਉਸ ਨੇ ਦੇਖਿਆ ਕਿ ਸਾਮ੍ਹਣਿਓਂ ਹਨੇਰੀ ਚੱਲਦੀ ਹੋਣ ਕਰਕੇ ਚੇਲਿਆਂ ਨੂੰ ਚੱਪੂ ਚਲਾਉਣ ਵਿਚ ਬੜੀ ਮੁਸ਼ਕਲ ਆ ਰਹੀ ਸੀ, ਤਾਂ ਰਾਤ ਦੇ ਚੌਥੇ ਕੁ ਪਹਿਰ* ਉਹ ਪਾਣੀ ਉੱਤੇ ਤੁਰ ਕੇ ਉਨ੍ਹਾਂ ਵੱਲ ਆਇਆ, ਪਰ ਇੱਦਾਂ ਲੱਗਦਾ ਸੀ ਜਿਵੇਂ ਉਹ ਉਨ੍ਹਾਂ ਤੋਂ ਅੱਗੇ ਨਿਕਲ ਜਾਵੇਗਾ। 49 ਉਸ ਨੂੰ ਪਾਣੀ ਉੱਤੇ ਤੁਰਦਿਆਂ ਦੇਖ ਕੇ ਚੇਲਿਆਂ ਨੇ ਸੋਚਿਆ: “ਆਹ ਕੀ ਆ ਰਿਹਾ?” ਫਿਰ ਉਹ ਚੀਕਾਂ ਮਾਰਨ ਲੱਗ ਪਏ। 50 ਕਿਉਂਕਿ ਉਹ ਸਾਰੇ ਉਸ ਨੂੰ ਦੇਖ ਕੇ ਬਹੁਤ ਘਬਰਾ ਗਏ ਸਨ। ਪਰ ਉਸੇ ਵੇਲੇ ਉਸ ਨੇ ਉਨ੍ਹਾਂ ਨੂੰ ਕਿਹਾ: “ਹੌਸਲਾ ਰੱਖੋ! ਮੈਂ ਹਾਂ, ਡਰੋ ਨਾ।”+ 51 ਫਿਰ ਉਹ ਉਨ੍ਹਾਂ ਦੇ ਨਾਲ ਕਿਸ਼ਤੀ ਉੱਤੇ ਚੜ੍ਹ ਗਿਆ ਅਤੇ ਹਨੇਰੀ ਥੰਮ੍ਹ ਗਈ। ਇਹ ਦੇਖ ਕੇ ਚੇਲੇ ਹੱਕੇ-ਬੱਕੇ ਰਹਿ ਗਏ। 52 ਉਨ੍ਹਾਂ ਲਈ ਇਹ ਗੱਲ ਸਮਝਣੀ ਮੁਸ਼ਕਲ ਸੀ ਕਿਉਂਕਿ ਉਨ੍ਹਾਂ ਨੇ ਅਜੇ ਤਕ ਇਹੀ ਨਹੀਂ ਸਮਝਿਆ ਸੀ ਕਿ ਜੋ ਰੋਟੀਆਂ ਦੀ ਕਰਾਮਾਤ ਕਰ ਸਕਦਾ ਹੈ, ਉਹ ਇਹ ਕਰਾਮਾਤ ਵੀ ਕਰ ਸਕਦਾ ਹੈ।
53 ਉਹ ਝੀਲ ਪਾਰ ਕਰ ਕੇ ਗੰਨੇਸਰਤ ਪਹੁੰਚੇ ਤੇ ਉਨ੍ਹਾਂ ਨੇ ਕਿਸ਼ਤੀ ਨੂੰ ਕੰਢੇ ਉੱਤੇ ਬੰਨ੍ਹ ਦਿੱਤਾ।+ 54 ਪਰ ਅਜੇ ਉਹ ਕਿਸ਼ਤੀ ਵਿੱਚੋਂ ਉੱਤਰੇ ਹੀ ਸਨ ਕਿ ਲੋਕਾਂ ਨੇ ਉਸ ਨੂੰ ਪਛਾਣ ਲਿਆ। 55 ਲੋਕ ਸਾਰੇ ਇਲਾਕੇ ਵਿਚ ਭੱਜੇ-ਭੱਜੇ ਗਏ ਤੇ ਮੰਜੀਆਂ ਉੱਤੇ ਬੀਮਾਰਾਂ ਨੂੰ ਚੁੱਕ ਕੇ ਉੱਥੇ ਲਿਆਉਣ ਲੱਗੇ ਜਿੱਥੇ ਉਨ੍ਹਾਂ ਨੇ ਸੁਣਿਆ ਕਿ ਯਿਸੂ ਹੈ। 56 ਜਿਨ੍ਹਾਂ ਪਿੰਡਾਂ ਜਾਂ ਸ਼ਹਿਰਾਂ ਵਿਚ ਉਹ ਜਾਂਦਾ ਸੀ, ਉੱਥੇ ਦੇ ਲੋਕ ਬੀਮਾਰਾਂ ਨੂੰ ਬਾਜ਼ਾਰਾਂ ਵਿਚ ਲਿਆਉਂਦੇ ਸਨ ਅਤੇ ਬੀਮਾਰ ਉਸ ਅੱਗੇ ਬੇਨਤੀ ਕਰਦੇ ਸਨ ਕਿ ਉਹ ਉਨ੍ਹਾਂ ਨੂੰ ਸਿਰਫ਼ ਆਪਣੇ ਚੋਗੇ ਦੀ ਝਾਲਰ ਨੂੰ ਹੀ ਛੂਹ ਲੈਣ ਦੇਵੇ।+ ਜਿੰਨਿਆਂ ਨੇ ਵੀ ਉਸ ਦੇ ਚੋਗੇ ਨੂੰ ਛੂਹਿਆ, ਉਹ ਸਭ ਠੀਕ ਹੋ ਗਏ।