ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
© 2023 Watch Tower Bible and Tract Society of Pennsylvania
1-7 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 32-33
ਚਿੰਤਾਵਾਂ ਵਿਚ ਡੁੱਬੇ ਭੈਣਾਂ-ਭਰਾਵਾਂ ਨੂੰ ਦਿਲਾਸਾ ਦਿਓ
it-1 710
ਅਲੀਹੂ
ਅਲੀਹੂ ਨੇ ਨਾ ਤਾਂ ਕਿਸੇ ਨਾਲ ਪੱਖਪਾਤ ਕੀਤਾ ਅਤੇ ਨਾ ਹੀ ਕਿਸੇ ਦੀ ਝੂਠੀ ਤਾਰੀਫ਼ ਕੀਤੀ। ਉਹ ਜਾਣਦਾ ਸੀ ਕਿ ਉਹ ਵੀ ਅੱਯੂਬ ਵਾਂਗ ਮਿੱਟੀ ਦਾ ਬਣਿਆ ਸੀ ਅਤੇ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਣਾਇਆ ਸੀ। ਅਲੀਹੂ ਅੱਯੂਬ ਨੂੰ ਡਰਾਉਣਾ ਨਹੀਂ ਚਾਹੁੰਦਾ ਸੀ, ਸਗੋਂ ਇਕ ਸੱਚੇ ਦੋਸਤ ਵਾਂਗ ਉਸ ਦਾ ਸਾਥ ਦੇਣਾ ਚਾਹੁੰਦਾ ਸੀ। ਅਲੀਹੂ ਨੇ ਅਲੀਫਾਜ਼, ਬਿਲਦਦ ਅਤੇ ਸੋਫਰ ਤੋਂ ਉਲਟ ਅੱਯੂਬ ਦਾ ਨਾਂ ਲੈ ਕੇ ਗੱਲ ਕੀਤੀ।—ਅੱਯੂ 32:21, 22; 33:1, 6.
ਕੀ ਤੁਸੀਂ ਇਨਸਾਨੀ ਕਮਜ਼ੋਰੀਆਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਦੇ ਹੋ?
8 ਜਦੋਂ ਅਸੀਂ ਯਾਦ ਰੱਖਾਂਗੇ ਕਿ ਸਾਡੇ ਕੁਝ ਭੈਣ-ਭਰਾ ਮਾੜੀ ਸਿਹਤ ਕਰਕੇ, ਅਵਿਸ਼ਵਾਸੀ ਪਰਿਵਾਰਾਂ ਵਿਚ ਰਹਿਣ ਕਰਕੇ, ਡਿਪਰੈਸ਼ਨ ਹੋਣ ਕਰਕੇ ਜਾਂ ਹੋਰ ਮਾੜੇ ਹਾਲਾਤਾਂ ਕਰਕੇ ਕਮਜ਼ੋਰ ਹੋਏ ਹਨ, ਤਾਂ ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਜ਼ਿਆਦਾ ਹਮਦਰਦੀ ਦਿਖਾ ਸਕਾਂਗੇ। ਸ਼ਾਇਦ ਇਕ ਦਿਨ ਸਾਡੇ ਹਾਲਾਤ ਵੀ ਇਹੋ ਜਿਹੇ ਹੋਣ। ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਤੋਂ ਪਹਿਲਾਂ ਇਜ਼ਰਾਈਲੀਆਂ ਨੂੰ ਯਾਦ ਕਰਾਇਆ ਗਿਆ ਸੀ ਕਿ ਉਹ ਆਪਣੇ ਦੁਖੀ ਭੈਣ-ਭਰਾਵਾਂ ਪ੍ਰਤੀ ਆਪਣੇ “ਮਨ ਕਠੋਰ” ਨਾ ਕਰਨ ਕਿਉਂਕਿ ਉਹ ਆਪ ਵੀ ਮਿਸਰ ਦੇਸ਼ ਵਿਚ ਗ਼ਰੀਬ ਤੇ ਕਮਜ਼ੋਰ ਸਨ। ਯਹੋਵਾਹ ਉਨ੍ਹਾਂ ਤੋਂ ਉਮੀਦ ਰੱਖਦਾ ਸੀ ਕਿ ਉਹ ਗ਼ਰੀਬਾਂ ਦੀ ਮਦਦ ਕਰਨ।—ਬਿਵ. 15:7, 11; ਲੇਵੀ. 25:35-38.
9 ਔਖੇ ਹਾਲਾਤਾਂ ਦਾ ਸਾਮ੍ਹਣਾ ਕਰ ਰਹੇ ਭੈਣਾਂ-ਭਰਾਵਾਂ ਵਿਚ ਨੁਕਸ ਕੱਢਣ ਜਾਂ ਸ਼ੱਕ ਕਰਨ ਦੀ ਬਜਾਇ ਸਾਨੂੰ ਉਨ੍ਹਾਂ ਨੂੰ ਬਾਈਬਲ ਤੋਂ ਦਿਲਾਸਾ ਦੇਣਾ ਚਾਹੀਦਾ ਹੈ। (ਅੱਯੂ. 33:6, 7; ਮੱਤੀ 7:1) ਮਿਸਾਲ ਲਈ, ਜਦੋਂ ਕਿਸੇ ਮੋਟਰ ਸਾਈਕਲ ਸਵਾਰ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਸ ਨੂੰ ਐਮਰਜੈਂਸੀ ਵਾਰਡ ਵਿਚ ਲਿਜਾਇਆ ਜਾਂਦਾ ਹੈ, ਤਾਂ ਡਾਕਟਰ ਤੇ ਨਰਸਾਂ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਐਕਸੀਡੈਂਟ ਕਿਹਦੇ ਕਰਕੇ ਹੋਇਆ ਸੀ। ਇਸ ਦੀ ਬਜਾਇ, ਉਹ ਇਕਦਮ ਉਸ ਦਾ ਇਲਾਜ ਕਰਦੇ ਹਨ। ਇਸੇ ਤਰ੍ਹਾਂ ਜੇ ਸਾਡੀ ਭੈਣ ਜਾਂ ਭਰਾ ਆਪਣੀਆਂ ਸਮੱਸਿਆਵਾਂ ਕਰਕੇ ਕਮਜ਼ੋਰ ਹੋ ਜਾਂਦਾ ਹੈ, ਤਾਂ ਸਾਨੂੰ ਜਲਦੀ ਤੋਂ ਜਲਦੀ ਉਸ ਦੀ ਬਾਈਬਲ ਤੋਂ ਮਦਦ ਕਰਨੀ ਚਾਹੀਦੀ ਹੈ।—1 ਥੱਸਲੁਨੀਕੀਆਂ 5:14 ਪੜ੍ਹੋ।
10 ਕਈ ਭੈਣ-ਭਰਾ ਸ਼ਾਇਦ ਕਮਜ਼ੋਰ ਲੱਗਣ। ਪਰ ਜੇ ਅਸੀਂ ਉਨ੍ਹਾਂ ਦੇ ਹਾਲਾਤਾਂ ਬਾਰੇ ਸੋਚੀਏ, ਤਾਂ ਸ਼ਾਇਦ ਸਾਨੂੰ ਪਤਾ ਲੱਗੇ ਕਿ ਉਹ ਬਿਲਕੁਲ ਵੀ ਕਮਜ਼ੋਰ ਨਹੀਂ ਹਨ। ਜ਼ਰਾ ਸੋਚੋ ਉਸ ਭੈਣ ਲਈ ਯਹੋਵਾਹ ਦੀ ਸੇਵਾ ਕਰਨੀ ਕਿੰਨੀ ਔਖੀ ਹੈ ਜਿਸ ਦਾ ਪਤੀ ਸੱਚਾਈ ਵਿਚ ਨਹੀਂ ਹੈ। ਇਕੱਲੀ ਮਾਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਕਿੰਨੀ ਸਖ਼ਤ ਮਿਹਨਤ ਕਰਦੀ ਹੈ ਤੇ ਫਿਰ ਵੀ ਬਾਕਾਇਦਾ ਮੀਟਿੰਗਾਂ ਵਿਚ ਆਉਂਦੀ ਹੈ। ਜਾਂ ਉਸ ਨੌਜਵਾਨ ਬਾਰੇ ਸੋਚੋ ਜੋ ਸਕੂਲ ਵਿਚ ਬੁਰੇ ਪ੍ਰਭਾਵ ਦਾ ਸਾਮ੍ਹਣਾ ਕਰਦੇ ਹੋਏ ਸੱਚਾਈ ਵਿਚ ਪੱਕਾ ਰਹਿੰਦਾ ਹੈ। ਉਹ ਸਾਰੇ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੇ ਉਸ ਪ੍ਰਤੀ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਹੈ। ਬਿਨਾਂ ਸ਼ੱਕ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਭੈਣ-ਭਰਾ ਕਮਜ਼ੋਰ ਲੱਗਦੇ ਹਨ, ਉਹ ਸ਼ਾਇਦ ਉਨ੍ਹਾਂ ਨਾਲੋਂ “ਨਿਹਚਾ ਵਿਚ ਧਨੀ ਹੋਣ” ਜਿਨ੍ਹਾਂ ਦੇ ਹਾਲਾਤ ਵਧੀਆ ਹਨ।—ਯਾਕੂ. 2:5.
ਬੋਲਣ ਦਾ ਸਹੀ ਸਮਾਂ ਕਦੋਂ ਹੈ?
17 ਅੱਯੂਬ ਨੂੰ ਮਿਲਣ ਆਇਆ ਚੌਥਾ ਆਦਮੀ ਸੀ ਅਲੀਹੂ ਜੋ ਕਿ ਅਬਰਾਹਾਮ ਦਾ ਇਕ ਰਿਸ਼ਤੇਦਾਰ ਸੀ। ਉਸ ਨੇ ਅੱਯੂਬ ਤੇ ਤਿੰਨ ਆਦਮੀਆਂ ਦੀਆਂ ਗੱਲਾਂ ਸੁਣੀਆਂ। ਜ਼ਾਹਰ ਹੈ ਕਿ ਉਸ ਨੇ ਬੜੇ ਧਿਆਨ ਨਾਲ ਸੁਣਿਆ ਕਿਉਂਕਿ ਅਲੀਹੂ ਨੇ ਉਸ ਨੂੰ ਪਿਆਰ ਨਾਲ, ਪਰ ਸਿੱਧੀ-ਸਿੱਧੀ ਸਲਾਹ ਦਿੱਤੀ। ਇਸ ਸਲਾਹ ਨੇ ਸੋਚ ਸੁਧਾਰਨ ਵਿਚ ਅੱਯੂਬ ਦੀ ਮਦਦ ਕੀਤੀ। (ਅੱਯੂ. 33:1, 6, 17) ਅਲੀਹੂ ਲਈ ਆਪਣੀ ਜਾਂ ਕਿਸੇ ਹੋਰ ਇਨਸਾਨ ਦੀ ਨਹੀਂ, ਸਗੋਂ ਯਹੋਵਾਹ ਦੀ ਮਹਿਮਾ ਕਰਨੀ ਸਭ ਤੋਂ ਜ਼ਰੂਰੀ ਸੀ। (ਅੱਯੂ. 32:21, 22; 37:23, 24) ਅਲੀਹੂ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਇਕ ਚੁੱਪ ਰਹਿਣ ਅਤੇ ਸੁਣਨ ਦਾ ਵੇਲਾ ਹੈ। (ਯਾਕੂ. 1:19) ਨਾਲੇ ਅਸੀਂ ਇਹ ਵੀ ਸਿੱਖਦੇ ਹਾਂ ਕਿ ਸਲਾਹ ਦਿੰਦੇ ਵੇਲੇ ਸਾਡਾ ਮੁੱਖ ਮਕਸਦ ਯਹੋਵਾਹ ਦੀ ਮਹਿਮਾ ਕਰਨ ਦਾ ਹੁੰਦਾ ਹੈ, ਨਾ ਕਿ ਆਪਣੀ।
18 ਜਦੋਂ ਅਸੀਂ ਬਾਈਬਲ ਦੀ ਇਹ ਸਲਾਹ ਮੰਨਦੇ ਹਾਂ ਕਿ ਸਾਨੂੰ ਕਦੋਂ ਅਤੇ ਕਿਵੇਂ ਬੋਲਣ ਚਾਹੀਦਾ ਹੈ, ਤਾਂ ਅਸੀਂ ਬੋਲਣ ਦੀ ਕਾਬਲੀਅਤ ਦੇ ਤੋਹਫ਼ੇ ਲਈ ਕਦਰ ਦਿਖਾਉਂਦੇ ਹਾਂ। ਬੁੱਧੀਮਾਨ ਰਾਜਾ ਸੁਲੇਮਾਨ ਇਹ ਲਿਖਣ ਲਈ ਪ੍ਰੇਰਿਤ ਹੋਇਆ: “ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।” (ਕਹਾ. 25:11) ਜਦੋਂ ਅਸੀਂ ਧਿਆਨ ਨਾਲ ਦੂਜਿਆਂ ਦੀਆਂ ਗੱਲਾਂ ਸੁਣਦੇ ਹਾਂ ਅਤੇ ਬੋਲਣ ਤੋਂ ਪਹਿਲਾਂ ਸੋਚਦੇ ਹਾਂ, ਤਾਂ ਸਾਡੇ ਸ਼ਬਦ ਸੋਨੇ ਦੇ ਸੇਬਾਂ ਵਰਗੇ ਹੋ ਸਕਦੇ ਹਨ ਯਾਨੀ ਕੀਮਤੀ ਤੇ ਸੁੰਦਰ। ਫਿਰ ਚਾਹੇ ਅਸੀਂ ਥੋੜ੍ਹਾ ਬੋਲੀਏ ਜਾਂ ਜ਼ਿਆਦਾ, ਸਾਡੀ ਬੋਲੀ ਤੋਂ ਦੂਜਿਆਂ ਨੂੰ ਹੌਸਲਾ ਮਿਲੇਗਾ ਅਤੇ ਅਸੀਂ ਯਹੋਵਾਹ ਨੂੰ ਖ਼ੁਸ਼ ਕਰਾਂਗੇ। (ਕਹਾ. 23:15; ਅਫ਼. 4:29) ਪਰਮੇਸ਼ੁਰ ਵੱਲੋਂ ਮਿਲੇ ਇਸ ਤੋਹਫ਼ੇ ਦੀ ਕਦਰ ਦਿਖਾਉਣ ਦਾ ਇਸ ਤੋਂ ਵਧੀਆ ਤਰੀਕਾ ਹੋਰ ਕਿਹੜਾ ਹੋ ਸਕਦਾ ਹੈ?
ਹੀਰੇ -ਮੋਤੀ
ਯਹੋਵਾਹ ਦੇ ਨੇੜੇ ਰਹੋ
10 ਇਸੇ ਤਰ੍ਹਾਂ ਇਹ ਸੋਚਣਾ ਗ਼ਲਤ ਨਹੀਂ ਹੈ ਕਿ ਅਸੀਂ ਦੇਖਣ ਨੂੰ ਕਿੱਦਾਂ ਦੇ ਲੱਗਦੇ ਹਾਂ। ਪਰ ਸਾਨੂੰ ਆਪਣੀ ਉਮਰ ਨਾਲੋਂ ਘੱਟ ਦਿਸਣ ਦੀ ਹੱਦੋਂ ਵੱਧ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਬਾਈਬਲ ਕਹਿੰਦੀ ਹੈ: “ਧੌਲਾ ਸਿਰ ਸਜਾਵਟ ਦਾ ਮੁਕਟ ਹੈ, ਉਹ ਧਰਮ ਦੇ ਮਾਰਗ ਤੋਂ ਪ੍ਰਾਪਤ ਹੁੰਦਾ ਹੈ।” (ਕਹਾ. 16:31) ਯਹੋਵਾਹ ਦੀਆਂ ਨਜ਼ਰਾਂ ਵਿਚ ਸਿਆਣੇ ਲੋਕਾਂ ਦੀ ਅਹਿਮੀਅਤ ਹੈ। ਉਹ ਦੇਖਦਾ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ, ਨਾ ਕਿ ਬਾਹਰੋਂ ਕਿਹੋ ਜਿਹੇ ਹਾਂ। ਸਾਨੂੰ ਵੀ ਆਪਣੇ ਬਾਰੇ ਇਸੇ ਤਰ੍ਹਾਂ ਸੋਚਣਾ ਚਾਹੀਦਾ ਹੈ। (1 ਪਤਰਸ 3:3, 4 ਪੜ੍ਹੋ।) ਤਾਂ ਫਿਰ, ਕੀ ਸੋਹਣੇ ਬਣਨ ਲਈ ਕੋਈ ਖ਼ਤਰਨਾਕ ਇਲਾਜ ਜਾਂ ਓਪਰੇਸ਼ਨ ਕਰਵਾਉਣਾ ਸਮਝਦਾਰੀ ਹੋਵੇਗੀ? ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਸਾਡੀ ਉਮਰ ਕਿੰਨੀ ਹੈ ਜਾਂ ਅਸੀਂ ਕਿੰਨੇ ਸਿਹਤਮੰਦ ਹਾਂ, ਪਰ ਜੇ ਅਸੀਂ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ ਰਹਿੰਦੇ ਹਾਂ, ਤਾਂ ਅਸੀਂ ਅੰਦਰੋਂ ਸੋਹਣੇ ਬਣਾਂਗੇ। (ਨਹ. 8:10) ਨਵੀਂ ਦੁਨੀਆਂ ਵਿਚ ਹੀ ਅਸੀਂ ਸਾਰੇ ਸਿਹਤਮੰਦ ਤੇ ਜਵਾਨ ਹੋਵਾਂਗੇ। (ਅੱਯੂ. 33:25; ਯਸਾ. 33:24) ਉਦੋਂ ਤਕ ਸਾਨੂੰ ਸਹੀ ਫ਼ੈਸਲੇ ਕਰਨ ਦੀ ਤੇ ਪਰਮੇਸ਼ੁਰ ਦੇ ਵਾਅਦਿਆਂ ʼਤੇ ਭਰੋਸਾ ਰੱਖਣ ਦੀ ਲੋੜ ਹੈ। ਇਹ ਗੱਲਾਂ ਸਾਡੀ ਜ਼ਿੰਦਗੀ ਵਿਚ ਖ਼ੁਸ਼ ਰਹਿਣ ਤੇ ਆਪਣੀ ਸਿਹਤ ਬਾਰੇ ਹੱਦੋਂ ਵੱਧ ਫ਼ਿਕਰ ਨਾ ਕਰਨ ਵਿਚ ਮਦਦ ਕਰਨਗੀਆਂ।—1 ਤਿਮੋ. 4:8.
8-14 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 34-35
ਜਦੋਂ ਇੱਦਾਂ ਲੱਗੇ ਕਿ ਚੰਗੇ ਲੋਕਾਂ ਨਾਲ ਹੀ ਮਾੜਾ ਹੁੰਦਾ ਹੈ
ਰੱਬ ਕਿਹੋ ਜਿਹਾ ਹੈ?
ਰੱਬ ਦੇ ਕੰਮ ਹਮੇਸ਼ਾ ਸਹੀ ਹੁੰਦੇ ਹਨ। ਅਸਲ ਵਿਚ ‘ਇਹ ਪਰਮੇਸ਼ੁਰ ਤੋਂ ਦੂਰ ਹੈ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ!’ (ਅੱਯੂਬ 34:10) ਰੱਬ ਹਮੇਸ਼ਾ ਸਹੀ ਫ਼ੈਸਲੇ ਕਰਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਬਾਰੇ ਕਿਹਾ: “ਤੂੰ ਲੋਕਾਂ ਦਾ ਧਰਮ ਨਾਲ ਨਿਆਉਂ ਕਰੇਂਗਾ।” (ਜ਼ਬੂਰਾਂ ਦੀ ਪੋਥੀ 67:4) “ਯਹੋਵਾਹ ਰਿਦੇ ਨੂੰ ਵੇਖਦਾ ਹੈ।” ਇਸ ਲਈ ਕੋਈ ਵੀ ਉਸ ਨੂੰ ਮੂਰਖ ਨਹੀਂ ਬਣਾ ਸਕਦਾ। ਉਹ ਸੱਚ ਨੂੰ ਪਛਾਣ ਸਕਦਾ ਹੈ ਅਤੇ ਹਮੇਸ਼ਾ ਨਿਆਂ ਕਰਦਾ ਹੈ। (1 ਸਮੂਏਲ 16:7) ਇਸ ਤੋਂ ਇਲਾਵਾ, ਰੱਬ ਨੂੰ ਧਰਤੀ ʼਤੇ ਹੋ ਰਹੇ ਅਪਰਾਧ ਅਤੇ ਅਨਿਆਂ ਬਾਰੇ ਚੰਗੀ ਤਰ੍ਹਾਂ ਪਤਾ ਹੈ ਅਤੇ ਉਸ ਨੇ ਵਾਅਦਾ ਕੀਤਾ ਹੈ ਕਿ ਜਲਦੀ ਹੀ “ਦੁਸ਼ਟ ਧਰਤੀ ਉੱਤੋਂ ਕੱਟੇ ਜਾਣਗੇ।”—ਕਹਾਉਤਾਂ 2:22.
ਪਰਮੇਸ਼ੁਰ ਦਾ ਰਾਜ ਆਉਣ ਤੇ ਕੀ ਨਹੀਂ ਰਹੇਗਾ?
5 ਯਹੋਵਾਹ ਕੀ ਕਰੇਗਾ? ਯਹੋਵਾਹ ਅੱਜ ਦੁਸ਼ਟ ਲੋਕਾਂ ਨੂੰ ਬਦਲਣ ਦਾ ਮੌਕਾ ਦੇ ਰਿਹਾ ਹੈ। (ਯਸਾ. 55:7) ਇਸ ਦੁਨੀਆਂ ਦਾ ਨਾਸ਼ ਪੱਕਾ ਹੈ। ਪਰ ਅਜੇ ਇਕੱਲੇ-ਇਕੱਲੇ ਵਿਅਕਤੀ ਨੂੰ ਸਜ਼ਾ ਨਹੀਂ ਸੁਣਾਈ ਗਈ। ਫਿਰ ਉਨ੍ਹਾਂ ਲੋਕਾਂ ਬਾਰੇ ਕੀ ਜੋ ਬਦਲਣ ਤੋਂ ਇਨਕਾਰ ਕਰਦੇ ਹਨ ਅਤੇ ਮਹਾਂਕਸ਼ਟ ਆਉਣ ਤਕ ਇਸ ਦੁਨੀਆਂ ਦਾ ਸਾਥ ਦਿੰਦੇ ਹਨ? ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਹਮੇਸ਼ਾ ਲਈ ਦੁਸ਼ਟ ਲੋਕਾਂ ਨੂੰ ਖ਼ਤਮ ਕਰੇਗਾ। (ਜ਼ਬੂਰਾਂ ਦੀ ਪੋਥੀ 37:10 ਪੜ੍ਹੋ।) ਦੁਸ਼ਟ ਲੋਕ ਸ਼ਾਇਦ ਸੋਚਣ ਕਿ ਉਹ ਸਜ਼ਾ ਤੋਂ ਬਚ ਜਾਣਗੇ। ਕਈ ਤਾਂ ਆਪਣੇ ਬੁਰੇ ਕੰਮ ਲੁਕਾਉਣ ਵਿਚ ਮਾਹਰ ਹਨ। ਅਸੀਂ ਅਕਸਰ ਦੇਖਦੇ ਹਾਂ ਕਿ ਕਾਨੂੰਨ ਵੀ ਇਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦਾ। (ਅੱਯੂਬ 21:7, 9) ਪਰ ਬਾਈਬਲ ਸਾਨੂੰ ਯਾਦ ਕਰਾਉਂਦੀ ਹੈ: ‘ਕਿਉਂ ਜੋ ਪਰਮੇਸ਼ੁਰ ਦੀਆਂ ਅੱਖਾਂ ਮਨੁੱਖ ਦੇ ਮਾਰਗਾਂ ਉੱਤੇ ਹਨ, ਉਹ ਉਸ ਦੇ ਸਾਰੇ ਕਦਮਾਂ ਨੂੰ ਵੇਖਦਾ ਹੈ। ਨਾ ਕੋਈ ਅਨ੍ਹੇਰ ਨਾ ਮੌਤ ਦਾ ਪਰਛਾਵਾਂ ਹੈ, ਜਿੱਥੇ ਕੁਕਰਮੀ ਲੁਕ ਜਾਣ।’ (ਅੱਯੂ. 34:21, 22) ਯਹੋਵਾਹ ਦੀਆਂ ਨਜ਼ਰਾਂ ਤੋਂ ਕੋਈ ਨਹੀਂ ਬਚ ਸਕਦਾ। ਕੋਈ ਵੀ ਫਰੇਬੀ ਯਹੋਵਾਹ ਨੂੰ ਮੂਰਖ ਨਹੀਂ ਬਣਾ ਸਕਦਾ। ਕੋਈ ਵੀ ਹਨੇਰਾ ਇੰਨਾ ਕਾਲਾ ਨਹੀਂ ਜਿਸ ਨੂੰ ਪਰਮੇਸ਼ੁਰ ਦੀ ਤੇਜ਼ ਨਜ਼ਰ ਚੀਰ ਕੇ ਦੇਖ ਨਹੀਂ ਸਕਦੀ। ਆਰਮਾਗੇਡਨ ਤੋਂ ਬਾਅਦ ਬੁਰੇ ਲੋਕ ਲੱਭਣ ਤੇ ਵੀ ਨਹੀਂ ਲੱਭਣਗੇ। ਉਹ ਹਮੇਸ਼ਾ ਲਈ ਖ਼ਤਮ ਹੋ ਜਾਣਗੇ!—ਜ਼ਬੂ. 37:12-15.
ਕੀ ਤੁਸੀਂ ਯਿਸੂ ʼਤੇ ਨਿਹਚਾ ਕਰਨੀ ਛੱਡੋਗੇ?
19 ਕੀ ਅੱਜ ਵੀ ਲੋਕਾਂ ਦੀ ਇਹੀ ਸੋਚ ਹੈ? ਹਾਂ, ਬਿਲਕੁਲ। ਬਹੁਤ ਸਾਰੇ ਲੋਕ ਅੱਜ ਸਾਡੀ ਗੱਲ ਨਹੀਂ ਸੁਣਦੇ ਕਿਉਂਕਿ ਅਸੀਂ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿੰਦੇ ਹਾਂ ਅਤੇ ਕਿਸੇ ਨੂੰ ਵੋਟ ਨਹੀਂ ਪਾਉਂਦੇ। ਨਾਲੇ ਅਸੀਂ ਜਾਣਦੇ ਹਾਂ ਕਿ ਜੇ ਅਸੀਂ ਕਿਸੇ ਇਨਸਾਨੀ ਆਗੂ ਨੂੰ ਚੁਣਾਂਗੇ, ਤਾਂ ਇਸ ਦਾ ਮਤਲਬ ਹੋਵੇਗਾ ਕਿ ਅਸੀਂ ਯਹੋਵਾਹ ਨੂੰ ਠੁਕਰਾ ਰਹੇ ਹਾਂ। (1 ਸਮੂ. 8:4-7) ਇਸ ਤੋਂ ਇਲਾਵਾ, ਲੋਕਾਂ ਨੂੰ ਲੱਗਦਾ ਹੈ ਕਿ ਯਹੋਵਾਹ ਦੇ ਗਵਾਹਾਂ ਨੂੰ ਸਕੂਲ ਜਾਂ ਹਸਪਤਾਲ ਬਣਾਉਣੇ ਚਾਹੀਦੇ ਹਨ ਅਤੇ ਸਮਾਜ ਸੇਵਾ ਦਾ ਕੰਮ ਕਰਨਾ ਚਾਹੀਦਾ ਹੈ। ਜਦੋਂ ਅਸੀਂ ਦੁਨੀਆਂ ਦੀਆਂ ਸਮੱਸਿਆਵਾਂ ਸੁਲਝਾਉਣ ਦੀ ਬਜਾਇ ਪ੍ਰਚਾਰ ਦੇ ਕੰਮ ਵਿਚ ਪੂਰੀ ਮਿਹਨਤ ਕਰਦੇ ਹਾਂ, ਤਾਂ ਲੋਕ ਸਾਡੀ ਗੱਲ ਨਹੀਂ ਸੁਣਨੀ ਚਾਹੁੰਦੇ।
20 ਅਸੀਂ ਕੀ ਕਰ ਸਕਦੇ ਹਾਂ ਤਾਂਕਿ ਸਾਡੀ ਨਿਹਚਾ ਕਦੀ ਖ਼ਤਮ ਨਾ ਹੋਵੇ? (ਮੱਤੀ 7:21-23 ਪੜ੍ਹੋ।) ਸਾਡਾ ਪੂਰਾ ਧਿਆਨ ਯਿਸੂ ਵੱਲੋਂ ਦਿੱਤੇ ਕੰਮ ਨੂੰ ਕਰਨ ʼਤੇ ਹੋਣਾ ਚਾਹੀਦਾ ਹੈ। (ਮੱਤੀ 28:19, 20) ਸਾਨੂੰ ਕਦੇ ਵੀ ਇਸ ਦੁਨੀਆਂ ਦੇ ਰਾਜਨੀਤਿਕ ਜਾਂ ਸਮਾਜਕ ਮਸਲਿਆਂ ਕਰਕੇ ਆਪਣਾ ਧਿਆਨ ਭਟਕਣ ਨਹੀਂ ਦੇਣਾ ਚਾਹੀਦਾ। ਅਸੀਂ ਲੋਕਾਂ ਨੂੰ ਪਿਆਰ ਕਰਦੇ ਹਾਂ ਅਤੇ ਸਾਨੂੰ ਉਨ੍ਹਾਂ ਦੀ ਪਰਵਾਹ ਹੈ। ਪਰ ਅਸੀਂ ਜਾਣਦੇ ਹਾਂ ਕਿ ਆਪਣੇ ਗੁਆਂਢੀਆਂ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਣਾ। ਨਾਲੇ ਯਹੋਵਾਹ ਨਾਲ ਉਨ੍ਹਾਂ ਦੀ ਦੋਸਤੀ ਕਰਨ ਵਿਚ ਮਦਦ ਕਰਨੀ।
ਹੀਰੇ-ਮੋਤੀ
ਖ਼ੁਸ਼ੀ ਨਾਲ ਸੇਵਾ ਕਰ ਕੇ ਯਹੋਵਾਹ ਦੀ ਵਡਿਆਈ ਕਰੋ
3 ਨੌਜਵਾਨ ਅਲੀਹੂ ਨੇ ਅੱਯੂਬ ਅਤੇ ਉਨ੍ਹਾਂ ਤਿੰਨਾਂ ਆਦਮੀਆਂ ਦੀਆਂ ਗੱਲਾਂ ਸੁਣੀਆਂ। ਜਦੋਂ ਉਨ੍ਹਾਂ ਦੀ ਗੱਲਬਾਤ ਖ਼ਤਮ ਹੋਈ, ਤਾਂ ਅਲੀਹੂ ਨੇ ਅੱਯੂਬ ਕੋਲੋਂ ਯਹੋਵਾਹ ਬਾਰੇ ਸਵਾਲ ਪੁੱਛਿਆ: “ਜੇ ਤੂੰ ਧਰਮੀ ਹੈਂ ਤਾਂ ਤੂੰ ਉਹ ਨੂੰ ਕੀ ਦਿੰਦਾ ਹੈਂ, ਯਾ ਉਹ ਤੇਰੇ ਹੱਥੋਂ ਕੀ ਲੈਂਦਾ ਹੈ?” (ਅੱਯੂ. 35:7) ਕੀ ਅਲੀਹੂ ਵੀ ਇਹ ਕਹਿ ਰਿਹਾ ਸੀ ਕਿ ਅਸੀਂ ਪਰਮੇਸ਼ੁਰ ਲਈ ਜੋ ਕਰਦੇ ਹਾਂ ਉਹ ਬੇਕਾਰ ਹੈ? ਨਹੀਂ। ਯਹੋਵਾਹ ਨੇ ਅਲੀਹੂ ਨੂੰ ਨਹੀਂ ਸੁਧਾਰਿਆ ਜਿਵੇਂ ਉਸ ਨੇ ਬਾਕੀ ਤਿੰਨ ਆਦਮੀਆਂ ਨੂੰ ਸੁਧਾਰਿਆ ਸੀ। ਅਲੀਹੂ ਕੁਝ ਹੋਰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਯਹੋਵਾਹ ਨੂੰ ਸਾਡੀ ਭਗਤੀ ਦੀ ਕੋਈ ਲੋੜ ਨਹੀਂ। ਉਸ ਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ। ਅਸੀਂ ਉਸ ਨੂੰ ਕੀ ਦੇ ਸਕਦੇ ਹਾਂ? ਕੀ ਉਸ ਨੂੰ ਕਿਸੇ ਚੀਜ਼ ਦਾ ਘਾਟਾ ਹੈ? ਅਸੀਂ ਯਹੋਵਾਹ ਨੂੰ ਕੋਈ ਵੀ ਚੀਜ਼ ਦੇ ਕੇ ਹੋਰ ਅਮੀਰ ਜਾਂ ਹੋਰ ਸ਼ਕਤੀਸ਼ਾਲੀ ਨਹੀਂ ਬਣਾ ਸਕਦੇ। ਇਸ ਦੀ ਬਜਾਇ, ਸਾਡੇ ਕੋਲ ਜੋ ਵੀ ਕਾਬਲੀਅਤ, ਗੁਣ ਤੇ ਹੁਨਰ ਹਨ ਉਹ ਸਭ ਉਸ ਦੀ ਹੀ ਦੇਣ ਹਨ ਅਤੇ ਉਹ ਦੇਖਦਾ ਹੈ ਕਿ ਅਸੀਂ ਇਨ੍ਹਾਂ ਨੂੰ ਕਿਵੇਂ ਵਰਤਦੇ ਹਾਂ।
15-21 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 36-37
ਹਮੇਸ਼ਾ ਦੀ ਜ਼ਿੰਦਗੀ ਦੇਣ ਦੇ ਪਰਮੇਸ਼ੁਰ ਦੇ ਵਾਅਦੇ ʼਤੇ ਤੁਸੀਂ ਕਿਉਂ ਭਰੋਸਾ ਕਰ ਸਕਦੇ ਹੋ?
ਕੀ ਅਸੀਂ ਸੱਚੀਂ ਰੱਬ ਨੂੰ ਪਾ ਸਕਦੇ ਹਾਂ?
ਰੱਬ ਦੀ ਹੋਂਦ: ਬਾਈਬਲ ਸਿਖਾਉਂਦੀ ਹੈ ਕਿ ਰੱਬ ਦਾ ਵਜੂਦ “ਆਦ ਤੋਂ ਅੰਤ ਤੀਕ” ਹੈ। (ਜ਼ਬੂਰਾਂ ਦੀ ਪੋਥੀ 90:2) ਦੂਜੇ ਸ਼ਬਦਾਂ ਵਿਚ ਕਿਹਾ ਜਾਵੇ, ਤਾਂ ਉਸ ਦੀ ਨਾ ਤਾਂ ਕੋਈ ਸ਼ੁਰੂਆਤ ਹੈ ਤੇ ਨਾ ਹੀ ਕੋਈ ਅੰਤ। ਇਨਸਾਨੀ ਨਜ਼ਰੀਏ ਤੋਂ ਦੇਖੀਏ, ਤਾਂ “ਉਹ ਦੇ ਵਰਿਹਾਂ ਦੀ ਗਿਣਤੀ ਸਮਝ ਤੋਂ ਪਰੇ ਹੈ।”—ਅੱਯੂਬ 36:26.
ਤੁਹਾਨੂੰ ਕੀ ਫ਼ਾਇਦਾ ਹੁੰਦਾ ਹੈ: ਰੱਬ ਵਾਅਦਾ ਕਰਦਾ ਹੈ ਕਿ ਉਹ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ ਜੇ ਤੁਸੀਂ ਉਸ ਨੂੰ ਜਾਣੋਗੇ। (ਯੂਹੰਨਾ 17:3) ਇਹ ਵਾਅਦਾ ਕਿੰਨਾ ਕੁ ਭਰੋਸੇਯੋਗ ਹੁੰਦਾ ਜੇ ਰੱਬ ਆਪ ਹੀ ਹਮੇਸ਼ਾ-ਹਮੇਸ਼ਾ ਲਈ ਜੀਉਂਦਾ ਨਾ ਹੁੰਦਾ? ਸਿਰਫ਼ “ਯੁਗਾਂ-ਯੁਗਾਂ ਦਾ ਰਾਜਾ” ਹੀ ਇਹ ਵਾਅਦਾ ਪੂਰਾ ਕਰ ਸਕਦਾ ਹੈ।—1 ਤਿਮੋਥਿਉਸ 1:17.
ਕੀ ਤੁਸੀਂ ਪਰਮੇਸ਼ੁਰ ਤੋਂ ਮਿਲੇ ਤੋਹਫ਼ਿਆਂ ਦੀ ਕਦਰ ਕਰਦੇ ਹੋ?
6 ਧਰਤੀ ਉੱਤੇ ਪਾਣੀ ਇਸ ਲਈ ਹੈ ਕਿਉਂਕਿ ਸਾਡੀ ਧਰਤੀ ਸੂਰਜ ਤੋਂ ਐਨ ਸਹੀ ਫ਼ਾਸਲੇ ʼਤੇ ਟਿਕੀ ਹੋਈ ਹੈ। ਜੇ ਧਰਤੀ ਸੂਰਜ ਦੇ ਥੋੜ੍ਹਾ ਨੇੜੇ ਹੁੰਦੀ, ਤਾਂ ਸਾਰਾ ਪਾਣੀ ਭਾਫ਼ ਬਣ ਕੇ ਉੱਡ ਜਾਣਾ ਸੀ ਅਤੇ ਧਰਤੀ ਨੇ ਤਪ ਕੇ ਸੁੱਕ ਜਾਣਾ ਸੀ। ਇਸ ਕਰਕੇ ਇਸ ਉੱਤੇ ਰਹਿਣਾ ਨਾਮੁਮਕਿਨ ਹੋ ਜਾਣਾ ਸੀ। ਜੇ ਧਰਤੀ ਸੂਰਜ ਤੋਂ ਥੋੜ੍ਹਾ ਦੂਰ ਹੁੰਦੀ, ਤਾਂ ਸਾਰਾ ਪਾਣੀ ਜੰਮ ਜਾਣਾ ਸੀ ਅਤੇ ਧਰਤੀ ਨੇ ਬਰਫ਼ ਦਾ ਗੋਲਾ ਬਣ ਜਾਣਾ ਸੀ। ਪਰ ਯਹੋਵਾਹ ਨੇ ਧਰਤੀ ਨੂੰ ਬਿਲਕੁਲ ਸਹੀ ਜਗ੍ਹਾ ʼਤੇ ਰੱਖਿਆ ਹੈ ਜਿਸ ਕਰਕੇ ਪਾਣੀ ਦੇ ਚੱਕਰ ਰਾਹੀਂ ਜੀਵਨ ਕਾਇਮ ਰਹਿ ਸਕਦਾ ਹੈ। ਸੂਰਜ ਰਾਹੀਂ ਸਮੁੰਦਰਾਂ ਅਤੇ ਜ਼ਮੀਨ ਦਾ ਪਾਣੀ ਭਾਫ਼ ਬਣ ਕੇ ਉੱਪਰ ਉੱਠਦਾ ਹੈ ਜਿਸ ਦੇ ਬੱਦਲ ਬਣਦੇ ਹਨ। ਹਰ ਸਾਲ ਸੂਰਜ ਧਰਤੀ ਤੋਂ ਤਕਰੀਬਨ ਉਨ੍ਹਾਂ ਪਾਣੀ ਭਾਫ਼ ਬਣਾ ਕੇ ਉੱਪਰ ਉਠਾਉਂਦਾ ਹੈ, ਜਿੰਨੀ ਇਕ 80 ਕਿਲੋਮੀਟਰ ਲੰਬੀ, ਚੌੜੀ ਅਤੇ ਉੱਚੀ ਟੈਂਕੀ ਵਿਚ ਰੱਖਿਆ ਜਾ ਸਕਦਾ ਹੈ। ਇਹ ਪਾਣੀ ਲਗਭਗ 10 ਦਿਨਾਂ ਲਈ ਵਾਯੂਮੰਡਲ ਵਿਚ ਰਹਿੰਦਾ ਹੈ ਤੇ ਫਿਰ ਮੀਂਹ ਜਾਂ ਬਰਫ਼ ਦੇ ਰੂਪ ਵਿਚ ਥੱਲੇ ਡਿੱਗਦਾ ਹੈ। ਅਖ਼ੀਰ ਇਹ ਪਾਣੀ ਸਮੁੰਦਰਾਂ, ਨਦੀਆਂ, ਝੀਲਾਂ ਵਿਚ ਮਿਲ ਜਾਂਦਾ ਹੈ ਅਤੇ ਇਹ ਚੱਕਰ ਦੁਬਾਰਾ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਚੱਕਰ ਤੋਂ ਸਾਬਤ ਹੁੰਦਾ ਹੈ ਕਿ ਯਹੋਵਾਹ ਕਿੰਨਾ ਬੁੱਧੀਮਾਨ ਅਤੇ ਸ਼ਕਤੀਸ਼ਾਲੀ ਹੈ।—ਅੱਯੂ. 36:27, 28; ਉਪ. 1:7.
ਆਪਣੀ ਉਮੀਦ ਪੱਕੀ ਰੱਖੋ
16 ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਪਰਮੇਸ਼ੁਰ ਵੱਲੋਂ ਸਾਡੇ ਲਈ ਬੇਸ਼ਕੀਮਤੀ ਤੋਹਫ਼ਾ ਹੈ। ਸਾਨੂੰ ਪੱਕਾ ਭਰੋਸਾ ਹੈ ਕਿ ਸਾਡੀ ਇਹ ਉਮੀਦ ਜ਼ਰੂਰ ਪੂਰੀ ਹੋਵੇਗੀ ਅਤੇ ਅਸੀਂ ਇਸ ਸ਼ਾਨਦਾਰ ਸਮੇਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਸਾਡੀ ਉਮੀਦ ਇਕ ਸਮੁੰਦਰੀ ਜਹਾਜ਼ ਦੇ ਲੰਗਰ ਵਾਂਗ ਹੈ ਜੋ ਤੂਫ਼ਾਨ ਵਰਗੀਆਂ ਮੁਸ਼ਕਲਾਂ ਵਿਚ ਵੀ ਸ਼ਾਂਤ ਰਹਿਣ ਵਿਚ ਸਾਡੀ ਮਦਦ ਕਰਦੀ ਹੈ। ਇਸ ਉਮੀਦ ਕਰਕੇ ਅਸੀਂ ਉਦੋਂ ਵੀ ਪਰਮੇਸ਼ੁਰ ਦੇ ਵਫ਼ਾਦਾਰ ਰਹਿ ਪਾਉਂਦੇ ਹਾਂ ਜਦੋਂ ਸਾਡੇ ʼਤੇ ਅਤਿਆਚਾਰ ਕੀਤੇ ਜਾਂਦੇ ਹਨ ਅਤੇ ਇੱਥੋਂ ਤਕ ਕਿ ਸਾਡੀ ਜਾਨ ਨੂੰ ਵੀ ਖ਼ਤਰਾ ਹੁੰਦਾ ਹੈ। ਇਹ ਉਮੀਦ ਫ਼ੌਜੀ ਦੇ ਟੋਪ ਵਾਂਗ ਵੀ ਹੈ ਜੋ ਗ਼ਲਤ ਸੋਚਾਂ ਤੋਂ ਸਾਡੀ ਰਾਖੀ ਕਰਦੀ ਹੈ ਅਤੇ ਚੰਗੀਆਂ ਗੱਲਾਂ ʼਤੇ ਧਿਆਨ ਲਾਉਣ ਵਿਚ ਸਾਡੀ ਮਦਦ ਕਰਦੀ ਹੈ। ਬਾਈਬਲ ਵਿਚ ਦਿੱਤੀ ਉਮੀਦ ਕਰਕੇ ਅਸੀਂ ਪਰਮੇਸ਼ੁਰ ਦੇ ਹੋਰ ਵੀ ਨੇੜੇ ਜਾਂਦੇ ਹਾਂ ਅਤੇ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਸਾਨੂੰ ਕਿੰਨਾ ਪਿਆਰ ਕਰਦਾ ਹੈ! ਜਿੱਦਾਂ-ਜਿੱਦਾਂ ਅਸੀਂ ਆਪਣੀ ਇਹ ਉਮੀਦ ਪੱਕੀ ਕਰਦੇ ਜਾਂਦੇ ਹਾਂ, ਉੱਦਾਂ-ਉੱਦਾਂ ਸਾਨੂੰ ਇਸ ਦੇ ਹੋਰ ਵੀ ਜ਼ਿਆਦਾ ਫ਼ਾਇਦੇ ਹੁੰਦੇ ਹਨ।
ਹੀਰੇ-ਮੋਤੀ
it-1 492
ਗੱਲਬਾਤ
ਪੁਰਾਣੇ ਜ਼ਮਾਨੇ ਵਿਚ ਬਾਈਬਲ ਵਿਚ ਜ਼ਿਕਰ ਕੀਤੀਆਂ ਥਾਵਾਂ ʼਤੇ ਵੱਖੋ-ਵੱਖਰੇ ਤਰੀਕਿਆਂ ਨਾਲ ਜਾਣਕਾਰੀ ਅਤੇ ਖ਼ਬਰਾਂ ਪਹੁੰਚਾਈਆਂ ਜਾਂਦੀਆਂ ਸਨ, ਜਿਵੇਂ ਕਿ ਲੋਕਾਂ ਨੂੰ ਆਪਣੇ ਇਲਾਕੇ ਅਤੇ ਦੂਜੀਆਂ ਥਾਵਾਂ ਦੀਆਂ ਖ਼ਬਰਾਂ ਕਿਸੇ ਜ਼ਰੀਏ ਮਿਲਦੀਆਂ ਸਨ। ਜਾਂ ਤਾਂ ਕੋਈ ਉਨ੍ਹਾਂ ਨੂੰ ਦੱਸਦਾ ਸੀ ਜਾਂ ਕੋਈ ਉਨ੍ਹਾਂ ਨੂੰ ਸੰਦੇਸ਼ ਭੇਜਦਾ ਸੀ। (2 ਸਮੂ 3:17, 19; ਅੱਯੂ 37:20) ਲੋਕਾਂ ਨੂੰ ਮੁਸਾਫ਼ਰਾਂ ਰਾਹੀਂ ਵੀ ਖ਼ਬਰਾਂ ਮਿਲਦੀਆਂ ਸਨ। ਮੁਸਾਫ਼ਰ ਅਕਸਰ ਕਾਫ਼ਲੇ ਬਣਾ ਕੇ ਜਾਂਦੇ ਸਨ ਅਤੇ ਇਕ ਥਾਂ ਤੋਂ ਦੂਜੀ ਜਗ੍ਹਾ ਸਾਮਾਨ ਪਹੁੰਚਾਉਂਦੇ ਸਨ। ਜਦੋਂ ਉਹ ਵੱਖੋ-ਵੱਖਰੇ ਸ਼ਹਿਰਾਂ ਜਾਂ ਰਸਤਿਆਂ ਵਿਚ ਕਿਤੇ ਰੁਕਦੇ ਸਨ, ਤਾਂ ਅਕਸਰ ਉਹ ਦੂਰ-ਦੁਰਾਡੇ ਦੀਆਂ ਖ਼ਬਰਾਂ ਦੱਸਦੇ ਸਨ। ਫਲਸਤੀਨ ਦੇਸ਼ ਏਸ਼ੀਆ, ਅਫ਼ਰੀਕਾ ਅਤੇ ਯੂਰਪ ਦੇ ਵਿਚਕਾਰ ਸਥਿਤ ਹੈ ਜਿਸ ਕਰਕੇ ਕਾਫ਼ਲੇ ਅਕਸਰ ਉੱਥੋਂ ਹੀ ਲੰਘਦੇ ਸਨ। ਇਸ ਕਰਕੇ ਉੱਥੇ ਦੇ ਵਾਸੀਆਂ ਨੂੰ ਆਸਾਨੀ ਨਾਲ ਬਾਹਰਲੇ ਦੇਸ਼ਾਂ ਵਿਚ ਵਾਪਰ ਰਹੀਆਂ ਅਹਿਮ ਘਟਨਾਵਾਂ ਦੀ ਜਾਣਕਾਰੀ ਮਿਲ ਜਾਂਦੀ ਸੀ। ਨਾਲੇ ਸ਼ਹਿਰਾਂ ਦੇ ਬਾਜ਼ਾਰਾਂ ਵਿਚ ਵੀ ਆਮ ਤੌਰ ਤੇ ਆਪਣੇ ਦੇਸ਼ ਅਤੇ ਦੂਜੇ ਦੇਸ਼ਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਜਾਂਦੀਆਂ ਸਨ।
22-28 ਜਨਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 38-39
ਕੀ ਤੁਸੀਂ ਸ੍ਰਿਸ਼ਟੀ ʼਤੇ ਧਿਆਨ ਦੇਣ ਲਈ ਸਮਾਂ ਕੱਢਦੇ ਹੋ?
ਕੀ ਤੁਸੀਂ ਧੀਰਜ ਨਾਲ ਯਹੋਵਾਹ ਦੀ ਉਡੀਕ ਕਰੋਗੇ?
7 ਬਾਈਬਲ ਦੱਸਦੀ ਹੈ ਕਿ ਯਹੋਵਾਹ ਨੇ ਧਰਤੀ ਨੂੰ ਕਿਵੇਂ ਰਚਿਆ। ਪਹਿਲਾਂ ਉਸ ਨੇ “ਇਸ ਦਾ ਨਾਪ ਠਹਿਰਾਇਆ,” ਫਿਰ ਇਸ ਦੇ ‘ਪਾਵੇ ਗੱਡੇ’ ਅਤੇ “ਇਸ ਦੇ ਕੋਨੇ ਦਾ ਪੱਥਰ ਰੱਖਿਆ।” (ਅੱਯੂ. 38:5, 6) ਉਸ ਨੇ ਆਪਣੇ ਕੰਮ ʼਤੇ ਸੋਚ-ਵਿਚਾਰ ਕਰਨ ਲਈ ਸਮਾਂ ਵੀ ਕੱਢਿਆ। (ਉਤ. 1:10, 12) ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਦੂਤਾਂ ਨੂੰ ਕਿਵੇਂ ਲੱਗਾ ਹੋਣਾ ਜਦੋਂ ਉਨ੍ਹਾਂ ਨੇ ਯਹੋਵਾਹ ਦੇ ਕੰਮਾਂ ਨੂੰ ਹੌਲੀ-ਹੌਲੀ ਪੂਰਾ ਹੁੰਦਾ ਦੇਖਿਆ? ਉਹ ਬਹੁਤ ਹੀ ਖ਼ੁਸ਼ ਹੋਏ ਹੋਣੇ! ਇਕ ਸਮੇਂ ਤੇ ਤਾਂ ਉਹ “ਜੈ-ਜੈ ਕਾਰ ਕਰਨ” ਲੱਗ ਪਏ। (ਅੱਯੂ. 38:7) ਇਸ ਤੋਂ ਅਸੀਂ ਕੀ ਸਿੱਖਦੇ ਹਾਂ? ਯਹੋਵਾਹ ਦੇ ਕੰਮਾਂ ਨੂੰ ਪੂਰਾ ਹੋਣ ਵਿਚ ਕਈ ਹਜ਼ਾਰ ਸਾਲ ਲੱਗ ਗਏ। ਪਰ ਜਦੋਂ ਯਹੋਵਾਹ ਨੇ ਸੋਚ-ਸਮਝ ਕੇ ਰਚੀ ਆਪਣੀ ਹਰ ਚੀਜ਼ ਦੇਖੀ, ਤਾਂ ਉਸ ਨੇ ਕਿਹਾ ਕਿ ਇਹ “ਬਹੁਤ ਹੀ ਵਧੀਆ” ਸੀ।—ਉਤ. 1:31.
ਮਰਿਆਂ ਨੂੰ ਜੀਉਂਦਾ ਕਰਨ ਦੀ ਉਮੀਦ ਪਰਮੇਸ਼ੁਰ ਦੇ ਪਿਆਰ, ਬੁੱਧ ਅਤੇ ਧੀਰਜ ਦਾ ਸਬੂਤ
2 ਸਭ ਤੋਂ ਪਹਿਲਾਂ ਯਹੋਵਾਹ ਨੇ ਆਪਣੇ ਪੁੱਤਰ ਯਿਸੂ ਨੂੰ ਬਣਾਇਆ। ਫਿਰ ਇਸ ਪੁੱਤਰ ਦੇ ਜ਼ਰੀਏ ਉਸ ਨੇ ‘ਬਾਕੀ ਸਾਰੀਆਂ ਚੀਜ਼ਾਂ ਸਿਰਜੀਆਂ’ ਜਿਨ੍ਹਾਂ ਵਿਚ ਲੱਖਾਂ ਦੂਤ ਵੀ ਸ਼ਾਮਲ ਸਨ। (ਕੁਲੁ. 1:16) ਯਿਸੂ ਨੂੰ ਆਪਣੇ ਪਿਤਾ ਨਾਲ ਕੰਮ ਕਰ ਕੇ ਬਹੁਤ ਖ਼ੁਸ਼ੀ ਮਿਲੀ। (ਕਹਾ. 8:30) ਨਾਲੇ ਪਰਮੇਸ਼ੁਰ ਦੇ ਸਵਰਗੀ ਪੁੱਤਰਾਂ ਕੋਲ ਵੀ ਖ਼ੁਸ਼ ਹੋਣ ਦਾ ਕਾਰਨ ਸੀ। ਉਨ੍ਹਾਂ ਦੂਤਾਂ ਨੇ ਆਪਣੀ ਅੱਖੀਂ ਦੇਖਿਆ ਜਦੋਂ ਯਹੋਵਾਹ ਅਤੇ ਉਸ ਦੇ ਰਾਜ ਮਿਸਤਰੀ ਯਿਸੂ ਨੇ ਆਕਾਸ਼ ਅਤੇ ਧਰਤੀ ਨੂੰ ਸਿਰਜਿਆ ਸੀ। ਇਹ ਦੇਖ ਕੇ ਉਨ੍ਹਾਂ ਨੂੰ ਕਿਵੇਂ ਲੱਗਾ? ਜਦੋਂ ਧਰਤੀ ਬਣ ਗਈ, ਤਾਂ ਉਨ੍ਹਾਂ ਨੇ ਖ਼ੁਸ਼ੀ ਨਾਲ ‘ਨਾਰੇ ਮਾਰੇ’ ਅਤੇ ਬਾਅਦ ਵਿਚ ਵੀ ਉਹ ਯਹੋਵਾਹ ਦੀ ਰਚੀ ਹਰ ਚੀਜ਼ ਨੂੰ ਦੇਖ ਕੇ ਖ਼ੁਸ਼ੀ ਮਨਾਉਂਦੇ ਰਹੇ ਜਿਨ੍ਹਾਂ ਵਿਚ ਉਸ ਦੀ ਕਾਰੀਗਰੀ ਦੀ ਬੇਜੋੜ ਮਿਸਾਲ ਇਨਸਾਨ ਵੀ ਸ਼ਾਮਲ ਸਨ। (ਅੱਯੂ. 38:7; ਕਹਾ. 8:31) ਯਹੋਵਾਹ ਦੀ ਹਰ ਰਚਨਾ ਤੋਂ ਉਸ ਦਾ ਪਿਆਰ ਅਤੇ ਬੁੱਧ ਝਲਕਦੀ ਹੈ।—ਜ਼ਬੂ. 104:24; ਰੋਮੀ. 1:20.
ਸ੍ਰਿਸ਼ਟੀ ਤੋਂ ਯਹੋਵਾਹ ਬਾਰੇ ਹੋਰ ਜਾਣੋ
8 ਯਹੋਵਾਹ ʼਤੇ ਅਸੀਂ ਪੂਰਾ ਭਰੋਸਾ ਕਰ ਸਕਦੇ ਹਾਂ। ਯਹੋਵਾਹ ਨੇ ਅੱਯੂਬ ਨੂੰ ਅਜਿਹੀਆਂ ਕਈ ਗੱਲਾਂ ਦੱਸੀਆਂ ਜਿਸ ਕਰਕੇ ਉਹ ਉਸ ʼਤੇ ਹੋਰ ਵੀ ਭਰੋਸਾ ਕਰ ਸਕਿਆ। (ਅੱਯੂ. 32:2; 40:6-8) ਯਹੋਵਾਹ ਨੇ ਉਸ ਨੂੰ ਸ੍ਰਿਸ਼ਟੀ ਦੀਆਂ ਕਈ ਚੀਜ਼ਾਂ ਬਾਰੇ ਦੱਸਿਆ, ਜਿਵੇਂ ਕਿ ਤਾਰਿਆਂ, ਬੱਦਲਾਂ ਅਤੇ ਬਿਜਲੀ ਦੀਆਂ ਲਿਸ਼ਕਾਂ ਬਾਰੇ। ਯਹੋਵਾਹ ਨੇ ਉਸ ਨਾਲ ਕਈ ਜਾਨਵਰਾਂ ਬਾਰੇ ਵੀ ਗੱਲ ਕੀਤੀ, ਜਿਵੇਂ ਕਿ ਜੰਗਲੀ ਸਾਨ੍ਹ ਅਤੇ ਘੋੜੇ ਬਾਰੇ। (ਅੱਯੂ. 38:32-35; 39:9, 19, 20) ਇਨ੍ਹਾਂ ਸਾਰੀਆਂ ਗੱਲਾਂ ਤੋਂ ਨਾ ਸਿਰਫ਼ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਪਰਮੇਸ਼ੁਰ ਕੋਲ ਬੇਮਿਸਾਲ ਤਾਕਤ ਹੈ, ਸਗੋਂ ਉਸ ਦੇ ਪਿਆਰ ਅਤੇ ਅਥਾਹ ਬੁੱਧ ਬਾਰੇ ਵੀ ਪਤਾ ਲੱਗਦਾ ਹੈ। ਇਸ ਤਰ੍ਹਾਂ ਅੱਯੂਬ ਯਹੋਵਾਹ ʼਤੇ ਹੋਰ ਵੀ ਭਰੋਸਾ ਕਰਨ ਲੱਗ ਪਿਆ। (ਅੱਯੂ. 42:1-6) ਅੱਜ ਜਦੋਂ ਅਸੀਂ ਯਹੋਵਾਹ ਦੀਆਂ ਬਣਾਈਆਂ ਚੀਜ਼ਾਂ ʼਤੇ ਧਿਆਨ ਦਿੰਦੇ ਹਾਂ, ਤਾਂ ਅਸੀਂ ਸਮਝ ਪਾਉਂਦੇ ਹਾਂ ਕਿ ਯਹੋਵਾਹ ਸਾਡੇ ਤੋਂ ਕਿੰਨਾ ਜ਼ਿਆਦਾ ਬੁੱਧੀਮਾਨ ਅਤੇ ਤਾਕਤਵਰ ਹੈ। ਉਹ ਸਾਡੀ ਹਰ ਮੁਸ਼ਕਲ ਦੂਰ ਕਰ ਸਕਦਾ ਹੈ ਅਤੇ ਉਹ ਇੱਦਾਂ ਜ਼ਰੂਰ ਕਰੇਗਾ। ਇਹ ਗੱਲ ਧਿਆਨ ਵਿਚ ਰੱਖਣ ਨਾਲ ਅਸੀਂ ਯਹੋਵਾਹ ʼਤੇ ਹੋਰ ਵੀ ਜ਼ਿਆਦਾ ਭਰੋਸਾ ਕਰ ਸਕਾਂਗੇ।
ਹੀਰੇ-ਮੋਤੀ
it-2 222
ਕਾਨੂੰਨ ਦੇਣ ਵਾਲਾ
ਯਹੋਵਾਹ ਕਾਨੂੰਨ ਦੇਣ ਵਾਲਾ ਪਰਮੇਸ਼ੁਰ ਹੈ। ਪੂਰੀ ਦੁਨੀਆਂ ਵਿਚ ਸਿਰਫ਼ ਯਹੋਵਾਹ ਨੂੰ ਹੀ ਕਾਨੂੰਨ ਦੇਣ ਦਾ ਸਭ ਤੋਂ ਜ਼ਿਆਦਾ ਅਧਿਕਾਰ ਹੈ। ਉਸ ਨੇ ਬੇਜਾਨ ਸ੍ਰਿਸ਼ਟੀ ਲਈ ਵੀ ਕੁਦਰਤੀ ਨਿਯਮ ਠਹਿਰਾਏ ਹਨ। (ਅੱਯੂ 38:4-38; ਜ਼ਬੂ 104:5-19) ਨਾਲੇ ਜੀਵ-ਜੰਤੂਆਂ ਲਈ ਵੀ। (ਅੱਯੂ 39:1-30) ਇਨਸਾਨਾਂ ਨੂੰ ਯਹੋਵਾਹ ਨੇ ਬਣਾਇਆ ਹੈ, ਇਸ ਕਰਕੇ ਇਨਸਾਨ ਉਸ ਦੇ ਕੁਦਰਤੀ ਅਤੇ ਨੈਤਿਕ ਮਿਆਰਾਂ ਨੂੰ ਮੰਨਦੇ ਹਨ। (ਰੋਮੀ 12:1; 1 ਕੁਰਿੰ 2:14-16) ਇੱਥੋਂ ਕਿ ਅਦਿੱਖ ਪ੍ਰਾਣੀ ਯਾਨੀ ਦੂਤ ਵੀ ਯਹੋਵਾਹ ਦੇ ਕਾਨੂੰਨਾਂ ਮੁਤਾਬਕ ਚੱਲਦੇ ਹਨ।—ਜ਼ਬੂ 103:20; 2 ਪਤ 2:4, 11.
ਯਹੋਵਾਹ ਦੇ ਕੁਦਰਤੀ ਨਿਯਮਾਂ ਨੂੰ ਕਦੇ ਵੀ ਤੋੜਿਆ ਨਹੀਂ ਜਾ ਸਕਦਾ। (ਯਿਰ 33:20, 21) ਇਹ ਨਿਯਮ ਇੰਨੇ ਜ਼ਿਆਦਾ ਸਥਿਰ ਅਤੇ ਭਰੋਸੇਯੋਗ ਹਨ ਕਿ ਵਿਗਿਆਨੀ ਵੀ ਇਨ੍ਹਾਂ ਦੇ ਆਧਾਰ ʼਤੇ ਚੰਨ, ਗ੍ਰਹਿ ਅਤੇ ਹੋਰ ਆਕਾਸ਼ੀ ਪਿੰਡਾਂ ਦੀ ਗਤੀ ਦਾ ਬਿਲਕੁਲ ਸਹੀ-ਸਹੀ ਅੰਦਾਜ਼ਾ ਲਗਾ ਸਕਦੇ ਹਨ। ਜੇ ਅਸੀਂ ਇਨ੍ਹਾਂ ਨਿਯਮਾਂ ਤੋਂ ਉਲਟ ਚੱਲਦੇ ਹਾਂ, ਤਾਂ ਸਾਨੂੰ ਫ਼ੌਰਨ ਇਸ ਦੇ ਨਤੀਜੇ ਭੁਗਤਣੇ ਪੈਂਦੇ ਹਨ। ਬਿਲਕੁਲ ਇਸੇ ਤਰ੍ਹਾਂ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਨੂੰ ਵੀ ਬਦਲਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਨ੍ਹਾਂ ਨੂੰ ਅਣਗੌਲਿਆਂ ਕੀਤਾ ਜਾ ਸਕਦਾ ਹੈ। ਇਨ੍ਹਾਂ ਨੂੰ ਵੀ ਕੁਦਰਤੀ ਨਿਯਮਾਂ ਵਾਂਗ ਮੰਨਿਆਂ ਜਾਂਦਾ ਹੈ, ਭਾਵੇਂ ਕਿ ਇਨ੍ਹਾਂ ਤੋਂ ਉਲਟ ਚੱਲਣ ਦੀ ਸਜ਼ਾ ਸ਼ਾਇਦ ਕੁਦਰਤੀ ਨਿਯਮਾਂ ਵਾਂਗ ਉਸੇ ਵੇਲੇ ਨਾ ਮਿਲੇ। ਕਿਉਂ? ਕਿਉਂਕਿ ਪਰਮੇਸ਼ੁਰ ਦੇ ਬਚਨ ਵਿਚ ਦੱਸਿਆ ਹੈ ਕਿ “ਕੋਈ ਵੀ ਪਰਮੇਸ਼ੁਰ ਨੂੰ ਮੂਰਖ ਨਹੀਂ ਬਣਾ ਸਕਦਾ। ਇਨਸਾਨ ਜੋ ਬੀਜਦਾ ਹੈ, ਉਹੀ ਵੱਢਦਾ ਹੈ।” (ਗਲਾ 6:7; 1 ਤਿਮੋ 5:24) ਇਸ ਲਈ ਜੇ ਕੋਈ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਤੋਂ ਉਲਟ ਚੱਲਦਾ ਹੈ, ਤਾਂ ਉਸ ਨੂੰ ਇਸ ਦੇ ਅੰਜਾਮ ਭੁਗਤਣੇ ਪੈ ਸਕਦੇ ਹਨ।
29 ਜਨਵਰੀ–4 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 40-42
ਅੱਯੂਬ ਨਾਲ ਜੋ ਹੋਇਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
‘ਯਹੋਵਾਹ ਦੀ ਬੁੱਧੀ ਨੂੰ ਕਿਨ ਜਾਣਿਆ ਹੈ?’
4 ਜਦੋਂ ਅਸੀਂ ਯਹੋਵਾਹ ਦੇ ਕੰਮਾਂ ਉੱਤੇ ਮਨਨ ਕਰਦੇ ਹਾਂ, ਤਾਂ ਸਾਨੂੰ ਮਨੁੱਖੀ ਮਿਆਰਾਂ ਅਨੁਸਾਰ ਪਰਮੇਸ਼ੁਰ ਬਾਰੇ ਕੋਈ ਰਾਇ ਕਾਇਮ ਕਰਨ ਦੇ ਝੁਕਾਅ ਤੋਂ ਬਚਣ ਦੀ ਲੋੜ ਹੈ। ਇਸ ਝੁਕਾਅ ਬਾਰੇ ਜ਼ਬੂਰਾਂ ਦੀ ਪੋਥੀ 50:21 ਵਿਚ ਦਰਜ ਯਹੋਵਾਹ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ: “ਤੈਂ ਸਮਝਿਆ ਕਿ ਪਰਮੇਸ਼ੁਰ ਵੀ ਠੀਕ ਮੇਰੇ ਵਰਗਾ ਹੈ।” ਇਹ ਗੱਲ ਸਹੀ ਹੈ। 175 ਤੋਂ ਜ਼ਿਆਦਾ ਸਾਲ ਪਹਿਲਾਂ ਇਕ ਬਾਈਬਲ ਵਿਦਵਾਨ ਨੇ ਵੀ ਕਿਹਾ ਸੀ: “ਬੰਦੇ ਆਪਣੇ ਮਿਆਰਾਂ ਅਨੁਸਾਰ ਪਰਮੇਸ਼ੁਰ ਬਾਰੇ ਰਾਇ ਕਾਇਮ ਕਰਨ ਦਾ ਝੁਕਾਅ ਰੱਖਦੇ ਹਨ ਤੇ ਸੋਚਦੇ ਹਨ ਕਿ ਰੱਬ ʼਤੇ ਉਹੀ ਕਾਨੂੰਨ ਲਾਗੂ ਹੁੰਦੇ ਹਨ ਜਿਨ੍ਹਾਂ ਉੱਤੇ ਉਨ੍ਹਾਂ ਦੇ ਹਿਸਾਬ ਨਾਲ ਇਨਸਾਨਾਂ ਨੂੰ ਚੱਲਣਾ ਚਾਹੀਦਾ ਹੈ।”
5 ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਅਸੀਂ ਆਪਣੇ ਮਿਆਰਾਂ ਅਤੇ ਇੱਛਾਵਾਂ ਮੁਤਾਬਕ ਪਰਮੇਸ਼ੁਰ ਬਾਰੇ ਕੋਈ ਰਾਇ ਕਾਇਮ ਨਾ ਕਰੀਏ। ਇਹ ਕਿਉਂ ਜ਼ਰੂਰੀ ਹੈ? ਕਿਉਂਕਿ ਜਦੋਂ ਅਸੀਂ ਬਾਈਬਲ ਦਾ ਅਧਿਐਨ ਕਰਦੇ ਹਾਂ, ਤਾਂ ਸਾਨੂੰ ਸ਼ਾਇਦ ਆਪਣੇ ਸੀਮਿਤ ਨਜ਼ਰੀਏ ਤੋਂ ਯਹੋਵਾਹ ਦੇ ਕੁਝ ਕੰਮ ਸਹੀ ਨਾ ਲੱਗਣ। ਪੁਰਾਣੇ ਜ਼ਮਾਨੇ ਦੇ ਇਸਰਾਏਲੀ ਇਸ ਢੰਗ ਨਾਲ ਸੋਚਣ ਲੱਗ ਪਏ ਸਨ ਅਤੇ ਉਨ੍ਹਾਂ ਨੇ ਆਪਣੇ ਨਾਲ ਯਹੋਵਾਹ ਦੇ ਸਲੂਕ ਬਾਰੇ ਗ਼ਲਤ ਸਿੱਟਾ ਕੱਢਿਆ। ਧਿਆਨ ਦਿਓ ਕਿ ਯਹੋਵਾਹ ਨੇ ਉਨ੍ਹਾਂ ਨੂੰ ਕੀ ਕਿਹਾ: “ਤੁਸੀਂ ਆਖਦੇ ਹੋ ਕਿ ਪ੍ਰਭੁ ਯਹੋਵਾਹ ਦਾ ਮਾਰਗ ਠੀਕ ਨਹੀਂ ਹੈ। ਹੇ ਇਸਰਾਏਲ ਦੇ ਘਰਾਣੇ, ਸੁਣੋ! ਕੀ ਮੇਰਾ ਮਾਰਗ ਠੀਕ ਨਹੀਂ ਹੈ? ਕੀ ਏਹ ਨਹੀਂ ਕਿ ਤੁਹਾਡੇ ਮਾਰਗ ਠੀਕ ਨਹੀਂ ਹਨ?”—ਹਿਜ਼. 18:25.
6 ਅਸੀਂ ਇਕ ਤਰੀਕੇ ਨਾਲ ਆਪਣੇ ਮਿਆਰਾਂ ਮੁਤਾਬਕ ਯਹੋਵਾਹ ਬਾਰੇ ਰਾਇ ਕਾਇਮ ਕਰਨ ਤੋਂ ਬਚ ਸਕਦੇ ਹਾਂ। ਉਹ ਇਹ ਹੈ ਕਿ ਅਸੀਂ ਮੰਨੀਏ ਕਿ ਸਾਡਾ ਨਜ਼ਰੀਆ ਸੀਮਿਤ ਹੈ ਅਤੇ ਕਦੇ-ਕਦੇ ਪੂਰੀ ਤਰ੍ਹਾਂ ਗ਼ਲਤ ਹੁੰਦਾ ਹੈ। ਅੱਯੂਬ ਨੂੰ ਇਹ ਜਾਣਨ ਦੀ ਲੋੜ ਸੀ। ਉਹ ਜਦੋਂ ਦੁੱਖਾਂ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ, ਤਾਂ ਉਹ ਬਹੁਤ ਨਿਰਾਸ਼ ਹੋ ਗਿਆ ਅਤੇ ਆਪਣੇ ਬਾਰੇ ਕੁਝ ਜ਼ਿਆਦਾ ਹੀ ਸੋਚਣ ਲੱਗ ਪਿਆ। ਉਹ ਵੱਡੀਆਂ ਗੱਲਾਂ ਭੁੱਲ ਗਿਆ। ਪਰ ਯਹੋਵਾਹ ਨੇ ਪਿਆਰ ਨਾਲ ਉਸ ਦਾ ਨਜ਼ਰੀਆ ਸੁਧਾਰਨ ਵਿਚ ਉਸ ਦੀ ਮਦਦ ਕੀਤੀ। ਯਹੋਵਾਹ ਨੇ ਅੱਯੂਬ ਨੂੰ 70 ਤੋਂ ਜ਼ਿਆਦਾ ਅਲੱਗ-ਅਲੱਗ ਸਵਾਲ ਪੁੱਛੇ ਜਿਨ੍ਹਾਂ ਵਿੱਚੋਂ ਅੱਯੂਬ ਇਕ ਸਵਾਲ ਦਾ ਵੀ ਜਵਾਬ ਨਹੀਂ ਦੇ ਸਕਿਆ। ਇਸ ਤਰ੍ਹਾਂ ਯਹੋਵਾਹ ਨੇ ਦਿਖਾਇਆ ਕਿ ਅੱਯੂਬ ਦੀ ਸਮਝ ਕਿੰਨੀ ਸੀਮਿਤ ਸੀ। ਅੱਯੂਬ ਨੇ ਨਿਮਰਤਾ ਦਿਖਾਈ ਅਤੇ ਆਪਣਾ ਨਜ਼ਰੀਆ ਬਦਲ ਲਿਆ।—ਅੱਯੂਬ 42:1-6 ਪੜ੍ਹੋ।
ਸਭ ਤੋਂ ਅਹਿਮ ਮਸਲੇ ਨੂੰ ਯਾਦ ਰੱਖੋ
12 ਕੀ ਯਹੋਵਾਹ ਦੀ ਸਲਾਹ ਤੋਂ ਇਹ ਲੱਗਦਾ ਹੈ ਕਿ ਉਸ ਨੂੰ ਅੱਯੂਬ ਦੇ ਦੁੱਖਾਂ ਦੀ ਕੋਈ ਪਰਵਾਹ ਨਹੀਂ ਸੀ? ਨਹੀਂ। ਅੱਯੂਬ ਨੇ ਯਹੋਵਾਹ ਦੀ ਸਲਾਹ ਦਾ ਬੁਰਾ ਨਹੀਂ ਮਨਾਇਆ। ਅੱਯੂਬ ਨੂੰ ਪਰਮੇਸ਼ੁਰ ਦੀ ਗੱਲ ਸਮਝ ਆ ਗਈ ਅਤੇ ਉਸ ਨੇ ਇਸ ਲਈ ਕਦਰ ਵੀ ਦਿਖਾਈ। ਉਸ ਨੇ ਆਪਣੀਆਂ ਕਹੀਆਂ ਗੱਲਾਂ ʼਤੇ ਪਛਤਾਉਂਦਿਆਂ ਕਿਹਾ: “ਮੈਂ ਆਪਣੇ ਆਪ ਤੋਂ ਘਿਣ ਕਰਦਾ ਹਾਂ, ਅਤੇ ਮੈਂ ਖ਼ਾਕ ਤੇ ਸੁਆਹ ਵਿੱਚ ਪਛਤਾਉਂਦਾ ਹਾਂ!” (ਅੱਯੂ. 42:1-6) ਅਲੀਹੂ ਨਾਂ ਦੇ ਜਵਾਨ ਮੁੰਡੇ ਨੇ ਵੀ ਅੱਯੂਬ ਦੀ ਸੋਚ ਬਦਲਣ ਵਿਚ ਮਦਦ ਦਿੱਤੀ। (ਅੱਯੂ. 32:5-10) ਅੱਯੂਬ ਨੇ ਉਸ ਦੀ ਵਧੀਆ ਸਲਾਹ ਵੱਲ ਕੰਨ ਲਾਇਆ ਅਤੇ ਆਪਣਾ ਨਜ਼ਰੀਆ ਬਦਲਿਆ। ਇਹ ਬਦਲਾਅ ਦੇਖ ਕੇ ਯਹੋਵਾਹ ਨੇ ਹੋਰਨਾਂ ਨੂੰ ਵੀ ਦੱਸਿਆ ਕਿ ਉਹ ਅੱਯੂਬ ਦੀ ਵਫ਼ਾਦਾਰੀ ਤੋਂ ਖ਼ੁਸ਼ ਸੀ।—ਅੱਯੂ. 42:7, 8.
‘ਯਹੋਵਾਹ ʼਤੇ ਉਮੀਦ ਲਾਈ ਰੱਖੋ’
17 ਯਹੋਵਾਹ ਦੇ ਬਾਕੀ ਸੇਵਕਾਂ ਵਾਂਗ ਅੱਯੂਬ ਨੇ ਦੁੱਖ-ਮੁਸੀਬਤਾਂ ਦੌਰਾਨ ਹਿੰਮਤ ਨਹੀਂ ਹਾਰੀ ਅਤੇ ਆਪਣੀ ਵਫ਼ਾਦਾਰੀ ਬਣਾਈ ਰੱਖੀ। ਪੌਲੁਸ ਰਸੂਲ ਨੇ ਇਬਰਾਨੀਆਂ ਨੂੰ ਲਿਖੀ ਚਿੱਠੀ ਵਿਚ ਅਜਿਹੇ ਕਈ ਵਫ਼ਾਦਾਰ ਸੇਵਕਾਂ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ‘ਗਵਾਹਾਂ ਦਾ ਵੱਡਾ ਬੱਦਲ’ ਕਿਹਾ। (ਇਬ. 12:1) ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਸਹਿਣੀਆਂ ਪਈਆਂ, ਪਰ ਫਿਰ ਵੀ ਉਹ ਮਰਦੇ ਦਮ ਤਕ ਯਹੋਵਾਹ ਦੇ ਵਫ਼ਾਦਾਰ ਰਹੇ। (ਇਬ. 11:36-40) ਉਨ੍ਹਾਂ ਨੇ ਜੋ ਧੀਰਜ ਰੱਖਿਆ ਅਤੇ ਸਖ਼ਤ ਮਿਹਨਤ ਕੀਤੀ, ਕੀ ਉਹ ਸਭ ਕੁਝ ਬੇਕਾਰ ਗਿਆ? ਬਿਲਕੁਲ ਨਹੀਂ! ਚਾਹੇ ਉਨ੍ਹਾਂ ਨੇ ਜੀਉਂਦੇ-ਜੀ ਯਹੋਵਾਹ ਦੇ ਵਾਅਦੇ ਪੂਰੇ ਹੁੰਦੇ ਨਹੀਂ ਦੇਖੇ, ਪਰ ਫਿਰ ਵੀ ਉਨ੍ਹਾਂ ਨੇ ਯਹੋਵਾਹ ʼਤੇ ਉਮੀਦ ਲਾਈ ਰੱਖੀ। ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਉਨ੍ਹਾਂ ਤੋਂ ਖ਼ੁਸ਼ ਸੀ, ਇਸ ਕਰਕੇ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਪਰਮੇਸ਼ੁਰ ਦੇ ਵਾਅਦੇ ਜ਼ਰੂਰ ਪੂਰੇ ਹੁੰਦੇ ਦੇਖਣਗੇ। (ਇਬ. 11:4, 5) ਉਨ੍ਹਾਂ ਤੋਂ ਸਾਨੂੰ ਹੌਸਲਾ ਮਿਲਦਾ ਹੈ ਕਿ ਅਸੀਂ ਵੀ ਯਹੋਵਾਹ ʼਤੇ ਉਮੀਦ ਲਾਈ ਰੱਖੀਏ।
18 ਅੱਜ ਦੁਨੀਆਂ ਦੇ ਲੋਕ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। (2 ਤਿਮੋ. 3:13) ਨਾਲੇ ਸ਼ੈਤਾਨ ਨੇ ਵੀ ਪਰਮੇਸ਼ੁਰ ਦੀ ਸੇਵਕਾਂ ਨੂੰ ਪਰਖਣਾ ਨਹੀਂ ਛੱਡਿਆ ਹੈ। ਫਿਰ ਵੀ ਅਸੀਂ ਪੱਕਾ ਇਰਾਦਾ ਕੀਤਾ ਹੈ ਕਿ ਚਾਹੇ ਸਾਨੂੰ ਜਿਹੜੀਆਂ ਮਰਜ਼ੀ ਮੁਸ਼ਕਲਾਂ ਆਉਣ ਅਸੀਂ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਾਂਗੇ ਅਤੇ “ਅਸੀਂ ਜੀਉਂਦੇ ਪਰਮੇਸ਼ੁਰ ʼਤੇ ਆਪਣੀ ਆਸ ਲਾਈ” ਰੱਖਾਂਗੇ। (1 ਤਿਮੋ. 4:10) ਯਾਦ ਰੱਖੋ ਕਿ ਯਹੋਵਾਹ ਨੇ ਅੱਯੂਬ ਨੂੰ ਜੋ ਇਨਾਮ ਦਿੱਤਾ, ਉਸ ਤੋਂ ਸਾਬਤ ਹੋਇਆ ਕਿ “ਯਹੋਵਾਹ ਬਹੁਤ ਹੀ ਹਮਦਰਦ ਅਤੇ ਦਇਆਵਾਨ ਹੈ।” (ਯਾਕੂ. 5:11) ਆਓ ਅਸੀਂ ਵੀ ਯਹੋਵਾਹ ਦੇ ਵਫ਼ਾਦਾਰ ਰਹੀਏ ਅਤੇ ਭਰੋਸਾ ਰੱਖੀਏ ਕਿ ਉਹ ਉਨ੍ਹਾਂ ਸਾਰਿਆਂ ਨੂੰ ਇਨਾਮ ਦੇਵੇਗਾ “ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।”—ਇਬਰਾਨੀਆਂ 11:6 ਪੜ੍ਹੋ।
ਹੀਰੇ-ਮੋਤੀ
it-2 808
ਮਖੌਲ ਉਡਾਉਣਾ, ਤਾਅਨੇ-ਮਿਹਣੇ ਮਾਰਨਾ
ਅੱਯੂਬ ਨੂੰ ਬਹੁਤ ਸਾਰੇ ਤਾਅਨੇ-ਮਿਹਣੇ ਮਾਰੇ ਗਏ, ਫਿਰ ਵੀ ਉਸ ਨੇ ਆਪਣੀ ਵਫ਼ਾਦਾਰੀ ਬਣਾਈ ਰੱਖੀ। ਪਰ ਇਕ ਸਮੇਂ ʼਤੇ ਅੱਯੂਬ ਦੀ ਸੋਚ ਗ਼ਲਤ ਹੋ ਗਈ ਸੀ ਜਿਸ ਕਰਕੇ ਉਸ ਨੇ ਇਕ ਗ਼ਲਤੀ ਕੀਤੀ। ਇਸ ਲਈ ਬਾਅਦ ਵਿਚ ਉਸ ਨੂੰ ਸੁਧਾਰਿਆ ਗਿਆ। ਅਲੀਹੂ ਨੇ ਅੱਯੂਬ ਬਾਰੇ ਕਿਹਾ ਕਿ “ਅੱਯੂਬ ਵਰਗਾ ਹੋਰ ਕੌਣ ਹੈ ਜੋ ਮਖੌਲ ਨੂੰ ਪਾਣੀ ਵਾਂਗ ਪੀ ਜਾਂਦਾ ਹੈ?” (ਅੱਯੂ 34:7) ਅੱਯੂਬ ਨੇ ਪਰਮੇਸ਼ੁਰ ʼਤੇ ਧਿਆਨ ਲਾਉਣ ਦੀ ਬਜਾਇ ਆਪਣੇ ਆਪ ਨੂੰ ਸਹੀ ਸਾਬਤ ਕਰਨ ʼਤੇ ਆਪਣਾ ਸਾਰਾ ਧਿਆਨ ਲਾਇਆ ਅਤੇ ਪਰਮੇਸ਼ੁਰ ਨਾਲੋਂ ਜ਼ਿਆਦਾ ਆਪਣੀ ਧਾਰਮਿਕਤਾ ʼਤੇ ਜ਼ੋਰ ਦਿੱਤਾ। (ਅੱਯੂ 35:2; 36:24) ਜਦੋਂ ਅੱਯੂਬ ਦੇ ਤਿੰਨ “ਸਾਥੀਆਂ” ਨੇ ਉਸ ਦਾ ਮਖੌਲ ਉਡਾਇਆ, ਤਾਂ ਉਸ ਨੇ ਉਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ʼਤੇ ਲੈ ਲਿਆ ਜਦ ਕਿ ਉਸ ਨੂੰ ਇਹ ਗੱਲ ਪਛਾਣਨੀ ਚਾਹੀਦੀ ਸੀ ਕਿ ਉਹ ਉਸ ਦਾ ਨਹੀਂ, ਸਗੋਂ ਪਰਮੇਸ਼ੁਰ ਦਾ ਮਖੌਲ ਉਡਾ ਰਹੇ ਸਨ। ਯਹੋਵਾਹ ਨੇ ਬਾਅਦ ਵਿਚ ਇਹ ਗੱਲ ਸਮਝਾਈ ਕਿ ਇਹ ਮਖੌਲ ਉਡਾਉਣ ਵਾਲੇ ਅਸਲ ਵਿਚ ਪਰਮੇਸ਼ੁਰ ਖ਼ਿਲਾਫ਼ ਝੂਠੀਆਂ ਗੱਲਾਂ ਬੋਲ ਰਹੇ ਸਨ। (ਅੱਯੂ 42:7; 1 ਸਮੂ 8:7; ਮੱਤੀ 24:9 ਵੀ ਦੇਖੋ) ਜਦੋਂ ਮਸੀਹੀਆਂ ਦਾ ਵੀ ਮਖੌਲ ਉਡਾਇਆ ਜਾਂਦਾ ਹੈ, ਤਾਂ ਇਨ੍ਹਾਂ ਗੱਲਾਂ ਨੂੰ ਯਾਦ ਰੱਖਣ ਨਾਲ ਉਹ ਸਹੀ ਰਵੱਈਆ ਬਣਾਈ ਰੱਖ ਸਕਦੇ ਹਨ। ਨਾਲੇ ਇਹ ਸਾਰਾ ਕੁਝ ਸਹਿ ਸਕਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੂੰ ਅੱਗੇ ਜਾ ਕੇ ਉਨ੍ਹਾਂ ਦੇ ਧੀਰਜ ਦਾ ਇਨਾਮ ਵੀ ਮਿਲੇਗਾ।—ਲੂਕਾ 6:22, 23.
5-11 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 1–4
ਪਰਮੇਸ਼ੁਰ ਦੇ ਰਾਜ ਦਾ ਪੱਖ ਲਓ
“ਮੈਂ ਸਾਰੀਆਂ ਕੌਮਾਂ ਨੂੰ ਹਿਲਾਵਾਂਗਾ”
8 ਇਹ ਸੰਦੇਸ਼ ਸੁਣ ਕੇ ਲੋਕ ਕੀ ਕਰਦੇ ਹਨ? ਜ਼ਿਆਦਾਤਰ ਲੋਕ ਇਸ ਨੂੰ ਠੁਕਰਾ ਦਿੰਦੇ ਹਨ। (ਜ਼ਬੂਰ 2:1-3 ਪੜ੍ਹੋ।) ਕੌਮਾਂ ਗੁੱਸੇ ਵਿਚ ਹਨ। ਉਹ ਯਿਸੂ ਨੂੰ ਆਪਣਾ ਰਾਜਾ ਮੰਨਣ ਤੋਂ ਇਨਕਾਰ ਕਰਦੀਆਂ ਹਨ। ਉਹ ਇਹ ਨਹੀਂ ਮੰਨਦੀਆਂ ਕਿ ਇਹ “ਖ਼ੁਸ਼ੀ ਖ਼ਬਰੀ” ਹੈ। ਕੁਝ ਦੇਸ਼ਾਂ ਦੀਆਂ ਸਰਕਾਰਾਂ ਨੇ ਤਾਂ ਪ੍ਰਚਾਰ ਦੇ ਕੰਮ ʼਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਭਾਵੇਂ ਇਨ੍ਹਾਂ ਕੌਮਾਂ ਦੇ ਕਈ ਹਾਕਮ ਕਹਿੰਦੇ ਹਨ ਕਿ ਉਹ ਪਰਮੇਸ਼ੁਰ ਨੂੰ ਮੰਨਦੇ ਹਨ, ਪਰ ਉਹ ਉਸ ਦੇ ਰਾਜ ਦਾ ਸਾਥ ਦੇਣ ਲਈ ਤਿਆਰ ਨਹੀਂ ਹਨ ਕਿਉਂਕਿ ਉਹ ਆਪਣਾ ਅਹੁਦਾ ਜਾਂ ਅਧਿਕਾਰ ਨਹੀਂ ਛੱਡਣਾ ਚਾਹੁੰਦੇ। ਯਿਸੂ ਦੇ ਜ਼ਮਾਨੇ ਦੇ ਹਾਕਮਾਂ ਵਾਂਗ ਅੱਜ ਦੇ ਹਾਕਮ ਵੀ ਯਿਸੂ ਦੇ ਚੇਲਿਆਂ ਨੂੰ ਸਤਾਉਂਦੇ ਹਨ। ਇਸ ਤਰ੍ਹਾਂ ਉਹ ਯਹੋਵਾਹ ਦੇ ਚੁਣੇ ਹੋਏ ਰਾਜੇ ਦੇ ਖ਼ਿਲਾਫ਼ ਖੜ੍ਹੇ ਹੁੰਦੇ ਹਨ।—ਰਸੂ. 4:25-28.
ਫੁੱਟ ਪਈ ਦੁਨੀਆਂ ਵਿਚ ਨਿਰਪੱਖ ਰਹੋ
11 ਧਨ-ਦੌਲਤ। ਜੇ ਪੈਸਾ ਅਤੇ ਚੀਜ਼ਾਂ ਸਾਡੇ ਲਈ ਸਭ ਕੁਝ ਹਨ, ਤਾਂ ਪਰੀਖਿਆ ਦੌਰਾਨ ਸਾਡੇ ਲਈ ਨਿਰਪੱਖ ਰਹਿਣਾ ਔਖਾ ਹੋ ਸਕਦਾ ਹੈ। 1970 ਤੋਂ ਬਾਅਦ ਮਲਾਵੀ ਵਿਚ ਕੁਝ ਭੈਣਾਂ-ਭਰਾਵਾਂ ਲਈ ਉਦੋਂ ਨਿਰਪੱਖ ਰਹਿਣਾ ਔਖਾ ਹੋ ਗਿਆ ਜਦੋਂ ਉਨ੍ਹਾਂ ਨੂੰ ਸਤਾਇਆ ਗਿਆ ਸੀ। ਰੂਥ ਨਾਂ ਦੀ ਭੈਣ ਨੂੰ ਯਾਦ ਹੈ: “ਕਈ ਭੈਣ-ਭਰਾ ਆਪਣੀ ਐਸ਼ੋ-ਆਰਾਮ ਦੀ ਜ਼ਿੰਦਗੀ ਨਹੀਂ ਤਿਆਗ ਸਕੇ। ਕੁਝ ਭੈਣ-ਭਰਾ ਸਾਡੇ ਨਾਲ ਦੇਸ਼ ਵਿੱਚੋਂ ਕੱਢੇ ਗਏ ਸਨ। ਪਰ ਕੁਝ ਸਮੇਂ ਬਾਅਦ ਉਹ ਕਿਸੇ ਰਾਜਨੀਤਿਕ ਪਾਰਟੀ ਨਾਲ ਰਲ਼ ਗਏ ਕਿਉਂਕਿ ਉਹ ਸ਼ਰਨਾਰਥੀ ਕੈਂਪ ਵਿਚ ਤੰਗੀਆਂ ਸਹਿਣ ਲਈ ਤਿਆਰ ਨਹੀਂ ਸਨ।” ਪਰ ਉਸ ਸਮੇਂ ਅਤੇ ਅੱਜ ਵੀ ਯਹੋਵਾਹ ਦੇ ਜ਼ਿਆਦਾਤਰ ਸੇਵਕ ਉਨ੍ਹਾਂ ਵਰਗੇ ਨਹੀਂ ਹਨ। ਭਾਵੇਂ ਕਿ ਉਨ੍ਹਾਂ ਨੂੰ ਘੱਟ ਪੈਸਿਆਂ ਵਿਚ ਗੁਜ਼ਾਰਾ ਕਰਨਾ ਪਵੇ ਜਾਂ ਉਨ੍ਹਾਂ ਦਾ ਸਭ ਕੁਝ ਤਬਾਹ ਹੋ ਜਾਵੇ, ਫਿਰ ਵੀ ਉਹ ਨਿਰਪੱਖ ਰਹਿੰਦੇ ਹਨ।—ਇਬ. 10:34.
ਹੀਰੇ-ਮੋਤੀ
it-1 425
ਤੂੜੀ
ਤੂੜੀ ਪਤਲੇ ਜਿਹੇ ਛਿਲਕੇ ਹਨ ਜੋ ਅਨਾਜ ਦੇ ਦਾਣਿਆਂ ਜਿਵੇਂ ਕਿ ਜੌਂ ਅਤੇ ਕਣਕ ਦੇ ਦਾਣਿਆਂ ਦੀ ਸੁਰੱਖਿਆ ਕਰਦੇ ਹਨ। ਪੁਰਾਣੇ ਸਮਿਆਂ ਵਿਚ ਕਟਾਈ ਤੋਂ ਬਾਅਦ ਪਿੜ ਵਿਚ ਦਾਣਿਆਂ ਦੀ ਗਹਾਈ ਕੀਤੀ ਜਾਂਦੀ ਸੀ। ਇਸ ਦੌਰਾਨ ਦਾਣਿਆਂ ਨੂੰ ਕੁੱਟ ਕੇ ਕੱਢਿਆ ਜਾਂਦਾ ਸੀ ਅਤੇ ਤੂੜੀ ਨੂੰ ਵੱਖ ਕਰ ਦਿੱਤਾ ਜਾਂਦਾ ਸੀ। ਤੂੜੀ ਕਿਸੇ ਕੰਮ ਦੀ ਨਹੀਂ ਹੁੰਦੀ ਸੀ, ਇਸ ਕਰਕੇ ਇਹ ਬਿਲਕੁਲ ਬੇਕਾਰ ਸੀ। ਇਸ ਲਈ ਬਾਈਬਲ ਵਿਚ ਜਦੋਂ ਵੀ ਤੂੜੀ ਸ਼ਬਦ ਦਾ ਜ਼ਿਕਰ ਆਉਂਦਾ ਹੈ, ਤਾਂ ਇਹ ਅਕਸਰ ਇਸ ਗੱਲ ਨੂੰ ਦਰਸਾਉਣ ਲਈ ਕੀਤਾ ਜਾਂਦਾ ਹੈ ਕਿ ਕੋਈ ਚੀਜ਼ ਜਾਂ ਵਿਅਕਤੀ ਬੇਕਾਰ ਤੇ ਬੁਰਾ ਹੈ ਅਤੇ ਉਸ ਨੂੰ ਵੱਖ ਕਰਕੇ ਸੁੱਟ ਦਿੱਤਾ ਜਾਵੇਗਾ।
ਪਿੜ ਵਿਚ ਦਾਣਿਆਂ ਦੀ ਗਹਾਈ ਕਰਦੇ ਵੇਲੇ ਉਨ੍ਹਾਂ ਤੋਂ ਛਿਲਕੇ ਜਾਂ ਤੂੜੀ ਉੱਤਰ ਜਾਂਦੀ ਸੀ। ਫਿਰ ਜਦੋਂ ਉਨ੍ਹਾਂ ਨੂੰ ਛੱਟਿਆ ਜਾਂਦਾ ਸੀ, ਤਾਂ ਤੂੜੀ ਹਵਾ ਵਿਚ ਮਿੱਟੀ ਵਾਂਗ ਉੱਡ ਜਾਂਦੀ ਸੀ। ਇਸ ਮਿਸਾਲ ਤੋਂ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਕਿਵੇਂ ਧਰਮ-ਤਿਆਗੀਆਂ ਨੂੰ ਆਪਣੇ ਲੋਕਾਂ ਤੋਂ ਵੱਖ ਕਰਦਾ ਹੈ ਅਤੇ ਦੁਸ਼ਟ ਲੋਕਾਂ ਅਤੇ ਵਿਰੋਧੀ ਕੌਮਾਂ ਦਾ ਨਾਸ਼ ਕਰਦਾ ਹੈ। (ਅੱਯੂ 21:18; ਜ਼ਬੂ 1:4; 35:5; ਯਸਾ 17:13; 29:5; 41:15; ਹੋਸ਼ੇ 13:3) ਪਰਮੇਸ਼ੁਰ ਦਾ ਰਾਜ ਆਪਣੇ ਸਾਰੇ ਦੁਸ਼ਮਣਾਂ ਨੂੰ ਚੂਰ-ਚੂਰ ਕਰ ਦੇਵੇਗਾ ਅਤੇ ਉਨ੍ਹਾਂ ਨੂੰ ਤੂੜੀ ਵਾਂਗ ਹਵਾ ਵਿਚ ਉਡਾ ਦੇਵੇਗਾ।—ਦਾਨੀ 2:35.
ਅਕਸਰ ਬੇਕਾਰ ਤੂੜੀ ਨੂੰ ਸਾੜ ਦਿੱਤਾ ਜਾਂਦਾ ਸੀ, ਤਾਂ ਜੋ ਉਹ ਵਾਪਸ ਉੱਡ ਕੇ ਅਨਾਜ ਦੇ ਢੇਰ ਵਿਚ ਨਾ ਰਲ਼ ਜਾਵੇ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਭਵਿੱਖਬਾਣੀ ਕੀਤੀ ਕਿ ਝੂਠੇ ਧਰਮਾਂ ਦੇ ਦੁਸ਼ਟ ਲੋਕਾਂ ਦਾ ਵੀ ਇੱਦਾਂ ਹੀ ਨਾਸ਼ ਕਰ ਦਿੱਤਾ ਜਾਵੇਗਾ। ਅਨਾਜ ਦੀ ਗਹਾਈ ਕਰਨ ਵਾਲਾ ਯਿਸੂ ਮਸੀਹ ਨੂੰ ਦਰਸਾਉਂਦਾ ਹੈ, ਜੋ ਕਣਕ ਇਕੱਠੀ ਕਰੇਗਾ, ਪਰ ਉਹ “ਤੂੜੀ ਨੂੰ ਅੱਗ ਲਾ ਦੇਵੇਗਾ ਜਿਸ ਨੂੰ ਬੁਝਾਇਆ ਨਹੀਂ ਜਾ ਸਕਦਾ।”—ਮੱਤੀ 3:7-12; ਲੂਕਾ 3:17.
12-18 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 5–7
ਚਾਹੇ ਦੂਜੇ ਜੋ ਵੀ ਕਰਨ, ਫਿਰ ਵੀ ਯਹੋਵਾਹ ਦੇ ਵਫ਼ਾਦਾਰ ਰਹੋ
ਮੁਸ਼ਕਲਾਂ ਸਹਿਣ ਵਿਚ ਬਾਈਬਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?
7 ਕੀ ਤੁਹਾਡੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੇ ਤੁਹਾਡਾ ਭਰੋਸਾ ਤੋੜਿਆ ਹੈ? ਜੇ ਹਾਂ, ਤਾਂ ਰਾਜਾ ਦਾਊਦ ਦਾ ਬਿਰਤਾਂਤ ਪੜ੍ਹ ਕੇ ਤੁਹਾਨੂੰ ਫ਼ਾਇਦਾ ਹੋਵੇਗਾ। ਆਓ ਦੇਖੀਏ ਕਿ ਜਦੋਂ ਦਾਊਦ ਦੇ ਮੁੰਡੇ ਅਬਸ਼ਾਲੋਮ ਨੇ ਉਸ ਨੂੰ ਧੋਖਾ ਦਿੱਤਾ ਅਤੇ ਉਸ ਦੀ ਰਾਜ-ਗੱਦੀ ਹਥਿਆਉਣ ਦੀ ਕੋਸ਼ਿਸ਼ ਕੀਤੀ, ਤਾਂ ਦਾਊਦ ਨੇ ਕੀ ਕੀਤਾ।—2 ਸਮੂ. 15:5-14, 31; 18:6-14.
8 (1) ਪ੍ਰਾਰਥਨਾ ਕਰੋ। ਬਾਈਬਲ ਵਿੱਚੋਂ ਇਸ ਬਿਰਤਾਂਤ ਨੂੰ ਪੜ੍ਹਨ ਤੋਂ ਪਹਿਲਾਂ ਯਹੋਵਾਹ ਨੂੰ ਸਾਫ਼-ਸਾਫ਼ ਦੱਸੋ ਕਿ ਤੁਹਾਡੇ ਨਾਲ ਹੋਏ ਬੁਰੇ ਸਲੂਕ ਬਾਰੇ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ। (ਜ਼ਬੂ. 6:6-9) ਫਿਰ ਯਹੋਵਾਹ ਨੂੰ ਕਹੋ ਕਿ ਉਹ ਤੁਹਾਡੀ ਅਜਿਹੇ ਅਸੂਲ ਲੱਭਣ ਵਿਚ ਮਦਦ ਕਰੇ ਜਿਸ ਨਾਲ ਤੁਸੀਂ ਇਸ ਮੁਸ਼ਕਲ ਨੂੰ ਸਹਿ ਸਕੋ।
ਯਕੀਨ ਰੱਖੋ ਕਿ ਤੁਹਾਡੇ ਕੋਲ ਸੱਚਾਈ ਹੈ
3 ਸਾਡੀ ਨਿਹਚਾ ਸਿਰਫ਼ ਮਸੀਹ ਵਰਗੇ ਪਿਆਰ ʼਤੇ ਹੀ ਆਧਾਰਿਤ ਨਹੀਂ ਹੋਣੀ ਚਾਹੀਦੀ। ਕਿਉਂ? ਮੰਨ ਲਓ ਕਿ ਮੰਡਲੀ ਦਾ ਕੋਈ ਭੈਣ-ਭਰਾ, ਇੱਥੋਂ ਤਕ ਕਿ ਇਕ ਬਜ਼ੁਰਗ ਜਾਂ ਇਕ ਪਾਇਨੀਅਰ ਕੋਈ ਗੰਭੀਰ ਗ਼ਲਤੀ ਕਰਦਾ ਹੈ। ਜਾਂ ਉਦੋਂ ਕੀ ਜੇ ਕੋਈ ਭੈਣ ਜਾਂ ਭਰਾ ਤੁਹਾਨੂੰ ਠੇਸ ਪਹੁੰਚਾਉਂਦਾ ਹੈ? ਜਾਂ ਸ਼ਾਇਦ ਕੋਈ ਧਰਮ-ਤਿਆਗੀ ਬਣ ਜਾਂਦਾ ਹੈ ਅਤੇ ਇਹ ਦਾਅਵਾ ਕਰਦਾ ਹੈ ਕਿ ਸਾਡੇ ਕੋਲ ਸੱਚਾਈ ਨਹੀਂ ਹੈ। ਜੇ ਇਸ ਤਰ੍ਹਾਂ ਹੁੰਦਾ ਹੈ, ਤਾਂ ਕੀ ਤੁਸੀਂ ਠੋਕਰ ਖਾ ਕੇ ਪਰਮੇਸ਼ੁਰ ਦੀ ਸੇਵਾ ਕਰਨੀ ਛੱਡ ਦਿਓਗੇ? ਸਬਕ ਇਹ ਹੈ: ਜੇ ਤੁਸੀਂ ਆਪਣੀ ਨਿਹਚਾ ਦੀ ਉਸਾਰੀ ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਬਜਾਇ ਦੂਸਰਿਆਂ ਦੇ ਕੰਮਾਂ ਦੇ ਆਧਾਰ ʼਤੇ ਕਰੋਗੇ, ਤਾਂ ਤੁਹਾਡੀ ਨਿਹਚਾ ਪੱਕੀ ਨਹੀਂ ਹੋਵੇਗੀ। ਨਿਹਚਾ ਦਾ ਆਪਣਾ ਘਰ ਉਸਾਰਨ ਲਈ ਤੁਹਾਨੂੰ ਨਾ ਸਿਰਫ਼ ਨਰਮ ਸਾਮਾਨ ਵਰਤਣ ਦੀ ਲੋੜ ਹੈ ਜਿਵੇਂ ਕਿ ਭਾਵਨਾਵਾਂ ਅਤੇ ਜਜ਼ਬਾਤ, ਸਗੋਂ ਠੋਸ ਸਬੂਤ ਅਤੇ ਦਲੀਲਾਂ ਵੀ ਵਰਤਣ ਦੀ ਲੋੜ ਹੈ। ਤੁਹਾਨੂੰ ਖ਼ੁਦ ਨੂੰ ਯਕੀਨ ਦਿਵਾਉਣ ਦੀ ਲੋੜ ਹੈ ਕਿ ਬਾਈਬਲ ਵਿਚ ਯਹੋਵਾਹ ਬਾਰੇ ਸੱਚਾਈ ਦੱਸੀ ਗਈ ਹੈ।—ਰੋਮੀ. 12:2.
4 ਯਿਸੂ ਨੇ ਕਿਹਾ ਸੀ ਕਿ ਕੁਝ ਲੋਕ ਸੱਚਾਈ ਨੂੰ “ਖ਼ੁਸ਼ੀ ਨਾਲ” ਸਵੀਕਾਰ ਕਰਨਗੇ, ਪਰ ਅਜ਼ਮਾਇਸ਼ਾਂ ਆਉਣ ਤੇ ਉਨ੍ਹਾਂ ਦੀ ਨਿਹਚਾ ਮੁਰਝਾ ਜਾਵੇਗੀ। (ਮੱਤੀ 13:3-6, 20, 21 ਪੜ੍ਹੋ।) ਸ਼ਾਇਦ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਯਿਸੂ ਪਿੱਛੇ ਚੱਲਣ ਕਰਕੇ ਉਨ੍ਹਾਂ ਨੂੰ ਚੁਣੌਤੀਆਂ ਅਤੇ ਮੁਸ਼ਕਲਾਂ ਆਉਣਗੀਆਂ। (ਮੱਤੀ 16:24) ਜਾਂ ਸ਼ਾਇਦ ਉਹ ਸੋਚਦੇ ਸਨ ਕਿ ਮਸੀਹੀ ਬਣਨ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਕੋਈ ਮੁਸ਼ਕਲ ਨਹੀਂ ਆਉਣੀ ਸੀ, ਸਗੋਂ ਸਿਰਫ਼ ਬਰਕਤਾਂ ਦੀ ਬਰਸਾਤ ਹੋਣੀ ਸੀ। ਪਰ ਇਸ ਦੁਨੀਆਂ ਵਿਚ ਚੁਣੌਤੀਆਂ ਤਾਂ ਆਉਣੀਆਂ ਹੀ ਹਨ। ਸਾਡੇ ਹਾਲਾਤ ਬਦਲ ਸਕਦੇ ਹਨ ਜਿਸ ਕਰਕੇ ਕੁਝ ਸਮੇਂ ਲਈ ਸਾਡੀ ਖ਼ੁਸ਼ੀ ਖੰਭ ਲਾ ਕੇ ਉੱਡ ਸਕਦੀ ਹੈ।—ਜ਼ਬੂ. 6:6; ਉਪ. 9:11.
ਹੀਰੇ-ਮੋਤੀ
it-1 995
ਕਬਰ
ਰੋਮੀਆਂ 3:13 ਵਿਚ ਪੌਲੁਸ ਨੇ ਜ਼ਬੂਰ 5:9 ਦਾ ਹਵਾਲਾ ਦਿੱਤਾ। ਉਸ ਨੇ ਦੁਸ਼ਟ ਅਤੇ ਧੋਖੇਬਾਜ਼ ਲੋਕਾਂ ਦੇ ਗਲ਼ੇ ਦੀ ਤੁਲਨਾ “ਖੁੱਲ੍ਹੀ ਕਬਰ” ਨਾਲ ਕੀਤੀ। ਜਿਵੇਂ ਖੁੱਲ੍ਹੀ ਕਬਰ ਵਿਚ ਲਾਸ਼ ਸੁੱਟੀ ਜਾਂਦੀ ਹੈ ਜੋ ਉੱਥੇ ਗਲ਼-ਸੜ ਜਾਂਦੀ ਹੈ, ਉਸੇ ਤਰ੍ਹਾਂ ਉਨ੍ਹਾਂ ਦੇ ਗਲ਼ੇ ਵਿੱਚੋਂ ਖ਼ਤਰਨਾਕ ਅਤੇ ਗਲ਼ੀਆਂ-ਸੜੀਆਂ ਗੱਲਾਂ ਨਿਕਲਦੀਆਂ ਹਨ।—ਮੱਤੀ 15:18-20.
19-25 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 8–10
‘ਹੇ ਯਹੋਵਾਹ, ਮੈਂ ਤੇਰਾ ਗੁਣਗਾਨ ਕਰਾਂਗਾ!’
ਯਹੋਵਾਹ ਦੇ ਪਰਿਵਾਰ ਵਿਚ ਤੁਹਾਡੀ ਅਹਿਮੀਅਤ ਹੈ
6 ਯਹੋਵਾਹ ਨੇ ਸਾਡੇ ਲਈ ਇਕ ਸੋਹਣਾ ਘਰ ਬਣਾਇਆ। ਪਹਿਲੇ ਇਨਸਾਨ ਨੂੰ ਬਣਾਉਣ ਤੋਂ ਬਹੁਤ ਸਮਾਂ ਪਹਿਲਾਂ ਯਹੋਵਾਹ ਨੇ ਇਨਸਾਨਾਂ ਦੇ ਰਹਿਣ ਲਈ ਧਰਤੀ ਨੂੰ ਤਿਆਰ ਕੀਤਾ। (ਅੱਯੂ. 38:4-6; ਯਿਰ. 10:12) ਯਹੋਵਾਹ ਨੇ ਸਾਰਾ ਕੁਝ ਬਹੁਤ ਸੋਚ-ਸਮਝ ਕੇ ਬਣਾਇਆ। ਫਿਰ ਉਸ ਨੇ ਆਪਣੀਆਂ ਬਣਾਈਆਂ ਸਾਰੀਆਂ ਚੀਜ਼ਾਂ ʼਤੇ ਸੋਚ-ਵਿਚਾਰ ਕੀਤਾ ਅਤੇ “ਦੇਖਿਆ ਕਿ ਇਹ ਵਧੀਆ ਸੀ।” (ਉਤ. 1:10, 12, 31) ਉਸ ਨੇ ਇਨਸਾਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਤਾਂਕਿ ਉਹ ਖ਼ੁਸ਼ ਰਹਿਣ। ਇਸ ਤੋਂ ਉਸ ਦੀ ਦਰਿਆਦਿਲੀ ਦਾ ਸਬੂਤ ਮਿਲਦਾ ਹੈ। (ਜ਼ਬੂ. 104:14, 15, 24) ਨਾਲੇ ਯਹੋਵਾਹ ਨੇ ਜੋ ਸ਼ਾਨਦਾਰ ਚੀਜ਼ਾਂ ਬਣਾਈਆਂ ਸਨ, ਉਨ੍ਹਾਂ ʼਤੇ ਇਨਸਾਨਾਂ ਨੂੰ “ਅਧਿਕਾਰ” ਦੇ ਕੇ ਉਸ ਨੇ ਉਨ੍ਹਾਂ ਨੂੰ ਮਾਣ ਬਖ਼ਸ਼ਿਆ। (ਜ਼ਬੂ. 8:6) ਯਹੋਵਾਹ ਹਾਲੇ ਵੀ ਚਾਹੁੰਦਾ ਹੈ ਕਿ ਭਵਿੱਖ ਵਿਚ ਮੁਕੰਮਲ ਇਨਸਾਨ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਇਨ੍ਹਾਂ ਚੀਜ਼ਾਂ ਦੀ ਦੇਖ-ਭਾਲ ਕਰਨ। ਕੀ ਤੁਸੀਂ ਅਕਸਰ ਇਸ ਸ਼ਾਨਦਾਰ ਵਾਅਦੇ ਲਈ ਯਹੋਵਾਹ ਦਾ ਧੰਨਵਾਦ ਕਰਦੇ ਹੋ?
ਕੀ ਤੁਸੀਂ ਪਰਮੇਸ਼ੁਰ ਤੋਂ ਮਿਲੇ ਤੋਹਫ਼ਿਆਂ ਦੀ ਕਦਰ ਕਰਦੇ ਹੋ?
10 ਆਪਣੀ ਬੋਲਣ ਦੀ ਕਾਬਲੀਅਤ ਲਈ ਕਦਰ ਦਿਖਾਉਣ ਦਾ ਇਕ ਤਰੀਕਾ ਹੈ ਕਿ ਅਸੀਂ ਵਿਕਾਸਵਾਦ ਦੀ ਸਿੱਖਿਆ ਮੰਨਣ ਵਾਲਿਆਂ ਨੂੰ ਦੱਸੀਏ ਕਿ ਅਸੀਂ ਸ੍ਰਿਸ਼ਟੀਕਰਤਾ ਵਿਚ ਕਿਉਂ ਵਿਸ਼ਵਾਸ ਕਰਦੇ ਹਾਂ। (ਜ਼ਬੂ. 9:1; 1 ਪਤ. 3:15) ਵਿਕਾਸਵਾਦ ਦੀ ਸਿੱਖਿਆ ਨੂੰ ਮੰਨਣ ਵਾਲੇ ਕਹਿੰਦੇ ਹਨ ਕਿ ਧਰਤੀ ਅਤੇ ਇਸ ਦੇ ਜੀਵ-ਜੰਤੂ ਅਚਾਨਕ ਆਪਣੇ ਆਪ ਹੀ ਬਣ ਗਏ। ਬਾਈਬਲ ਅਤੇ ਇਸ ਲੇਖ ਵਿਚ ਚਰਚਾ ਕੀਤੀਆਂ ਗਈਆਂ ਗੱਲਾਂ ਨੂੰ ਵਰਤ ਕੇ ਅਸੀਂ ਆਪਣੇ ਸਵਰਗੀ ਪਿਤਾ ਦਾ ਪੱਖ ਲੈ ਸਕਦੇ ਹਾਂ। ਜਿਹੜੇ ਲੋਕ ਸੁਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਅਸੀਂ ਦੱਸ ਸਕਦੇ ਹਾਂ ਕਿ ਅਸੀਂ ਯਹੋਵਾਹ ਨੂੰ ਸਵਰਗ ਅਤੇ ਧਰਤੀ ਦਾ ਸ੍ਰਿਸ਼ਟੀਕਰਤਾ ਕਿਉਂ ਮੰਨਦੇ ਹਾਂ।—ਜ਼ਬੂ. 102:25; ਯਸਾ. 40:25, 26.
ਤੁਸੀਂ ‘ਬੋਲੀ ਵਿਚ ਚੰਗੀ ਮਿਸਾਲ ਕਾਇਮ ਕਰੋ’
13 ਦਿਲੋਂ ਗੀਤ ਗਾਓ। ਜਦੋਂ ਵੀ ਅਸੀਂ ਰਾਜ ਦੇ ਗੀਤ ਗਾਉਂਦੇ ਹਾਂ, ਤਾਂ ਸਾਡਾ ਮੁੱਖ ਟੀਚਾ ਯਹੋਵਾਹ ਦੀ ਮਹਿਮਾ ਕਰਨਾ ਹੋਣਾ ਚਾਹੀਦਾ ਹੈ। ਸਾਰਾ ਨਾਂ ਦੀ ਭੈਣ ਨੂੰ ਪਤਾ ਹੈ ਕਿ ਉਸ ਨੂੰ ਵਧੀਆ ਢੰਗ ਨਾਲ ਗੀਤ ਨਹੀਂ ਗਾਉਣੇ ਆਉਂਦੇ, ਪਰ ਫਿਰ ਵੀ ਉਹ ਗੀਤ ਗਾ ਕੇ ਯਹੋਵਾਹ ਦੀ ਮਹਿਮਾ ਕਰਨੀ ਚਾਹੁੰਦੀ ਹੈ। ਇਸ ਲਈ ਜਿਸ ਤਰ੍ਹਾਂ ਉਹ ਮੀਟਿੰਗਾਂ ਦੇ ਬਾਕੀ ਭਾਗਾਂ ਦੀ ਤਿਆਰ ਕਰਦੀ ਹੈ, ਉਸੇ ਤਰ੍ਹਾਂ ਉਹ ਗੀਤ ਗਾਉਣ ਦੀ ਵੀ ਤਿਆਰੀ ਕਰਦੀ ਹੈ। ਗੀਤ ਗਾਉਣ ਦੀ ਤਿਆਰੀ ਕਰਦਿਆਂ ਉਹ ਇਹ ਦੇਖਣ ਦੀ ਕੋਸ਼ਿਸ਼ ਕਰਦੀ ਹੈ ਕਿ ਗੀਤ ਦੇ ਕਿਹੜੇ ਬੋਲ ਮੀਟਿੰਗ ਦੇ ਭਾਗ ਨਾਲ ਜੁੜੇ ਹਨ। ਉਹ ਕਹਿੰਦੀ ਹੈ: “ਇਸ ਤਰ੍ਹਾਂ ਮੇਰਾ ਧਿਆਨ ਗੀਤ ਦੇ ਬੋਲਾਂ ʼਤੇ ਹੁੰਦਾ ਹੈ, ਨਾ ਕਿ ਇਸ ਗੱਲ ʼਤੇ ਕਿ ਮੈਂ ਕਿਵੇਂ ਗਾ ਰਹੀ ਹਾਂ।”
ਹੀਰੇ-ਮੋਤੀ
it-1 832
ਉਂਗਲੀ
ਬਾਈਬਲ ਦੀਆਂ ਕਈ ਆਇਤਾਂ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਨੇ ਵੱਖੋ-ਵੱਖਰੇ ਕੰਮ ਕਰਨ ਲਈ ਆਪਣੇ ਹੱਥ ਦੀ “ਉਂਗਲ” ਨੂੰ ਵਰਤਿਆ। ਉਦਾਹਰਣ ਲਈ, ਦਸ ਹੁਕਮ ਲਿਖਣ ਲਈ (ਕੂਚ 31:18; ਬਿਵ 9:10), ਚਮਤਕਾਰ ਕਰਨ ਲਈ (ਕੂਚ 8:18, 19) ਅਤੇ ਆਕਾਸ਼ ਬਣਾਉਣ ਲਈ (ਜ਼ਬੂ 8:3)। ਜਦੋਂ ਕਿਹਾ ਜਾਂਦਾ ਹੈ ਕਿ ਪਰਮੇਸ਼ੁਰ ਨੇ ਆਪਣੀ “ਉਂਗਲ” ਨਾਲ ਸ੍ਰਿਸ਼ਟੀ ਕੀਤੀ, ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਆਪਣੀ ਪਵਿੱਤਰ ਸ਼ਕਤੀ (ਰੂਆਖ) ਨੂੰ ਵਰਤਿਆ। ਇਹ ਗੱਲ ਸਾਨੂੰ ਉਤਪਤ ਦੀ ਕਿਤਾਬ ਤੋਂ ਪਤਾ ਲੱਗਦੀ ਹੈ, ਜਿੱਥੇ ਦੱਸਿਆ ਗਿਆ ਹੈ ਕਿ ਪਾਣੀਆਂ ਉੱਤੇ ਪਰਮੇਸ਼ੁਰ ਦੀ ਸ਼ਕਤੀ ਕੰਮ ਕਰ ਰਹੀ ਸੀ। (ਉਤ 1:2) ਮਸੀਹੀ ਯੂਨਾਨੀ ਲਿਖਤਾਂ ਤੋਂ ਸਾਨੂੰ ਇਸ ਦੀ ਹੋਰ ਵੀ ਜ਼ਿਆਦਾ ਸਮਝ ਮਿਲਦੀ ਹੈ। ਮੱਤੀ ਦੀ ਕਿਤਾਬ ਵਿਚ ਲਿਖਿਆ ਹੈ ਕਿ ਯਿਸੂ ‘ਪਰਮੇਸ਼ੁਰ ਦੀ ਪਵਿੱਤਰ ਸ਼ਕਤੀ’ ਨਾਲ ਦੁਸ਼ਟ ਦੂਤ ਕੱਢਦਾ ਹੈ ਅਤੇ ਲੂਕਾ ਦੀ ਕਿਤਾਬ ਵਿਚ ਲਿਖਿਆ ਹੈ ਕਿ ਉਹ “ਪਰਮੇਸ਼ੁਰ ਦੀ ਉਂਗਲ” ਨਾਲ ਅਜਿਹਾ ਕਰਦਾ ਹੈ।—ਮੱਤੀ 12:28; ਲੂਕਾ 11:20.
26 ਫਰਵਰੀ–3 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 11–15
ਕਲਪਨਾ ਕਰੋ ਕਿ ਤੁਸੀਂ ਨਵੀਂ ਦੁਨੀਆਂ ਵਿਚ ਹੋ ਜਿੱਥੇ ਹਰ ਪਾਸੇ ਸ਼ਾਂਤੀ ਹੈ
ਜ਼ਬੂਰਾਂ ਦੀ ਪੋਥੀ ਦੇ ਪਹਿਲੇ ਭਾਗ ਦੇ ਕੁਝ ਖ਼ਾਸ ਨੁਕਤੇ
11:3—ਕਿਹੜੀਆਂ ਨੀਂਹਾਂ ਢਾਹੀਆਂ ਗਈਆਂ ਹਨ? ਇਹ ਉਹ ਨੀਂਹਾਂ ਹਨ ਜਿਨ੍ਹਾਂ ਉੱਤੇ ਮਨੁੱਖੀ ਸਮਾਜ ਟਿਕਿਆ ਹੋਇਆ ਹੈ ਯਾਨੀ ਨਿਆਂ, ਕਾਨੂੰਨ ਅਤੇ ਵਿਵਸਥਾ। ਜਦ ਇਨ੍ਹਾਂ ਨੀਂਹਾਂ ਵਿਚ ਵਿਗਾੜ ਆਉਂਦਾ ਹੈ, ਤਾਂ ਸਮਾਜ ਬਿਖਰ ਜਾਂਦਾ ਹੈ ਤੇ ਕਿਸੇ ਨੂੰ ਨਿਆਂ ਨਹੀਂ ਮਿਲਦਾ। ਇਨ੍ਹਾਂ ਹਾਲਾਤਾਂ ਵਿਚ “ਧਰਮੀ” ਨੂੰ ਯਹੋਵਾਹ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ।—ਜ਼ਬੂਰਾਂ ਦੀ ਪੋਥੀ 11:4-7.
ਕੀ ਹਿੰਸਾ ਤੋਂ ਬਗੈਰ ਦੁਨੀਆਂ ਹੋ ਸਕਦੀ ਹੈ?
ਬਾਈਬਲ ਵਾਅਦਾ ਕਰਦੀ ਹੈ ਕਿ ਰੱਬ ਜਲਦੀ ਹੀ ਇਸ ਧਰਤੀ ਉੱਤੋਂ ਹਿੰਸਾ ਖ਼ਤਮ ਕਰੇਗਾ। ਅੱਜ ਦੀ ਹਿੰਸਕ ਦੁਨੀਆਂ ਪਰਮੇਸ਼ੁਰ ਵੱਲੋਂ “ਦੁਸ਼ਟ ਲੋਕਾਂ ਦੇ ਨਿਆਂ ਅਤੇ ਵਿਨਾਸ਼ ਦੇ ਦਿਨ” ਦਾ ਸਾਮ੍ਹਣਾ ਕਰੇਗੀ। (2 ਪਤਰਸ 3:5-7) ਫਿਰ ਕਦੇ ਵੀ ਹਿੰਸਕ ਲੋਕ ਦੂਜਿਆਂ ਨੂੰ ਤੰਗ ਨਹੀਂ ਕਰਨਗੇ। ਸਾਨੂੰ ਕਿਵੇਂ ਯਕੀਨ ਹੋ ਸਕਦਾ ਹੈ ਕਿ ਰੱਬ ਦਖ਼ਲ ਦੇ ਕੇ ਹਿੰਸਾ ਨੂੰ ਖ਼ਤਮ ਕਰਨਾ ਚਾਹੁੰਦਾ ਹੈ?
ਬਾਈਬਲ ਦੱਸਦੀ ਹੈ ਕਿ ਰੱਬ “ਹਿੰਸਾ ਪਰਸਤਾਂ ਨੂੰ ਦਿਲੋਂ ਘਿਰਣਾ ਕਰਦਾ ਹੈ।” (ਭਜਨ 11:5, CL) ਸਾਡਾ ਸਿਰਜਣਹਾਰ ਸ਼ਾਂਤੀ ਤੇ ਇਨਸਾਫ਼-ਪਸੰਦ ਹੈ। (ਜ਼ਬੂਰਾਂ ਦੀ ਪੋਥੀ 33:5; 37:28) ਇਸ ਕਰਕੇ ਉਹ ਹਮੇਸ਼ਾ ਲਈ ਹਿੰਸਕ ਲੋਕਾਂ ਨੂੰ ਬਰਦਾਸ਼ਤ ਨਹੀਂ ਕਰੇਗਾ।
ਕੀ ਤੁਸੀਂ ਧੀਰਜ ਨਾਲ ਉਡੀਕ ਕਰਦੇ ਹੋ?
15 ਦਾਊਦ ਉਡੀਕ ਕਰਨ ਲਈ ਕਿਉਂ ਤਿਆਰ ਸੀ? ਇਸ ਦਾ ਜਵਾਬ ਅਸੀਂ 13ਵੇਂ ਜ਼ਬੂਰ ਵਿੱਚੋਂ ਪੜ੍ਹ ਸਕਦੇ ਹਾਂ, ਜਿੱਥੇ ਉਸ ਨੇ ਚਾਰ ਵਾਰ ਇਹ ਪੁੱਛਿਆ: “ਕਦ ਤੀਕ?” ਉਹ ਕਹਿੰਦਾ ਹੈ: “ਪਰ ਮੈਂ ਤੇਰੀ ਦਯਾ ਉੱਤੇ ਭਰੋਸਾ ਰੱਖਿਆ ਹੈ, ਮੇਰਾ ਮਨ ਤੇਰੇ ਬਚਾਓ ਉੱਤੇ ਖੁਸ਼ੀ ਮਨਾਵੇਗਾ। ਮੈਂ ਯਹੋਵਾਹ ਲਈ ਗਾਵਾਂਗਾ, ਉਸ ਨੇ ਮੇਰੇ ਉੱਤੇ ਪਰਉਪਕਾਰ ਜੋ ਕੀਤਾ ਹੈ।” (ਜ਼ਬੂ. 13:5, 6) ਦਾਊਦ ਜਾਣਦਾ ਸੀ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਸੀ ਅਤੇ ਉਸ ਦਾ ਸਾਥ ਕਦੇ ਨਹੀਂ ਛੱਡੇਗਾ। ਦਾਊਦ ਨੇ ਉਨ੍ਹਾਂ ਸਮਿਆਂ ਨੂੰ ਯਾਦ ਕੀਤਾ ਜਦੋਂ ਯਹੋਵਾਹ ਨੇ ਉਸ ਦੀ ਮਦਦ ਕੀਤੀ ਅਤੇ ਉਹ ਉਸ ਦਿਨ ਦੀ ਉਡੀਕ ਕਰਦਾ ਰਿਹਾ ਜਦੋਂ ਯਹੋਵਾਹ ਉਸ ਦੇ ਸਾਰੇ ਦੁੱਖਾਂ ਦਾ ਖ਼ਾਤਮਾ ਕਰੇਗਾ। ਦਾਊਦ ਜਾਣਦਾ ਸੀ ਕਿ ਯਹੋਵਾਹ ਦੀ ਉਡੀਕ ਕਰਨੀ ਬੇਕਾਰ ਨਹੀਂ ਸੀ।
kr 236 ਪੈਰਾ 16
ਪਰਮੇਸ਼ੁਰ ਦਾ ਰਾਜ ਧਰਤੀ ʼਤੇ ਉਸ ਦੀ ਮਰਜ਼ੀ ਪੂਰੀ ਕਰੇਗਾ
16 ਸੁਰੱਖਿਆ। ਅਖ਼ੀਰ ਯਸਾਯਾਹ 11:6-9 ਵਿਚ ਲਿਖੇ ਸੋਹਣੇ ਸ਼ਬਦ ਸੱਚ-ਮੁੱਚ ਪੂਰੇ ਹੋਣਗੇ ਅਤੇ ਉਹ ਵੀ ਹਰ ਪੱਖੋਂ। ਆਦਮੀ, ਔਰਤ ਅਤੇ ਬੱਚੇ ਸਾਰੇ ਜਣੇ ਸੁਰੱਖਿਅਤ ਰਹਿਣਗੇ। ਉਹ ਚਾਹੇ ਧਰਤੀ ਦੇ ਕਿਸੇ ਵੀ ਕੋਨੇ ਵਿਚ ਜਾਣ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੋਵੇਗਾ, ਨਾ ਜਾਨਵਰਾਂ ਤੋਂ ਅਤੇ ਨਾ ਹੀ ਇਨਸਾਨਾਂ ਤੋਂ। ਜ਼ਰਾ ਉਸ ਸਮੇਂ ਦੀ ਕਲਪਨਾ ਕਰੋ ਜਦੋਂ ਸਾਰੀ ਧਰਤੀ ਤੁਹਾਡਾ ਘਰ ਹੋਵੇਗੀ, ਤੁਸੀਂ ਨਦੀਆਂ, ਤਲਾਬਾਂ ਅਤੇ ਸਮੁੰਦਰਾਂ ਵਿਚ ਤੈਰ ਸਕੋਗੇ, ਪਹਾੜਾਂ ʼਤੇ ਚੜ੍ਹ ਸਕੋਗੇ ਅਤੇ ਮੈਦਾਨਾਂ ਵਿਚ ਘੁੰਮ ਸਕੋਗੇ ਅਤੇ ਤੁਹਾਨੂੰ ਕਿਸੇ ਵੀ ਗੱਲ ਦਾ ਡਰ ਨਹੀਂ ਹੋਵੇਗਾ। ਰਾਤ ਨੂੰ ਵੀ ਤੁਸੀਂ ਨਹੀਂ ਡਰੋਗੇ। ਹਿਜ਼ਕੀਏਲ 34:25 ਦੇ ਸ਼ਬਦ ਸੱਚ ਹੋਣਗੇ। ਪਰਮੇਸ਼ੁਰ ਦੇ ਲੋਕ ‘ਉਜਾੜ ਵਿਚ ਸੁਰੱਖਿਅਤ ਵੱਸਣਗੇ ਅਤੇ ਜੰਗਲਾਂ ਵਿਚ ਸੌਂ ਸਕਣਗੇ।’
ਹੀਰੇ-ਮੋਤੀ
ਕੀ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਿਆ ਹੈ?
12 ਜਿਨ੍ਹਾਂ ਲੋਕਾਂ ਦਾ ਜ਼ਿਕਰ ਪੌਲੁਸ ਨੇ ਕੀਤਾ ਸੀ, ਉੱਦਾਂ ਦੇ ਲੋਕ ਅੱਜ ਸਾਡੇ ਆਲੇ-ਦੁਆਲੇ ਵੀ ਰਹਿੰਦੇ ਹਨ। ਉਹ ਸੋਚਦੇ ਹਨ ਕਿ ਅਸੂਲਾਂ ਮੁਤਾਬਕ ਚੱਲਣ ਵਾਲੇ ਲੋਕ ਪੁਰਾਣੇ ਖ਼ਿਆਲਾਂ ਦੇ ਹਨ ਅਤੇ ਕਿਸੇ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਆਪਣੇ ਅਸੂਲ ਉਨ੍ਹਾਂ ʼਤੇ ਥੋਪੇ। ਕਈ ਟੀਚਰ ਤੇ ਮਾਪੇ ਬੱਚਿਆਂ ਨੂੰ ਆਪਣੀ ਮਨ-ਮਰਜ਼ੀ ਕਰਨ ਦੀ ਖੁੱਲ੍ਹੀ ਛੁੱਟੀ ਦਿੰਦੇ ਹਨ। ਉਹ ਉਨ੍ਹਾਂ ਨੂੰ ਇਹ ਵੀ ਸਿਖਾਉਂਦੇ ਹਨ ਕਿ ਉਹ ਆਪ ਸਹੀ-ਗ਼ਲਤ ਦਾ ਫ਼ੈਸਲਾ ਕਰ ਸਕਦੇ ਹਨ। ਅਜਿਹੇ ਲੋਕ ਮੰਨਦੇ ਹਨ ਕਿ ਸਹੀ ਤੇ ਗ਼ਲਤ ਵਿਚ ਫ਼ਰਕ ਨਹੀਂ ਜਾਣਿਆ ਜਾ ਸਕਦਾ। ਨਾਲੇ ਰੱਬ ਨੂੰ ਮੰਨਣ ਵਾਲੇ ਕਈ ਲੋਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਸ ਦੇ ਹੁਕਮਾਂ ਮੁਤਾਬਕ ਚੱਲਣ ਦੀ ਕੋਈ ਲੋੜ ਨਹੀਂ ਹੈ। (ਜ਼ਬੂ. 14:1) ਪਰ ਅਜਿਹੀ ਸੋਚ ਮਸੀਹੀਆਂ ਲਈ ਖ਼ਤਰਾ ਸਾਬਤ ਹੋ ਸਕਦੀ ਹੈ। ਜੇ ਅਸੀਂ ਚੌਕਸ ਨਹੀਂ ਰਹਿੰਦੇ, ਤਾਂ ਸ਼ਾਇਦ ਅਸੀਂ ਵੀ ਪਰਮੇਸ਼ੁਰ ਦੇ ਸੰਗਠਨ ਵੱਲੋਂ ਮਿਲਦੀਆਂ ਹਿਦਾਇਤਾਂ ਨੂੰ ਮੰਨਣਾ ਛੱਡ ਦੇਈਏ ਅਤੇ ਉਸ ਵੱਲੋਂ ਕੀਤੇ ਗਏ ਇੰਤਜ਼ਾਮਾਂ ਵਿਚ ਨੁਕਸ ਕੱਢਣ ਲੱਗ ਪਈਏ। ਜਾਂ ਸ਼ਾਇਦ ਅਸੀਂ ਮਨੋਰੰਜਨ, ਇੰਟਰਨੈੱਟ ਅਤੇ ਹੋਰ ਪੜ੍ਹਾਈ-ਲਿਖਾਈ ਕਰਨ ਬਾਰੇ ਬਾਈਬਲ ਦੀ ਸਲਾਹ ਨਾਲ ਸਹਿਮਤ ਨਾ ਹੋਈਏ।